

ਜਾਂਦੀਆਂ ਸਨ।
ਪਹਿਲਾਂ ਖੇਤੀ ਬਲਦਾਂ ਨਾਲ ਕੀਤੀ ਜਾਂਦੀ ਸੀ। ਬਲਦ ਪੰਜਾਬ ਵਿਚ ਹੀ ਪੈਦਾ ਹੁੰਦੇ ਸਨ। ਫੇਰ ਆਵਾਜਾਈ ਵਿਚ ਵਾਧਾ ਹੋਣ ਨਾਲ ਲੋਕਾਂ ਨੇ ਰਾਜਿਸਥਾਨ ਦੇ ਇਲਾਕੇ ਵਿਚੋਂ ਬੋਤੇ ਲਿਆਉਣੇ ਸ਼ੁਰੂ ਕੀਤੇ। ਬੋਤਿਆਂ ਨੂੰ ਖੇਤੀ ਵਿਚ ਵਰਤਿਆ ਜਾਣ ਲੱਗਿਆ। ਬੋਤੀ ਦੇ ਬੱਚੇ ਨੂੰ ਬਤਾਰੂ ਕਹਿੰਦੇ ਹਨ। ਬੋਤਿਆਂ ਨਾਲ ਖੇਤੀ ਦੇ ਉਹ ਸਾਰੇ ਕੰਮ ਕੀਤੇ ਜਾਣ ਲੱਗੇ, ਜੋ ਬਲਦਾਂ ਨਾਲ ਕੀਤੇ ਜਾਂਦੇ ਸਨ। ਕਈ ਕੰਮਾਂ ਵਿਚ ਤਾਂ ਬਲਦਾਂ ਦੀ ਵਰਤੋਂ ਨਾਲੋਂ ਬੋਤਿਆਂ ਦੀ ਵਰਤੋਂ ਕਰਨੀ ਜ਼ਿਮੀਂਦਾਰ ਨੂੰ ਸੌਖੀ ਹੋ ਗਈ। ਜਿੱਥੇ ਖੂਹ ਚਲਾਉਣ ਲਈ ਬਲਦਾਂ ਦੀ ਜੋੜੀ ਨੂੰ ਇਕ ਬੰਦੇ ਨੂੰ ਹੱਕਣਾ ਪੈਂਦਾ ਸੀ, ਉਥੇ ਖੂਹ ਤੇ ਬੋਤਾ ਜੋੜ ਕੇ ਉਸਦੀਆਂ ਅੱਖਾਂ ਤੇ ਖੋਪੇ ਬੰਨ੍ਹ ਕੇ ਬੋਤੇ ਨੂੰ ਤੋਰ ਦਿੱਤਾ ਜਾਂਦਾ ਸੀ। ਫੇਰ ਬੋਤਾ ਚਲਦਾ ਰਹਿੰਦਾ ਸੀ। ਖਰਾਸ ਤੇ ਘੁਲਾੜੀ ਤੇ ਬੋਤੇ ਨੂੰ ਜੋੜ ਕੇ ਅੱਖਾਂ ਤੇ ਖੋਪੇ ਬੰਨ੍ਹ ਦਿੰਦੇ ਸਨ। ਫੇਰ ਚੱਲ ਸੋ ਚੱਲ। ਪਸ਼ੂਆਂ ਲਈ ਪੱਠੇ ਵੀ ਬੋਤਿਆਂ ਤੇ ਢੋਏ ਜਾਂਦੇ ਸਨ। ਫਲ੍ਹੇ ਵੀ ਬੋਤਿਆਂ ਨਾਲ ਚਲਾਏ ਜਾਂਦੇ ਸਨ। ਬੋਤੀ ਦਾ ਦੁੱਧ ਕਈ ਬਿਮਾਰੀਆਂ ਦੇ ਇਲਾਜ ਲਈ ਵੀ ਵਰਤਿਆ ਜਾਂਦਾ ਸੀ।
ਖੇਤੀ ਦੇ ਕੰਮਾਂ ਦੇ ਨਾਲ ਨਾਲ ਬੋਤਿਆਂ ਨੂੰ ਆਉਣ ਜਾਣ ਲਈ ਵੀ ਵਰਤਿਆ ਜਾਂਦਾ ਸੀ। ਬਰਾਤਾਂ ਵਿਚ ਬੋਤਿਆਂ ਨੂੰ ਸ਼ਿੰਗਾਰ ਕੇ, ਪਿੱਤਲ ਦੇ ਕੋਕਿਆਂ ਨਾਲ ਸ਼ਿੰਗਾਰੀਆਂ ਕਾਠੀਆਂ ਪਾ ਕੇ, ਗੱਦੀਆਂ ਪਾ ਕੇ, ਹਾਰ ਹਮੇਲਾਂ ਪਾ ਕੇ, ਰੰਗਲੀਆਂ ਨਕੇਲਾਂ ਨਾਲ ਰੇਸ਼ਮੀ ਰੁਮਾਲ ਬੰਨ੍ਹ ਕੇ, ਮੁਹਾਰਾਂ ਨੂੰ ਲੋਗੜੀ ਦੇ ਫੁੱਲ ਲਾ ਕੇ, ਰੰਗ ਬਰੰਗੇ ਝੁੱਲ ਪਾ ਕੇ, ਗੋਡਿਆਂ ਨਾਲ ਘੁੰਗਰਾਲਾਂ ਬੰਨ੍ਹ ਕੇ ਲਿਜਾਇਆ ਜਾਂਦਾ ਸੀ। ਕਈ ਮੇਲਣਾਂ ਤਾਂ ਬਰਾਤੀਆਂ ਦੇ ਸ਼ਿੰਗਾਰੇ ਬੋਤੇ ਨੂੰ ਵੇਖ ਕੇ ਬੋਤੇ ਦੀ ਮੁਹਾਰ ਬਣਨ ਦੀ ਤਮੰਨਾ ਵੀ ਕਰਦੀਆਂ ਹੁੰਦੀਆਂ ਸਨ –
ਤੇਰੇ ਬੋਤੇ ਦੀ ਮੁਹਾਰ ਬਣ ਜਾਵਾਂ
ਵੇ ਸੋਨੇ ਦੇ ਤਵੀਤਾਂ ਵਾਲਿਆ।
ਬੋਤਿਆਂ ਦੀਆਂ ਮੁਹਾਰਾਂ ਦਾਜ ਵਿਚ ਵੀ ਦਿੱਤੀਆਂ ਜਾਂਦੀਆਂ ਸਨ। ਨਵੀਂ ਵਿਆਹੀ ਵਹੁਟੀ ਨੂੰ ਵੀ ਬੋਤੇ ਤੇ ਬਿਠਾ ਕੇ ਲਿਆਉਂਦੇ ਸਨ। ਜੇਕਰ ਨਵੀਂ ਵਹੁਟੀ ਬੋਤੇ 'ਤੇ ਬੈਠਣ ਤੋਂ ਹਿੱਚਹਿਚਾਹਟ ਕਰਦੀ ਹੁੰਦੀ ਸੀ ਤਾਂ ਪਤੀ ਉਸ ਨੂੰ ਹੌਸਲਾ ਦਿੰਦਾ ਹੋਇਆ ਬੋਤੇ ਤੇ ਬੈਠਣ ਲਈ ਕਹਿੰਦਾ ਹੁੰਦਾ ਸੀ-
ਪੰਜ ਸੌ ਦਾ ਬੋਤਾ ਲਿਆਂਦਾ।
ਪੂਰੇ ਸੱਠਾਂ ਦੀ ਕਾਠੀ।
ਨੀ ਚੜ੍ਹ ਜਾ ਬੋਤੇ ਤੇ,
ਮੰਨ ਲੈ ਭੌਰ ਦੀ ਆਖੀ।