

ਬੱਗੇ ਬਲਦ
ਇਕ ਉਹ ਸਮਾਂ ਸੀ, ਜਦ ਬਲਦਾਂ ਤੋਂ ਬਿਨਾਂ ਖੇਤੀ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ ਸੀ। ਸਾਰੀ ਦੀ ਸਾਰੀ ਖੇਤੀ ਬਲਦਾਂ ਦੁਆਲੇ ਘੁੰਮਦੀ ਸੀ। ਬਲਦ ਪੰਜਾਬ ਵਿਚ ਹੀ ਹਰ ਘਰ ਵਿਚ ਪੈਦਾ ਹੁੰਦੇ ਸਨ। ਉਨ੍ਹਾਂ ਸਮਿਆਂ ਵਿਚ ਹਰ ਘਰ ਵਿਚ ਦੁੱਧ ਪੀਣ ਲਈ ਮੱਝਾਂ ਦੇ ਨਾਲ ਹੀ ਗਾਈਆਂ ਵੀ ਰੱਖੀਆਂ ਹੁੰਦੀਆਂ ਸਨ। ਜਿਹੜੀਆਂ ਗਾਈਆਂ ਬੱਛੇ ਦਿੰਦੀਆਂ ਸਨ, ਉਹ ਬੱਛੇ ਹੀ ਬੜੇ ਹੋ ਕੇ ਬਲਦ ਬਣਦੇ ਸਨ। ਗਾਈਆਂ ਦੇ ਬੱਚਿਆਂ ਨੂੰ ਬੱਛਰੂ ਕਹਿੰਦੇ ਸਨ/ਹਨ। ਖੇਤੀ ਵਿਚ ਬਲਦਾਂ ਦੀ ਜ਼ਿਆਦਾ ਲੋੜ ਹੁੰਦੀ ਸੀ। ਏਸ ਲਈ ਜੰਮਦੇ ਬੱਛੇ ਨੂੰ, ਜਿੰਨੇ ਸਮੇਂ ਤੱਕ ਉਹ ਕੱਖ ਖਾਣ ਜੋਗਾ ਨਹੀਂ ਹੁੰਦਾ ਸੀ, ਘੱਟ ਘੱਟ ਦੋ ਥਣਾਂ ਦਾ ਦੁੱਧ ਚੁੰਘਾਇਆ ਜਾਂਦਾ ਸੀ। ਜਿੰਨੇ ਸਮੇਂ ਤੱਕ ਗਾਂ ਦੁੱਧ ਦਿੰਦੀ ਰਹਿੰਦੀ ਸੀ, ਇਕ ਥਨ ਦਾ ਦੁੱਧ ਫੇਰ ਵੀ ਚੰਘਾਇਆ ਜਾਂਦਾ ਸੀ। ਦੁੱਧ ਦੇ ਨਾਲ ਚੰਗਾ ਦਾਣਾ ਅਤੇ ਚੰਗੇ ਪੱਠੇ ਪਾਏ ਜਾਂਦੇ ਸਨ ਤਾਂ ਜੋ ਬੱਛਾ ਛੇਤੀ ਜੁਆਨ ਹੋ ਕੇ ਖੇਤੀ ਦੇ ਕੰਮ ਵਿਚ ਵਰਤਿਆ ਜਾ ਸਕੇ। ਉਨ੍ਹਾਂ ਸਮਿਆਂ ਵਿਚ ਪੰਜਾਬ ਵਿਚ ਬਲਦਾਂ, ਮੱਝਾਂ, ਬੱਕਰੀਆਂ ਦੀਆਂ ਮੰਡੀਆਂ ਵੀ ਬਹੁਤ ਲੱਗਦੀਆਂ ਹੁੰਦੀਆਂ ਸਨ। ਬਲਦਾਂ ਦੀ ਉਸ ਸਮੇਂ ਦੀ ਰਾਜਿਸਥਾਨ ਦੇ ਸ਼ਹਿਰ ਨਗੌਰ ਦੀ ਮੰਡੀ ਬਹੁਤ ਮਸ਼ਹੂਰ ਹੁੰਦੀ ਸੀ। ਉਥੇ ਦੇ ਵਹਿੜੇ ਅਤੇ ਬਲਦ ਹੁੰਦੇ ਵੀ ਬਹੁਤ ਫੁਰਤੀਲੇ ਸਨ। ਉਨ੍ਹਾਂ ਦੀਆਂ ਬੇਲਾਂ ਵੀ ਲੰਮੀਆਂ ਹੁੰਦੀਆਂ ਸਨ। ਬਲਦਾਂ ਦੀ ਖਰੀਦ ਸਬੰਧੀ ਅਖਾਣ –
ਬਲਦ ਲਈਏ ਲਾਣੇ ਦੇ
ਧੀ ਲਈਏ ਘਰਾਣੇ ਦੀ।
