Back ArrowLogo
Info
Profile

ਮੈਂ ਕਈ ਪੈੜਾਂ ਬਾਰੇ ਦੱਸਿਆ ਹੈ। ਪੈੜਾਂ ਦੀਆਂ ਹੋਰ ਵੀ ਕਈ ਕਿਸਮਾਂ ਹਨ। ਪੈੜਾਂ ਬਾਰੇ ਕਈ ਅਖਾਣ ਅਤੇ ਮੁਹਾਵਰੇ ਵੀ ਹਨ। ਪੈੜਾਂ ਦਾ ਹੋਰ ਵਿਸਥਾਰ ਨਾ ਦਿੰਦਾ ਹੋਇਆ ਮੈਂ ਮੁੜ ਹਲਟ ਦੇ ਲੇਖ ਵੱਲ ਆਉਂਦਾ ਹਾਂ।

ਹਲਟ ਨੂੰ ਚਲਾਉਣ ਲਈ ਗਰਧਨ ਨਾਲ ਬਲਦਾਂ ਦੀ ਜੋੜੀ ਜਾਂ ਊਠ ਜੋੜਿਆ ਜਾਂਦਾ ਸੀ। ਗਰਧਨ/ਗਰਦਲ ਬੜੇ ਚੱਕਲੇ ਤੇ ਛੋਟੀ ਚੱਕਲੀ ਨੂੰ ਘੁੰਮਾਉਂਦੀ ਸੀ। ਛੋਟੀ ਚੱਕਲੀ ਵਿਚ ਜਿਹੜੀ ਲੋਹੇ ਦੀ ਲੱਠ ਪਾਈ ਹੁੰਦੀ ਸੀ, ਉਹ ਖੂਹ ਵਿੱਚ ਲੱਗ ਬੈੜ ਨੂੰ ਚਲਾਉਂਦੀ ਸੀ। ਬੈੜ ਚੱਲਣ ਨਾਲ ਜਿਹੜੀ ਟਿੰਡਾਂ ਦੀ ਮਾਲ੍ਹ ਬਣੀ ਹੁੰਦੀ ਸੀ, ਉਹ ਚਲਦੀ ਸੀ। ਇਕ ਦੂਜੀ ਟਿੰਡ ਨੂੰ ਆਪਸ ਵਿਚ ਜੋੜਨ ਨਾਲ ਜਿਹੜੀ ਟਿੰਡਾਂ ਦੀ ਲੜੀ ਬਣ ਜਾਂਦੀ ਸੀ, ਉਸ ਨੂੰ ਮਾਲ੍ਹ ਕਹਿੰਦੇ ਸਨ। ਮਾਲ੍ਹ ਚੱਲਣ ਨਾਲ ਇਕ ਪਾਸੇ ਤੋਂ ਪਾਣੀ ਨਾਲ ਭਰੀਆਂ ਟਿੰਡਾਂ ਆਉਂਦੀਆਂ ਸਨ। ਭਰੀਆਂ ਹੋਈਆਂ ਟਿੰਡਾਂ ਦਾ ਪਾਣੀ ਪਾੜਸਾ ਵਿਚ ਪੈਂਦਾ ਸੀ। ਪਾੜਸੇ ਵਿਚੋਂ ਜਿੱਥੋਂ ਦੀ ਪਾਣੀ ਹੋ ਕੇ ਔਲੂ ਵਿਚ ਜਾਂਦਾ ਸੀ, ਪਾੜਸੇ ਦਾ ਉਹ ਹਿੱਸਾ ਪਰਨਾਲੇ ਦੀ ਸ਼ਕਲ ਦਾ ਹੁੰਦਾ ਸੀ। ਉਸ ਹਿੱਸੇ ਨੂੰ ਪਰਨਾਲਾ ਹੀ ਕਹਿੰਦੇ ਸਨ। ਕਈ ਇਲਾਕਿਆਂ ਵਿਚ ਇਸ ਨੂੰ ਨਸਾਰ ਕਹਿੰਦੇ ਸਨ। ਭਰੀਆਂ ਹੋਈਆਂ ਟਿੰਡਾਂ ਖ਼ਾਲੀ ਹੋ ਕੇ ਬੈੜ ਦੇ ਦੂਸਰੇ ਪਾਸੇ ਦੀ ਹੋ ਕੇ ਖੂਹ ਵਿਚ ਦੁਬਾਰਾ ਭਰਨ ਲਈ ਚਲੀਆਂ ਜਾਂਦੀਆਂ ਸਨ। ਏਸ ਤਰ੍ਹਾਂ ਖੂਹ ਵਿਚੋਂ ਪਾਣੀ ਮਾਲ੍ਹ ਰਾਹੀਂ ਨਿਕਲਦਾ ਰਹਿੰਦਾ ਸੀ। ਔਲੂ ਵਿਚੋਂ ਪਾਣੀ ਖ਼ਾਲ ਵਿਚ ਚਲਿਆ ਜਾਂਦਾ ਸੀ। ਖ਼ਾਲ ਤੋਂ ਪਾਣੀ ਫਿਰ ਖੇਤਾਂ ਨੂੰ ਲਾਇਆ ਜਾਂਦਾ ਸੀ।

ਇਹ ਸੀ ਹਲਟ ਦੀ ਬਣਤਰ। ਲਓ, ਜਾਂਦੇ ਜਾਂਦੇ ਹਲਟ ਸਬੰਧੀ ਇਹ ਲੋਕਗੀਤ ਵੀ ਸੁਣਦੇ ਜਾਓ:-

ਕੱਨੇ ਨੂੰ ਕੱਨਾ ਸਾਹਮਣਾ, ਕਾਂਜਣ ਸਿੱਧੀ ਸ਼ਤੀਰ

ਕਾਂਜਣ ਵਿਚਲਾ ਮੱਕੜਾ, ਮੱਕੜੇ ਵਿਚਲਾ ਤੀਰ

ਲੱਠ ਘੁੰਮੇਟੇ ਖਾਉਂਦੀ, ਜਿਉਂ ਸਈਆਂ ਵਿਚ ਹੀਰ

ਬੂੜੀਏ ਨੂੰ ਬੂੜੀਆ ਮਿਲੇ, ਜਿਉਂ ਭੈਣਾਂ ਨੂੰ ਵੀਰ।

ਕੁੱਤਾ ਟਿਕ ਟਿਕ ਕਰ ਰਿਹਾ, ਮੰਦੀ ਲਿਖੀ ਤਕਦੀਰ।

ਬਲਦਾ ਗਲੀਂ ਪੰਜਾਲੀਆਂ, ਜਿਉਂ ਸ਼ੇਰਾਂ ਗਲੀਂ ਜੰਜੀਰ

ਟਿੰਡਾਂ ਦੇ ਗਲ ਗਾਨੀਆਂ, ਲਿਆਣ ਪਤਾਲੋਂ ਨੀਰ।

ਚੁੱਲ੍ਹੇ 'ਚ ਪਾਣੀ ਇਉਂ ਤੁਰੇ, ਜਿਉਂ ਸੱਪ ਤੁਰੇ ਦਿਲਗੀਰ।

ਨੱਕਿਆਂ ਨੇ ਪਾਣੀ ਵੰਡਿਆ, ਜਿਉਂ ਭਾਈਆਂ ਵੰਡੀ ਜਗੀਰ।

ਨਾਕੀ ਵਿਚਾਰਾ ਇਉਂ ਫਿਰੇ, ਜਿਉਂ ਦਰ ਦਰ ਫਿਰੇ ਫਕੀਰ।

ਗਾਧੀ ਤਖ਼ਤ ਲਾਹੌਰ ਦਾ, ਜਿੱਥੇ ਆ ਆ ਬਹਿਣ ਅਮੀਰ।

240 / 361
Previous
Next