

ਹੁੰਦੀ ਸੀ/ਹੈ। ਜ਼ਿਮੀਂਦਾਰ ਭੇਡਾਂ ਦੇ ਇੱਜੜ ਨੂੰ ਆਪਣੇ ਖੇਤਾਂ ਵਿਚ ਕਈ ਕਈ ਦਿਨ ਬਿਠਾਉਂਦੇ ਸਨ। ਇੱਜੜਾਂ ਦੇ ਮਾਲਕਾਂ ਦੀ ਪੂਰੀ ਸੇਵਾ ਕਰਦੇ ਸਨ। ਭੇਡਾਂ ਬੱਕਰੀਆਂ ਨੂੰ ਰੋਹੀਆਂ ਵਿਚ ਚਾਰਿਆ ਜਾਂਦਾ ਸੀ। ਲਓ, ਰੋਹੀਆਂ ਵਿਚ ਭੇਡਾਂ ਬਕਰੀਆਂ ਚਾਰਦੇ ਚਰਵਾਹੇ ਬਾਰੇ ਇਕ ਲੋਕਗੀਤ ਵੀ ਸੁਣ ਲਵੋ –
ਨਿੱਕਾ ਹੁੰਦਾ ਮੈਂ ਭੇਡਾਂ ਚਾਰਦਾ,
ਗਲ ਵਿਚ ਰੱਖਦਾ ਕੂਨਾ।
ਤੱਤੀਆਂ ਲੋਆਂ ਨੇ ਪਿੰਡਾ ਜਾਲਤਾ,
ਰਹਿ ਗਿਆ ਹੱਡ ਨਮੂਨਾ।
ਰੋਹੀਆਂ ਦੇ ਵਿਚ ਫਿਰਨ ਬੱਕਰੀਆਂ,
ਜਿਉਂ ਜੰਗਲ ਵਿਚ ਮੂਨਾਂ।
ਘਰ ਦੀ ਨਾਰ ਬਿਨਾਂ,
ਕਾਹਦੀਆਂ ਭਰਾਵੋ ਜੂਨਾਂ।
ਹੁਣ ਪੰਜਾਬ ਵਿਚ ਭੇਡਾਂ ਦੇ ਇੱਜੜ ਤਾਂ ਕੀ, ਇਕ ਭੇਡ ਵੀ ਤੁਹਾਨੂੰ ਦੇਖਣ ਨੂੰ ਨਹੀਂ ਮਿਲੇਗੀ।
ਹੁਣ ਗੱਲ ਕਰਦੇ ਹਾਂ ਬੱਕਰੀਆਂ ਦੀ। ਪਹਿਲੇ ਸਮਿਆਂ ਵਿਚ ਹਰ ਘਰ ਬੱਕਰੀਆਂ ਰੱਖੀਆਂ ਹੁੰਦੀਆਂ ਸਨ। ਪਿੰਡ ਦੀਆਂ ਸਾਰੀਆਂ ਬੱਕਰੀਆਂ ਨੂੰ ਬਾਹਰ ਗੈਰ ਆਬਾਦ ਤੇ ਸ਼ਾਮਲਾਟ ਪਈਆਂ ਜ਼ਮੀਨਾਂ ਵਿਚ ਚਰਨ ਲਈ ਆਮ ਤੌਰ ਤੇ ਵਾਗੀ ਰੱਖੇ ਹੁੰਦੇ ਸਨ, ਜਿਨ੍ਹਾਂ ਨੂੰ ਹਾੜ੍ਹੀ ਸਉਣੀ ਜਿਨਸ ਦੇ ਰੂਪ ਵਿਚ ਤਨਖਾਹ ਦਿੱਤੀ ਜਾਂਦੀ ਸੀ। ਦੁੱਧ ਦੀ ਜਦ ਵੀ ਲੋੜ ਹੁੰਦੀ ਸੀ, ਬੱਕਰੀ ਨੂੰ ਫੜ ਕੇ ਚੋ ਲੈਂਦੇ ਸਨ –
ਸਾਨੂੰ ਮੱਝ ਨਾਲੋਂ ਬੱਕਰੀ ਚੰਗੀ,
ਟੰਗੋਂ ਫੜ ਦੁੱਧ ਚੋ ਲਿਆ।
ਬੱਕਰੀ ਦੇ ਦੁੱਧ ਦੇ ਫਹੇ ਅੱਖਾਂ ਤੇ ਬੰਨ੍ਹੇ ਜਾਂਦੇ ਸਨ, ਜਿਸ ਨਾਲ ਦੁਖਦੀਆਂ ਅੱਖਾਂ ਨੂੰ ਆਰਾਮ ਆ ਜਾਂਦਾ ਸੀ । ਜੇਕਰ ਕਿਸੇ ਬੱਚੇ ਦੀ ਮਾਂ ਛੋਟੀ ਉਮਰ ਵਿਚ ਮਰ ਜਾਂਦੀ ਸੀ ਤਾਂ ਉਸ ਨੂੰ ਬੱਕਰੀ ਦੇ ਦੁੱਧ ਤੇ ਪਾਲਿਆ ਜਾਂਦਾ ਸੀ। ਉਨ੍ਹਾਂ ਸਮਿਆਂ ਵਿਚ ਬੱਕਰੀਆਂ ਨੂੰ ਵੇਚਣ ਤੇ ਖਰੀਦਣ ਲਈ ਮੰਡੀਆਂ ਲੱਗਦੀਆਂ ਸਨ।
ਜੇਕਰ ਬੱਕਰੀ ਨਰ ਮੇਮਣੇ ਨੂੰ ਜਨਮ ਦਿੰਦੀ ਸੀ ਤਾਂ ਉਸ ਨੂੰ ਵੱਡਾ ਕਰਕੇ ਉਸ ਦਾ ਮੀਟ ਉਂਜ ਜਾਂ ਵਿਆਹ ਸ਼ਾਦੀਆਂ ਵਿਚ ਖਾ ਲੈਂਦੇ ਸਨ। ਏਸੇ ਕਰਕੇ ਤਾਂ ਕਿਹਾ ਜਾਂਦਾ ਸੀ –
ਬੱਕਰਾ ਰੋਵੇ ਜਿੰਦ ਨੂੰ,
ਕਸਾਈ ਰੋਵੇ ਮਿਝ ਨੂੰ।