

ਸਨ। ਖੱਦਰ ਬੁਣਨ ਵਾਲਾ ਜੁਲਾਹਾ/ਜਨਾਨੀ ਇਨ੍ਹਾਂ ਪਊਆਂ ਨੂੰ ਵਾਰੀ ਵਾਰੀ ਆਪਣੇ ਪੈਰਾਂ ਨਾਲ ਉਪਰ ਹੇਠ ਦਬਦਾ ਹੁੰਦਾ ਸੀ। ਜਿਸ ਨਾਲ ਤਾਣਾ ਉਪਰ ਹੇਠ ਹੁੰਦਾ ਰਹਿੰਦਾ ਸੀ। ਏਸ ਤਾਣੇ ਵਿਚ ਦੀ ਲੋਹੇ ਦੀ ਨਲੀ, ਜਿਸ ਵਿਚ ਧਾਗੇ ਦੀਆਂ ਨਲਕੀਆਂ ਪਾਈਆਂ ਹੁੰਦੀਆਂ ਸਨ, ਨੂੰ ਲੰਘਾਇਆ ਜਾਂਦਾ ਸੀ। ਏਸ ਨਲੀ ਵਿਚ ਦੀ ਵਗੇ ਧਾਗੇ ਨਾਲ ਹੀ ਕਪੜਾ ਬਣਨਾ ਸ਼ੁਰੂ ਹੁੰਦਾ ਸੀ। ਤਾਣੇ ਵਿਚ ਦੀ ਨਲੀ ਵਗਾਉਣ ਤੋਂ ਪਿੱਛੋਂ ਤਾਣੇ ਵਿਚ ਪਾਈ ਹੋਈ ਕੰਘੀ ਨਾਲ ਏਸ ਵਗੇ ਧਾਗੇ ਨੂੰ ਪਹਿਲਾਂ ਬਣੇ ਖੱਦਰ ਨਾਲ ਸੈੱਟ ਕਰਨ ਲਈ ਠੋਕਿਆ ਜਾਦਾ ਸੀ। ਬਣੇ ਖੱਦਰ ਦਾ ਸਾਈਜ਼ ਇਕੋ ਜਿਹਾ ਰਹੇ, ਏਸ ਲਈ ਬੁਣੇ ਖੱਦਰ ਤੇ ਲੱਕੜ ਦੀ ਦੋ ਹਿੱਸਿਆਂ ਵਿਚ ਬਣੀ ਪਣਖ ਲਾਈ ਜਾਂਦੀ ਸੀ। ਏਸ ਪਣਖ ਦੇ ਦੋਵੇਂ ਬਾਹਰਲੇ ਹਿੱਸਿਆਂ ਵਿਚ ਤਿੱਖੀਆਂ ਮੇਖਾਂ/ਆਰਾਂ ਲਾਈਆਂ ਹੁੰਦੀਆਂ ਸਨ। ਇਨ੍ਹਾਂ ਆਰਾਂ ਨੂੰ ਬੁਣੇ ਹੋਏ ਖੱਦਰ ਦੇ ਸਿਰਿਆਂ ਵਿਚ ਲਾ ਕੇ ਪਣਖ ਨੂੰ ਵਿਚਾਲੇ ਇਕ ਕਲਿਪ ਨਾਲ ਜੋੜ ਦਿੱਤਾ ਜਾਂਦਾ ਸੀ।
ਜਿਉਂ ਜਿਉਂ ਕਪੜਾ ਬੁਣਿਆ ਜਾਂਦਾ ਸੀ, ਤਿਉਂ ਤਿਉਂ ਏਸ ਬੁਣੇ ਖੱਦਰ ਨੂੰ ਤੁਲ ਤੇ ਵਲ੍ਹੇਟਿਆ ਜਾਂਦਾ ਸੀ। ਤੁਲ ਵਿਚ ਕਪੜਾ ਵਲ੍ਹੇਟਣ ਕਰ ਕੇ ਕੀਲੇ ਵਿਚ ਬੰਨ੍ਹੇ ਤਾਣੇ ਨੂੰ ਖੋਲ੍ਹ ਕੇ ਹੋਰ ਅੱਗੇ ਕੀਤਾ ਜਾਂਦਾ ਸੀ। ਏਸ ਤਰ੍ਹਾਂ ਖੱਦਰ ਬੁਣਨ ਦਾ ਕਾਰਜ ਚਲਦਾ ਰਹਿੰਦਾ ਸੀ। ਇਹੀ ਸੀ ਕੁੰਬਲ ਦੀ ਬਣਤਰ ਤੇ ਖੱਦਰ ਬੁਣਨ ਦੀ ਵਿਧੀ।
ਪੰਜਾਬ ਵਿਚ ਸ਼ਾਇਦ ਹੀ ਹੁਣ ਕਿਸੇ ਪਿੰਡ ਜਾਂ ਸ਼ਹਿਰ ਵਿਚ ਕੁੰਬਲ ਮਿਲੇ।
0
ਆਵੀ ਪਾਉਣੀ
ਮਨੁੱਖ ਦੀਆਂ ਤਿੰਨ ਮੁੱਢਲੀਆਂ ਲੋੜਾਂ ਹਨ, ਜਿਨ੍ਹਾਂ ਨੂੰ ਪਹਿਲੇ ਸਮਿਆਂ ਵਿਚ ਗੁੱਲੀ, ਜੁੱਲੀ ਤੇ ਕੁੱਲੀ ਕਿਹਾ ਜਾਂਦਾ ਸੀ। ਪਹਿਲਾਂ ਪਿੰਡ ਹੋਂਦ ਵਿਚ ਆਏ। ਪਿੰਡ ਉਨ੍ਹਾਂ ਸਮਿਆਂ ਵਿਚ ਸਵੈ-ਨਿਰਭਰ ਹੁੰਦੇ ਸਨ। ਮਨੁੱਖ ਦੀਆਂ ਇਹ ਤਿੰਨੇ ਲੋੜਾਂ ਪਿੰਡ ਵਿਚ ਹੀ ਪੂਰੀਆਂ ਹੋ ਜਾਂਦੀਆਂ ਸਨ। ਖਾਣ ਲਈ ਅਨਾਜ ਪਿੰਡ ਵਿਚ ਪੈਦਾ ਹੋ ਜਾਂਦਾ ਸੀ। ਜਨਾਨੀਆਂ ਆਟਾ ਚੱਕੀ 'ਤੇ ਪੀਹ ਲੈਂਦੀਆਂ ਸਨ। ਕਪਾਹ ਪਿੰਡ ਵਿਚ ਪੈਦਾ ਹੁੰਦੀ ਸੀ। ਸੂਤ ਜਨਾਨੀਆਂ ਕੱਤ ਲੈਂਦੀਆਂ ਸਨ। ਕੱਪੜਾ ਪਿੰਡ ਦੇ ਜੁਲਾਹੇ ਤਿਆਰ ਕਰ ਦਿੰਦੇ ਸਨ। ਦਰਜੀ ਸਿਉਂ ਦਿੰਦੇ ਸਨ। ਰਹਿਣ ਲਈ ਕੁੱਲੀਆਂ ਲੋਕ ਆਪ ਬਣਾ ਲੈਂਦੇ ਸਨ। ਫੇਰ ਪਿੰਡਾਂ ਦੇ ਤਰਖਾਣ/ਮਿਸਤਰੀ ਕੱਚੇ ਘਰ ਬਣਾਉਣ ਲੱਗ ਪਏ। ਕੁਝ ਗਿਣਤੀ ਦੀਆਂ ਵਸਤਾਂ ਹੀ ਹੁੰਦੀਆਂ ਸਨ, ਜਿਹੜੀਆਂ ਪਿੰਡ ਦੇ ਹੱਟ-ਬਾਣੀਏ ਸ਼ਹਿਰੋਂ ਲਿਆ ਕੇ ਵੇਚਦੇ ਸਨ।