

ਤਾਂ ਪਿੰਡਾਂ ਵਿਚ ਖੇਡਾਂ ਕਰਵਾਉਣ ਦਾ ਹੜ੍ਹ ਹੀ ਆ ਜਾਂਦਾ ਹੈ। ਇਨ੍ਹਾਂ ਖੇਡਾਂ ਵਿਚ ਬਲਦਾਂ ਨਾਲ ਠੋਕਰ ਦੌੜ, ਸੁਹਾਗਾ ਦੌੜ ਤੇ ਗੱਡਾ ਦੌੜਾਂ ਵੀ ਕਰਵਾਈਆਂ ਜਾਂਦੀਆਂ ਹਨ। ਜਿਹੜੇ ਲੋਕ ਇਨ੍ਹਾਂ ਦੌੜਾਂ ਵਿਚ ਹਿੱਸਾ ਲੈਂਦੇ ਹਨ, ਉਹ ਭਜਾਉਣ ਵਾਲੇ ਬਲਦਾਂ ਦੀ ਰੱਜ ਕੇ ਸੇਵਾ ਕਰਦੇ ਹਨ। ਦੇਸੀ ਘਿਉ ਵੀ ਖਵਾਉਂਦੇ ਹਨ। ਭੱਜਣ ਵਾਲੇ ਬਲਦਾਂ ਦਾ ਮੁੱਲ ਲੱਖਾਂ ਤੱਕ ਪੈਂਦਾ ਹੈ।
ਹੁਣ ਖੇਤੀ ਵਿਚ ਬਲਦਾਂ ਦਾ ਯੋਗਦਾਨ ਨਹੀਂ ਦੇ ਬਰਾਬਰ ਰਹਿ ਗਿਆ ਹੈ।
ਘੁੰਗਰਾਲਾਂ
ਆਮ ਤੌਰ ਤੇ ਪੰਜ ਤੋਂ ਪੰਦਰਾਂ ਤੱਕ ਦੀ ਗਿਣਤੀ ਦੇ ਘੱਗਰੂਆਂ ਨੂੰ ਜਦ ਕਿਸੇ ਚਮੜੇ ਦੀ ਵੱਧਰੀ ਵਿਚ ਜਾਂ ਰੱਸੀ ਵਿਚ ਪਰੋ ਲਿਆ ਜਾਂਦਾ ਸੀ/ਹੈ ਤਾਂ ਉਸ ਨੂੰ ਘੁੰਗਰਾਲ ਕਿਹਾ ਜਾਂਦਾ ਸੀ/ਹੈ। ਜਦ ਬਲਦਾਂ ਦੀ ਜੋੜੀ ਨੂੰ ਵਿਆਹਾਂ, ਮੇਲੇ ਜਾਂ ਕਿਸੇ ਹੋਰ ਖੁਸ਼ੀ ਦੇ ਸਮਾਗਮ ਵਿਚ ਗੱਡੇ, ਗੱਡੀ ਤੇ ਰਥ ਜੋੜਿਆ ਜਾਂਦਾ ਸੀ, ਉਸ ਸਮੇਂ ਘੁੰਗਰਾਲਾਂ ਬਲਦਾਂ ਦੇ ਗਲ ਪਾਈਆਂ ਜਾਂਦੀਆਂ ਸਨ। ਜਦ ਕਿਸੇ ਪਰਿਵਾਰ ਦੇ ਖੇਤਾਂ ਦੀ ਵਾਹੀ ਲਈ ਆਵਤ ਪਾਈ ਜਾਂਦੀ ਸੀ, ਉਸ ਸਮੇਂ ਵੀ ਬਲਦਾਂ ਦੀਆਂ ਜੋੜੀਆਂ ਦੇ ਘੁੰਗਰਾਲਾਂ ਪਾਉਣ ਦਾ ਰਿਵਾਜ ਸੀ। ਚਲਦੀਆਂ ਜੋੜੀਆਂ ਦੀਆਂ ਘੁੰਗਰਾਲਾਂ ਜਦ ਛਣਕਦੀਆਂ ਸਨ ਤਾਂ ਇਕ ਅਨੂਠਾ ਨਜ਼ਾਰਾ ਬਣਾਉਂਦੀਆਂ ਸਨ। ਕਈ ਬਲਦਾਂ ਦੇ ਸ਼ੁਕੀਨ ਜੱਟ ਤਾਂ ਹਮੇਸ਼ਾ ਹੀ ਬਲਦਾਂ ਦੇ ਗਲ ਘੁੰਗਰਾਲਾਂ ਪਾ ਕੇ ਰੱਖਦੇ ਸਨ। ਇਕ ਅੱਧਾ ਘੁੰਗਰੂ ਤਾਂ ਤਕਰੀਬਨ ਹਰ ਬਲਦ ਦੇ ਪਾਇਆ ਹੁੰਦਾ ਸੀ।
ਉਨ੍ਹਾਂ ਸਮਿਆਂ ਵਿਚ ਖੇਤੀ ਸਾਰੀ ਬਲਦਾਂ ਤੇ ਊਂਠਾਂ/ਬੋਤਿਆਂ ਨਾਲ ਕੀਤੀ ਜਾਂਦੀ ਸੀ। ਏਸ ਲਈ ਜਦ ਪਹਿਰ ਦੇ ਤੜਕੇ ਉੱਠ ਕੇ ਹਲ ਜੋੜਦੇ ਸਨ, ਖੂਹ ਚਲਾਉਂਦੇ ਸਨ ਤਾਂ ਬਲਦਾਂ ਦੇ ਗਲੀਂ ਪਾਈਆਂ ਘੁੰਗਰਾਲਾਂ ਦੀ ਮਿੱਠੀ ਮਿੱਠੀ ਖਣਕ ਸਵੇਰ ਦੇ ਸ਼ਾਂਤ ਵਾਤਾਵਰਨ ਵਿਚ ਅਨੋਖਾ ਰਸ ਘੋਲ ਦਿੰਦੀ ਸੀ। ਊਠ ਦੇ ਗੋਡਿਆਂ ਨਾਲ ਵੀ ਛੋਟੀ ਘੁੰਗਰਾਲ ਬੰਨ੍ਹੀ ਜਾਂਦੀ ਸੀ, ਜਦ ਊਠ ਨੂੰ ਘੁਲਾੜੀ ਜੋੜਿਆ ਜਾਂਦਾ ਸੀ, ਖਰਾਸ ਜੋੜਿਆ ਜਾਂਦਾ ਸੀ, ਮੇਲੇ 'ਤੇ ਲੈ ਕੇ ਜਾਂਦੇ ਸਨ, ਵਹੁਟੀ ਨੂੰ ਸਹੁਰਿਆਂ ਤੋਂ ਲਿਆਉਣ ਲਈ ਵਰਤਿਆ ਜਾਂਦਾ ਸੀ। ਉਨ੍ਹਾਂ ਸਮਿਆਂ ਦੇ ਗੱਭਰੂਆਂ ਨੂੰ ਆਪਣੇ ਬੋਤਿਆਂ 'ਤੇ ਮਾਣ ਵੀ ਹੁੰਦਾ ਸੀ। ਏਸੇ ਲਈ ਤਾਂ ਹੁੱਬ ਕੇ ਕਹਿੰਦੇ ਸਨ-
ਮੇਰੇ ਬੋਤੇ ਦੇ ਛਣਕਦੇ ਘੁੰਗਰੂ,
ਤੇਰੀ ਨੀ ਪੰਜੇਬ ਛਣਕੇ।