

ਊਠ ਦੇ ਗਲ ਨਾਲ ਢਾਂਗੇ ਦਾ ਹਿਕ ਸਿਰਾ ਬੰਨ੍ਹ ਕੇ ਢਾਂਗੇ ਦਾ ਦੂਸਰਾ ਸਿਰਾ ਗਰਦਲ ਨਾਲ ਬੰਨ੍ਹਿਆ ਜਾਂਦਾ ਸੀ ਤਾਂ ਜੋ ਊਠ ਪੈੜ ਦੇ ਵਿਚ ਰਹਿ ਕੇ ਹੀ ਚੱਲੇ।
ਪੈੜਾਂ ਕਈ ਹੋਰ ਕਿਸਮਾਂ ਦੀਆਂ ਵੀ ਹੁੰਦੀਆਂ ਹਨ। ਪਹਿਲੇ ਸਮਿਆਂ ਵਿਚ ਸਫ਼ਰ ਪੈਦਲ ਕੀਤਾ ਜਾਂਦਾ ਸੀ। ਜੇਕਰ ਰਾਹ ਰੇਤੇ ਵਾਲਾ ਹੁੰਦਾ ਸੀ ਤਾਂ ਤੁਰਦੇ ਹੋਏ ਰਾਹੀ ਦੇ ਪੈਰਾਂ ਦੀਆ ਪੈੜਾਂ ਦੇ ਨਿਸ਼ਾਨ ਰੇਤੇ ਉਪਰ ਰਹਿੰਦੇ ਜਾਂਦੇ ਸਨ। ਜੇਕਰ ਉਹ ਪੈੜ ਕਿਸੇ ਮਾਸ਼ੂਕ ਦੀ ਹੁੰਦੀ ਸੀ ਤਾਂ ਉਸ ਦਾ ਆਸ਼ਕ ਉਸ ਦੀ ਪੈੜ ਦੇ ਰੇਤੇ ਨੂੰ ਚੁੱਕ ਕੇ ਆਪਣੇ ਮਾਸ਼ੂਕ ਦੇ ਮਿਲਣ ਦਾ ਸੁਪਨਾ ਸਿਰਜ ਲੈਂਦਾ ਸੀ –
ਤੇਰੀ ਸੱਜਰੀ ਪੈੜ ਦਾ ਰੇਤਾ,
ਚੁੱਕ ਚੁੱਕ ਲਾਵਾਂ ਹਿੱਕ ਨੂੰ।
ਪੈੜ ਦੇ ਨਿਸ਼ਾਨਾਂ ਦੀ ਪਛਾਣ ਨੂੰ ਮੁੱਖ ਰੱਖਦੀ ਹੋਈ ਗੋਰੀ ਆਪਣੇ ਗੁਆਚੇ ਹੋਏ ਲੌਂਗ ਦੀ ਭਾਲ ਕਰਨ ਲਈ ਆਪਣੇ ਮਾਹੀ ਨੂੰ ਤਾਕੀਦ ਵੀ ਕਰਦੀ ਹੁੰਦੀ ਸੀ –
ਪਿਛੇ ਪਿਛੇ ਆਉਂਦਾ,
ਮੇਰੀ ਪੈੜ ਵਿਹੰਦਾ ਆਈਂ।
ਚੀਰੇ ਵਾਲਿਆ ਦੇਖਦਾ ਆਈਂ ਵੇ,
ਮੇਰਾ ਲੌਂਗ ਗੁਆਚਾ
ਨਿਗ੍ਹਾ ਮਾਰਦਾ ਆਈਂ ਵੇ,
ਮੇਰਾ ਲੌਂਗ ਗਵਾਚਾ।
ਪਿਛਲੇ ਸਮਿਆਂ ਵਿਚ ਚੋਰਾਂ ਨੂੰ ਪੈਰਾਂ ਦੀਆਂ ਪੈੜਾਂ ਦੇ ਨਿਸ਼ਾਨ ਤੋਂ ਹੀ ਫੜਿਆ ਜਾਂਦਾ ਸੀ, ਜਿਸ ਨੂੰ ਚੋਰ ਦੀ ਪੈੜ ਦੱਬਣਾ ਕਹਿੰਦੇ ਸਨ।
ਘਰ ਬਣਾਉਣ ਲਈ ਵੀ ਪੈੜਾਂ ਦਾ ਸਹਾਰਾ ਲਿਆ ਜਾਂਦਾ ਸੀ। ਇਹ ਪੈੜਾਂ ਲੱਕੜਾਂ ਨੂੰ ਇਕ ਦੂਜੀ ਨਾਲ ਬੰਨ੍ਹ ਕੇ ਬਣਾਈਆਂ ਜਾਂਦੀਆਂ ਸਨ/ਹਨ। ਇਨ੍ਹਾਂ ਪੈੜਾਂ ਦੇ ਸਹਾਰੇ ਹੀ ਕਈ ਕਈ ਮੰਜ਼ਲਾਂ ਦੀ ਉਸਾਰੀ ਕੀਤੀ ਜਾਂਦੀ ਸੀ/ਹੈ। ਹੁਣ ਤਾਂ ਲੱਕੜ ਦੀ ਥਾਂ ਲੋਹੇ ਦੀਆਂ ਪਾਈਪਾਂ ਦੀਆਂ ਪੈੜਾਂ ਬਣਾਈਆਂ ਜਾਂਦੀਆਂ ਹਨ। ਇਨ੍ਹਾਂ ਪੈੜਾਂ ਨਾਲ ਅਸਮਾਨ ਛੂੰਹਦੀਆਂ ਬਿਲਡਿੰਗਾਂ ਬਣਾਈਆਂ ਜਾਂਦੀਆਂ ਹਨ।
ਮਿੱਠੀ ਚੀਜ਼ ਚਾਹੇ ਉਹ ਗੁੜ ਹੋਵੇ, ਚਾਹੇ ਉਹ ਮਠਿਆਈ ਹੋਵੇ, ਚਾਹੇ ਉਹ ਲੱਡੂ ਹੋਣ,ਕਿਤੇ ਵੀ ਪਈ ਹੋਵੇ, ਮੱਖੀਆਂ ਉਸ ਤੱਕ ਪਹੁੰਚ ਜਾਂਦੀਆਂ ਹਨ। ਏਸੇ ਤਰ੍ਹਾਂ ਚੁਬਾਰੇ ਵਿਚ ਚੋਰੀਓਂ ਲੱਡੂ ਖਾ ਕੇ ਆਈ ਇਕ ਮੁਟਿਆਰ ਦੀ ਚੋਰੀ ਦੀ ਪੈੜ ਨੂੰ ਮੱਖੀਆਂ ਵੱਲੋਂ ਫੜਨ ਸਬੰਧੀ ਗੀਤ ਹੈ –
ਲੱਡੂ ਖਾ ਕੇ ਚੁਬਾਰਿਓਂ ਉਤਰੀ,
ਮੱਖੀਆਂ ਨੇ ਪੈੜ ਕੱਢ ਲਈ।