

ਨਾਲ ਭਰ ਜਾਂਦਾ ਸੀ ਤਾਂ ਬਲਦਾਂ ਦੀ ਜੋੜੀ ਨਾਲ ਭਰੇ ਕੋਹ ਨੂੰ ਖੂਹ ਵਿਚੋਂ ਬਾਹਰ ਕੱਢਿਆ ਜਾਂਦਾ ਸੀ। ਮੌਣ ਦੇ ਕੋਲ ਖੜਾ ਬੰਦਾ ਕੋਹ ਨੂੰ ਫੜ ਕੇ ਚੁਬੱਚੇ/ਔਲੂ ਵਿਚ ਉਲਟਾਉਂਦਾ ਸੀ। ਔਲੂ ਚੂਨੇ ਨਾਲ ਬਣਾਇਆ ਹੁੰਦਾ ਸੀ। ਔਲੂ ਖੂਹ ਦੀ ਮੌਣ ਦੇ ਬਿਲਕੁਲ ਨਾਲ ਹੀ ਬਣਾਇਆ ਜਾਂਦਾ ਸੀ। ਔਲੂ ਦਾ ਖੂਹ ਦੀ ਮੌਣ ਦੇ ਨਾਲ ਲੱਗਦਾ ਹਿੱਸਾ ਉੱਚਾ ਹੁੰਦਾ ਸੀ ਤੇ ਫੇਰ ਇਹ ਨੀਮਾ ਹੁੰਦਾ ਜਾਂਦਾ ਸੀ ਤਾਂ ਜੋ ਕੋਹ ਦਾ ਪਾਣੀ ਰੋੜ੍ਹ ਨਾਲ ਛੇਤੀ ਖੇਤ ਵਿਚ ਪਹੁੰਚੇ। ਕੋਹ ਨੂੰ ਫੜਨਾ ਤੇ ਔਲੂ ਵਿਚ ਉਲਟਾਉਣਾ ਤਕੜੇ ਬੰਦੇ ਦਾ ਕੰਮ ਹੁੰਦਾ ਸੀ। ਉਨ੍ਹਾਂ ਸਮਿਆਂ ਵਿਚ ਸਾਰੇ ਹੀ ਬੰਦੇ ਤਕੜੇ ਹੁੰਦੇ ਸਨ। ਖ਼ੁਰਾਕਾਂ ਚੰਗੀਆਂ ਖਾਂਦੇ ਸਨ।
ਕੋਹਾਂ ਤੋਂ ਬਾਅਦ ਫੇਰ ਹਲਟ ਲੱਗਣ ਲੱਗੇ। ਪਹਿਲਾਂ ਹਲਟਾਂ ਦੇ ਵੈੜ ਲੱਕੜ ਦੇ ਹੁੰਦੇ ਸਨ। ਟਿੰਡਾਂ ਮਿੱਟੀ ਦੀਆਂ ਹੁੰਦੀਆਂ ਸਨ। ਫੇਰ ਹਲਟ ਸਾਰੇ ਦਾ ਸਾਰਾ ਲੋਹੇ ਦਾ ਬਣਨ ਲਗਿਆ। ਫੇਰ ਖੂਹਾਂ ਵਿਚ ਇੰਜਣਾਂ ਨਾਲ ਚੱਲਣ ਵਾਲੇ ਟਿਊਬੈਲ ਲੱਗੇ। ਉਸ ਤੋਂ ਬਾਅਦ ਖੂਹੀਆਂ ਉਸਾਰ ਕੇ ਟਿਊਬੈਲ ਲੱਗੇ। ਫੇਰ ਇੰਜਣਾਂ ਦੀ ਥਾਂ ਬਿਜਲੀ ਦੀਆਂ ਮੋਟਰਾਂ ਆ ਗਈਆਂ । ਹੁਣ ਪਾਣੀ ਐਨਾ ਦੂਰ ਹੋ ਗਿਆ ਹੈ ਕਿ ਸਮਰਸੀਬਲ ਪੰਪਾਂ ਨਾਲ ਹੀ ਪਾਣੀ ਕੱਢਿਆ ਜਾ ਸਕਦਾ ਹੈ।
ਹਲਟ
ਖੂਹ ਵਿਚੋਂ ਟਿੰਡਾਂ ਰਾਹੀਂ ਜਿਸ ਮਸ਼ੀਨਰੀ ਨਾਲ ਪਾਣੀ ਕੱਢਿਆ ਜਾਂਦਾ ਸੀ, ਉਸ ਨੂੰ ਹਲਟ ਕਿਹਾ ਜਾਂਦਾ ਸੀ। ਅੱਜ ਮਾਲਵੇ ਦੇ ਕਿਸੇ ਵੀ ਪਿੰਡ ਵਿਚ ਤੁਹਾਨੂੰ ਹਲਟ ਨਹੀਂ ਮਿਲੇਗਾ। ਦੁਆਬੇ ਅਤੇ ਮਾਝੇ ਦੇ ਪਿੰਡ ਜਿਹੜੇ ਦਰਿਆਵਾਂ ਦੇ ਨੇੜੇ ਹਨ, ਉਥੇ ਕਿਸੇ ਨਾ ਕਿਸੇ ਪਿੰਡ ਵਿਚ ਅੱਜ ਵੀ ਤੁਹਾਨੂੰ ਹਲਟ ਚਲਦਾ ਮਿਲ ਜਾਵੇਗਾ। ਕੋਈ ਸਮਾਂ ਸੀ ਜਦ ਪੰਜਾਬ ਦੀ ਬਾਰੀ ਖੇਤੀ ਬਾਰਸ਼ਾਂ ਤੇ ਨਿਰਭਰ ਹੁੰਦੀ ਸੀ। ਫੇਰ ਖੂਹ ਲੱਗਣ ਤੇ ਹਲਟਾਂ ਦੀ ਸਿੰਜਾਈ ਤੇ ਖੇਤੀ ਦੀ ਕਾਫ਼ੀ ਨਿਰਭਰਤਾ ਹੋ ਗਈ। ਘਰ ਵਰਤੋਂ ਲਈ ਪਾਣੀ ਵੀ ਖੂਹਾਂ ਤੋਂ ਭਰਿਆ ਜਾਂਦਾ ਸੀ। ਖੂਹ ਮਿੱਤਰਾਂ ਦੇ ਮਿਲਣ ਸਥਾਨ ਵੀ ਬਣਦੇ ਰਹੇ ਹਨ –
ਮਿੱਤਰਾਂ ਦਾ ਖੂਹ ਚਲਦਾ,
ਪਾਣੀ ਭਰਨ ਦੇ ਬਹਾਨੇ ਆਵਾਂ।
ਕਈ ਵੇਰ ਇਹ ਹਲਟ "ਟੂ ਇਨ ਵਨ" ਦਾ ਕੰਮ ਵੀ ਦਿੰਦੇ ਸਨ। ਘਰ ਦੀ ਸੁਆਣੀ ਨਾਲੇ ਤਾਂ ਪਾਣੀ ਭਰ ਕੇ ਲੈ ਆਉਂਦੀ ਸੀ, ਨਾਲੇ ਘਰ ਵਾਲੇ ਨੂੰ ਸੁਨੇਹਾ ਦੇ ਆਉਂਦੀ ਸੀ –
ਖੂਹ ਉੱਤੇ ਆ ਮਾਹੀਆ,