

ਕੇ ਲੈ ਕੇ ਜਾਂਦਾ ਹੈ। ਜ਼ਮੀਨ ਦੀ ਇਕ ਨਿਰਧਾਰਤ ਮਿਣਤੀ ਨੂੰ ਵੀ ਕੀਲਾ ਕਿਹਾ ਜਾਂਦਾ ਹੈ। ਇਸ ਵਿਚ ਅੱਠ ਕਨਾਲ ਜ਼ਮੀਨ ਹੁੰਦੀ ਹੈ।
ਕੀਲਾ ਜ਼ੋਰ ਦਾ ਪ੍ਰਤੀਕ ਵੀ ਮੰਨਿਆ ਜਾਂਦਾ ਹੈ। ਜਿਹੜਾ ਬੰਦਾ, ਪਰਿਵਾਰ ਪੈਸੇ ਵਜੋਂ, ਪਰਿਵਾਰ ਵਿਚ ਬਹਤੇ ਪੁਰਸ਼ ਮੈਂਬਰ ਹੋਣ ਵਜੋਂ, ਸਰਕਾਰੇ ਦਰਬਾਰੇ ਪਹੁੰਚ ਵਜੋਂ, ਕਿਸੇ ਬੜੇ ਸਿਆਸੀ ਨੇਤਾ ਜਾਂ ਬੜੇ ਅਫਸਰ ਦੇ ਰਿਸ਼ਤੇਦਾਰ ਹੋਣ ਵਜੋਂ, ਕਿਸੇ ਆਰਥਿਕ ਪੱਖੋਂ ਕਮਜ਼ੋਰ ਬੰਦਿਆਂ ਦੀ ਥੁੜ ਵਾਲੇ ਤੇ ਸਰੀਰਕ ਪੱਖੋਂ ਕਮਜ਼ੋਰ, ਸਿਆਸੀ ਤੌਰ ਤੇ ਕਮਜ਼ੋਰ ਬੰਦੇ ਨਾਲ ਧੱਕਾ ਕਰਦਾ ਹੈ ਤਾਂ ਉਸ ਬਾਰੇ ਕਿਹਾ ਜਾਂਦਾ ਹੈ, "ਇਹ ਕੀਲੇ ਦੇ ਜ਼ੋਰ ਤੇ ਤੀਂਗੜਦਾ ਹੈ। ਇਸ ਦੀ ਧੌਣ ਵਿਚ ਕੀਲਾ ਹੈ।"
ਕੱਪੜੇ ਟੰਗਣ ਲਈ ਕੰਧਾਂ ਵਿਚ ਲੋਹੇ ਤੇ ਲੱਕੜ ਦੇ ਕੀਲੇ ਲਾਏ ਹੁੰਦੇ ਹਨ। ਲੱਕੜ ਦੇ ਕੀਲੇ ਖਰਾਦ ਕੇ ਤੇ ਰੰਗ ਕਰਕੇ ਵੀ ਬਣਾਏ ਜਾਂਦੇ ਸਨ। ਭੈਣ ਨੂੰ ਆਪਣੇ ਕੋਲ ਆਏ ਆਪਣੇ ਭਾਈ ਦੀ ਐਨੀ ਖੁਸ਼ੀ ਹੁੰਦੀ ਸੀ ਕਿ ਉਸ ਨੂੰ ਭਾਈ ਦਾ ਜੰਜੀਰੀ ਵਾਲਾ ਕੁੜਤਾ ਟੰਗਣ ਲਈ ਕੀਲਾ ਹੀ ਪਸੰਦ ਨਹੀਂ ਆਉਂਦਾ ਸੀ –
ਤੇਰਾ ਸੋਨੇ ਦੀ ਜੰਜੀਰੀ ਵਾਲਾ ਕੁੜਤਾ,
ਕਿਹੜੇ ਕੀਲੇ ਟੰਗਾਂ ਵੀਰਨਾ?
ਲੱਕੜ ਦੇ 8/10 ਫੁੱਟ ਸੋਟੀ ਦੇ ਦੋਵੇਂ ਸਿਰਿਆਂ ਨੂੰ ਮੋਟੀਆਂ ਰੱਸੀਆਂ ਬੰਨ੍ਹ ਕੇ ਛੱਤ ਨਾਲ ਲਟਕਾ ਦਿੰਦੇ ਸਨ। ਇਸ ਨੂੰ ਟੰਗਣਾ ਕਹਿੰਦੇ ਸਨ। ਨਿੱਤ ਵਰਤੋਂ ਦੇ ਕੱਪੜੇ ਇਨ੍ਹਾਂ ਟੰਗਣਿਆਂ ਤੇ ਵੀ ਟੰਗ ਦਿੰਦੇ ਸਨ। ਜਿਨ੍ਹਾਂ ਪਰਿਵਾਰਾਂ ਕੋਲ ਰਜਾਈਆਂ ਗਦੈਲੇ ਰੱਖਣ ਲਈ ਜਗ੍ਹਾ ਨਹੀਂ ਹੁੰਦੀ ਸੀ, ਉਹ ਪਰਿਵਾਰ ਸਿਆਲ ਲੰਘਣ ਪਿਛੋਂ ਰਜਾਈਆਂ ਗਦੈਲਿਆਂ ਨੂੰ ਇਨ੍ਹਾਂ ਟੰਗਣਿਆਂ ਉਪਰ ਰੱਖ ਕੇ ਉਪਰੋਂ ਖੱਦਰ ਦੇ ਕੱਪੜੇ ਨਾਲ ਢਕ ਦਿੰਦੇ ਸਨ ਤੇ ਹੇਠੋਂ ਸੂਈ ਧਾਗੇ ਨਾਲ ਸਿਉਂ ਦਿੰਦੇ ਸਨ।
ਅੱਜ ਤੋਂ 60 ਕੁ ਸਾਲ ਪਹਿਲਾਂ ਪਿੰਡ ਦੀ ਹਰ ਵਹੁਟੀ ਚਾਹੇ ਉਹ ਬੁੜੀ ਵੀ ਹੋ ਜਾਂਦੀ ਸੀ, ਉਸ ਨੂੰ ਘੱਗਰਾ ਪਾਉਣਾ ਪੈਂਦਾ ਸੀ। ਘੱਗਰੇ ਉਪਰ ਸਭ ਤੋਂ ਜ਼ਿਆਦਾ ਕੱਪੜਾ ਲੱਗਦਾ ਸੀ। ਨਵੀਂ ਵਹੁਟੀ ਦੇ ਘੱਗਰਿਆਂ ਵਿਚ ਸਿਲਮੇ ਸਤਾਰਿਆਂ ਵਾਲੇ ਰੇਸ਼ਮੀ ਨਾਲੇ ਪਾਏ ਜਾਂਦੇ ਸਨ। ਕਈ ਵੇਰ ਇਹ ਘੱਗਰੇ ਵੀ ਕੀਲਿਆਂ 'ਤੇ ਟੰਗੇ ਹੁੰਦੇ ਸਨ –
ਕੀਲੇ ਉਤੋਂ ਲਾਹ ਘੱਗਰਾ,
ਵਿਚ ਪਾ ਲੈ ਰੇਸ਼ਮੀ ਨਾਲਾ।
ਪਹਿਲੇ ਸਮਿਆਂ ਵਿਚ ਅੱਜ ਦੀ ਤਰ੍ਹਾਂ ਰਸੋਈਆਂ ਨਹੀਂ ਹੁੰਦੀਆਂ ਸਨ। ਰੋਟੀ ਪਕਾਉਣ ਲਈ ਵਿਹੜੇ ਵਿਚ ਓਟੇ ਬਣੇ ਹੁੰਦੇ ਸਨ। ਕੌਲੀਆਂ, ਗਲਾਸ ਅਤੇ ਹੋਰ ਛੋਟੇ ਭਾਂਡੇ ਰੱਖਣ ਲਈ ਦੋ ਕੀਲੇ ਗੱਡ ਕੇ ਉਸ ਉਪਰ ਫੱਟੀ ਰੱਖ ਕੇ ਭਾਂਡੇ ਰੱਖੇ ਜਾਂਦੇ ਸਨ ।