

ਗਾਂਧੀ ਦੇ ਖੱਦਰ ਨੇ,
ਸੰਘ ਲੱਠੇ ਦਾ ਘੁੱਟਿਆ ਯਾਰੋ।
ਗਾਂਧੀ ਖੱਦਰ ਹੱਥ ਖੱਡੀਆਂ 'ਤੇ ਬਣਾਇਆ ਜਾਂਦਾ ਸੀ। ਮਹਾਤਮਾ ਗਾਂਧੀ ਨੇ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਖੱਦਰ ਪਾਉਣ ਲਈ ਪਾਬੰਦ ਵੀ ਕੀਤਾ। ਵਿਦੇਸ਼ੀ ਕਪੜੇ ਦੀ ਵਰਤੋਂ ਦਾ ਬਾਈਕਾਟ ਵੀ ਕੀਤਾ। ਉਸ ਸਮੇਂ ਖੱਦਰ ਪਹਿਨਣ ਵਾਲੇ ਵਰਕਰ ਦੀ ਕਦਰ ਵੀ ਕੀਤੀ ਜਾਂਦੀ ਸੀ। ਖੱਦਰ ਪਹਿਨਣ ਵਾਲੇ ਨੂੰ ਇਕ ਮਾਡਲ ਇਨਸਾਨ ਵੀ ਗਿਣਿਆ ਜਾਂਦਾ ਸੀ। ਸਮੇਂ ਦੇ ਗੁਜ਼ਰਨ ਨਾਲ ਖੱਦਰ ਦੀ ਵਰਤੋਂ ਘਟਣ ਲੱਗੀ। ਇਸਤਰੀਆਂ ਵੀ ਆਪਣੇ ਘਰ ਵਾਲੇ ਤੋਂ ਖੱਦਰ ਦੀ ਥਾਂ ਦੂਸਰੇ ਕੱਪੜਿਆਂ ਦੀ ਮੰਗ ਕਰਨ ਲੱਗੀਆਂ –
ਖੱਦਰ ਹੱਡਾਂ ਨੂੰ ਖਾਵੇ,
ਮਲ ਮਲ ਲਿਆ ਦੇ ਵੇ।
X X X
ਸੱਤ ਰੰਗੀ ਬੋਸਕੀ ਦਾ ਸੂਟ ਸਵਾ ਦੇ।
ਸੂਟ ਸਵਾ ਦੇ, ਮੋਰ ਘੁੱਗੀਆਂ ਪਵਾ ਦੇ।
ਹੁਣ ਕੋਈ ਵੀ ਖੱਦਰ ਨਹੀਂ ਪਹਿਨਦਾ। ਸਮੇਂ ਦੇ ਗੁਜ਼ਰਨ ਨਾਲ ਖੱਦਰ ਦੀ 'ਕੱਲੀ ਕਦਰ ਹੀ ਨਹੀਂ ਘਟੀ, ਸਗੋਂ ਖੱਦਰ ਪਹਿਨਣ ਵਾਲੇ ਬਹੁਤੇ ਵਰਕਰਾਂ ਵਿਚ ਆਚਰਨਿਕ ਤੇ ਆਰਥਿਕ ਬੁਰਾਈਆਂ ਵੀ ਆਈਆਂ ਹਨ। ਲੋਕ ਹੁਣ ਖੱਦਰ ਪਾਉਣ ਵਾਲੇ ਨੂੰ ਨਫ਼ਰਤ ਕਰਦੇ ਹਨ-
ਖੱਦਰ ਠੱਗ ਪਹਿਨਦੇ,
ਮੈਨੂੰ ਲੈ ਦੇ ਰੇਸ਼ਮੀ ਸਾੜ੍ਹੀ।
ਹੁਣ ਮੈਂ ਤੁਹਾਨੂੰ ਕੁੰਬਲ ਕਿਹੋ ਜਿਹੀ ਹੁੰਦੀ ਸੀ? ਕੁੰਬਲ ਦੀ ਬਣਤਰ ਕੀ ਹੁੰਦੀ ਸੀ? ਦੱਸਣ ਜਾ ਰਿਹਾ ਹਾਂ।
ਕੁੰਬਲ ਆਮ ਤੌਰ 'ਤੇ ਘਰ ਦੇ ਖੁੱਲ੍ਹੇ ਦਲਾਨ ਵਿਚ ਬਣਾਈ ਜਾਂਦੀ ਸੀ। ਕੁੰਬਲ ਨੂੰ ਬਣਾਉਣ ਲਈ ਧਰਤੀ ਵਿਚ ਤਿੰਨ ਕੁ ਫੁੱਟ ਡੂੰਘਾ ਤੇ ਚਾਰ ਕੁ ਫੁੱਟ ਚੌੜਾ ਟੋਆ ਪੁੱਟਿਆ ਜਾਂਦਾ ਸੀ। ਏਸ ਟੋਏ ਦੇ ਅਗਲੇ ਹਿੱਸੇ ਦੇ ਬਾਹਰਲੇ ਪਾਸੇ ਧਰਤੀ ਦੀ ਪੱਧਰ 'ਤੇ ਆਹਮੋ ਸਾਹਮਣੇ ਦੋ ਮੋਟੇ ਕੀਲੇ ਗੱਡੇ ਹੁੰਦੇ ਸਨ। ਇਨ੍ਹਾਂ ਕੀਲਿਆਂ ਨੂੰ ਤੁਲ ਵਾਲੇ ਕੀਲੇ ਕਹਿੰਦੇ ਸਨ। ਕੀਲਿਆਂ ਦੇ ਅੰਦਰਲੇ ਪਾਸੇ ਗੋਲ ਖੱਡੇ ਕੀਤੇ ਹੁੰਦੇ ਸਨ। ਇਨ੍ਹਾਂ ਕੀਲਿਆਂ ਦੇ ਖੱਡਿਆਂ ਵਿਚ ਚਾਰ ਕੁ ਫੁੱਟ ਚਪਟੀ ਲੱਕੜ, ਜਿਸ ਦੇ ਸਿਰਿਆਂ ਨੂੰ ਪਤਲਾ ਤੇ ਗੋਲ ਕੀਤਾ ਹੁੰਦਾ ਸੀ, ਵਿਚ ਪਾਇਆ ਜਾਂਦਾ ਸੀ। ਏਸ ਪਾਈ ਲੱਕੜ ਨੂੰ ਤੁਲ ਕਹਿੰਦੇ ਸਨ। ਏਸ ਤੁਲ ਵਿਚ ਆਰ ਪਾਰ ਗਲੀਆਂ ਕੱਢੀਆਂ ਹੁੰਦੀਆਂ ਸਨ,