

ਛਿਕੁਲੀ
ਪਸ਼ੂਆਂ ਦੇ ਮੂੰਹ ਉਪਰ ਬੰਨ੍ਹਣ ਲਈ ਸਣ ਦੀ ਰੱਸੀ ਦੀ ਛੇਕਦਾਰ ਬਣੀ ਗੁਥਲੀ ਨੂੰ ਛਿਕੁਲੀ ਕਹਿੰਦੇ ਹਨ। ਇਸ ਦੀ ਵਰਤੋਂ ਵੱਖ-ਵੱਖ ਪਸ਼ੂਆਂ ਲਈ ਵੱਖ-ਵੱਖ ਮੰਤਵਾਂ ਲਈ ਕੀਤੀ ਜਾਂਦੀ ਸੀ। ਜਿਹੜੇ ਕਟਰੂ ਵੱਛਰੂ ਮਿੱਟੀ ਖਾਂਦੇ ਹੁੰਦੇ ਸਨ, ਉਨ੍ਹਾਂ ਨੂੰ ਛਿਕੁਲੀ ਲਾਈ ਜਾਂਦੀ ਸੀ ਤਾਂ ਜੋ ਉਹ ਮਿੱਟੀ ਨਾ ਖਾ ਸਕਣ। ਦੂਜੇ ਜਦ ਇਨ੍ਹਾਂ ਕਟਰੂਆਂ ਵੱਛਰੂਆਂ ਨੂੰ ਵਾੜੇ ਵਿਚ ਹੀ ਖੁਲ੍ਹਾ ਛੱਡਿਆ ਜਾਂਦਾ ਸੀ ਤਾਂ ਛਿਕੁਲੀ ਲਾਈ ਜਾਂਦੀ ਸੀ ਤਾਂ ਜੋ ਇਹ ਮੱਝਾਂ ਗਾਈਆਂ ਨੂੰ ਚੁੰਘਣ ਨੂੰ ਤੰਗ ਨਾ ਕਰਨ। ਕਈ ਕਟਰੂਆਂ ਵਛਰੂਆਂ ਦੇ ਬਘਿਆੜੀ ਵੀ ਲਾ ਦਿੰਦੇ ਸਨ । ਮਧਾਣੀ ਲੋਟ ਲੱਕੜ ਦੀਆਂ ਕਟਰੂਆਂ ਦੇ ਮੂੰਹ ਤੇ ਲਾਈਆਂ ਕਿੱਲੀਆਂ ਨੂੰ ਬਘਿਆੜੀ ਕਹਿੰਦੇ ਸਨ। ਤੀਜੇ ਜਦ ਮੱਝਾਂ ਗਾਈਆਂ ਦੇ ਨਾਲ ਕਟਰੂਆਂ ਵੱਛਰੂਆਂ ਨੂੰ ਬਾਹਰ ਖੇਤਾਂ ਵਿਚ ਚਾਰਨ ਲੈ ਕੇ ਜਾਂਦੇ ਸਨ, ਉਸ ਸਮੇਂ ਵੀ ਛਿਕੁਲੀ ਲਾਈ ਜਾਂਦੀ ਸੀ।
ਬਲਦਾਂ ਨੂੰ ਜਦ ਬਾਹਰ ਹਲ ਵਾਹੁਣ, ਫ਼ਸਲ ਬੀਜਣ ਜਾਂ ਖੂਹ ਚਲਾਉਣ ਲੈ ਕੇ ਜਾਂਦੇ ਸਨ, ਉਸ ਸਮੇਂ ਇਨ੍ਹਾਂ ਦੇ ਮੂੰਹਾਂ 'ਤੇ ਛਿਕੁਲੀਆਂ ਦਿੱਤੀਆਂ ਜਾਂਦੀਆਂ ਸਨ ਤਾਂ ਜੋ ਰਸਤੇ ਵਿਚ ਪੈਂਦੀਆਂ ਫ਼ਸਲਾਂ ਨੂੰ ਬਲਦ ਮੂੰਹ ਨਾ ਮਾਰ ਸਕਣ। ਕਈ ਵੇਰ ਜਿੱਥੇ ਵਾਹੀ ਕਰਨੀ ਹੁੰਦੀ ਸੀ ਜਾਂ ਫ਼ਸਲ ਬੀਜਣੀ ਹੁੰਦੀ ਸੀ, ਜੇਕਰ ਉਸ ਖੇਤ ਦੇ ਨਾਲ ਚਰੀ, ਮੱਕੀ, ਬਾਜਰਾ ਜਾਂ ਕੋਈ ਹੋਰ ਫਸਲ ਖੜੀ ਹੁੰਦੀ ਸੀ, ਉਸ ਸਮੇਂ ਹਲ ਦੇ ਬਾਹਰਲੇ ਪਾਸੇ ਜਿਹੜਾ ਬਲਦ ਜੋੜਿਆ ਹੁੰਦਾ ਸੀ, ਉਸ ਦੇ ਛਿਕੁਲੀ ਦਿੱਤੀ ਜਾਂਦੀ ਸੀ ਤਾਂ ਜੋ ਉਹ ਬਲਦ ਨਾਲ ਖੜੀ ਫ਼ਸਲ ਨੂੰ ਮੂੰਹ ਨਾ ਮਾਰੇ। ਇਹ ਛਿਕੁਲੀ ਉਸ ਸਮੇਂ ਤੱਕ ਦੇ ਕੇ ਰੱਖੀ ਜਾਂਦੀ ਸੀ, ਜਿੰਨੇ ਸਮੇਂ ਤੱਕ ਬਾਹਰ ਖੜੀ ਫ਼ਸਲ ਤੱਕ ਬਲਦ ਦਾ ਮੂੰਹ ਜਾ ਸਕਦਾ ਹੁੰਦਾ ਸੀ।

ਖਰਾਸ ਲੱਗਣ ਤੇ ਸਾਰੀ ਪਿਹਾਈ ਖਰਾਸਾਂ 'ਤੇ ਹੋਣ ਲੱਗ ਪਈ। ਜਿਹੜੇ ਇਲਾਕਿਆਂ ਵਿਚੋਂ ਦੀ ਨਹਿਰਾਂ ਲੰਘਦੀਆਂ ਸਨ, ਉਥੇ ਨਹਿਰਾਂ 'ਤੇ ਘਰਾਟ ਲੱਗ ਗਏ। ਇਸ ਨਾਲ ਵੀ ਘਰ ਦੀਆਂ ਸੁਆਣੀਆਂ ਨੂੰ ਹੋਰ ਸਹੂਲਤ ਹੋ ਗਈ-
ਜਿਉਂਦੇ ਰਹਿਣ ਘਰਾਟਾਂ ਵਾਲੇ,
ਸੁੱਤੀਆਂ ਨਾ ਜਾਗਦੀਆਂ।
ਉਨ੍ਹਾਂ ਸਮਿਆਂ ਵਿਚ ਸਾਰੀ ਖੇਤੀ ਬਲਦਾਂ ਤੇ ਊਠਾਂ ਨਾਲ ਕੀਤੀ ਜਾਂਦੀ ਸੀ । ਬਲਦਾਂ ਤੇ ਊਠਾਂ ਨੂੰ ਖ਼ੁਰਾਕ ਵੀ ਪੂਰੀ ਦਿੱਤੀ ਜਾਂਦੀ ਸੀ। ਸ਼ਿੰਗਾਰ ਕੇ ਵੀ ਪੂਰੇ ਰੱਖੇ ਜਾਂਦੇ ਸਨ। ਕਈ ਸ਼ੁਕੀਨ ਜੱਟ ਖਰਾਸ ਤੇ ਜੋੜਨ ਲਈ ਆਪਣੇ ਬਲਦਾਂ ਨੂੰ ਘੁੰਗਰੂਆਂ ਨਾਲ ਸ਼ਿੰਗਾਰ ਕੇ ਲਿਆਉਂਦੇ ਸਨ –
ਬੱਗੇ ਬਲਦ ਖਰਾਸੇ ਜਾਣਾ,
ਜੈ ਕੁਰੇ ਕੱਢ ਘੁੰਗਰੂ।