

ਫੱਟੇ ਦੇ ਦੋਵੇਂ ਸਿਰਿਆਂ ਤੋਂ 8/10 ਕੁ ਇੰਚ ਜਗ੍ਹਾ ਛੱਡ ਕੇ ਅੰਦਰਲੇ ਪਾਸੇ ਦੇ ਲੋਹੇ ਦੇ ਕੁੰਡੇ ਚੰਗੀ ਤਰ੍ਹਾਂ ਫਿੱਟ ਕੀਤੇ ਹੁੰਦੇ ਸਨ। ਇਨ੍ਹਾਂ ਦੋਵਾਂ ਕੁੰਡਿਆਂ ਵਿਚ ਪਤਲੇ ਰੱਸੇ ਪਾਏ ਹੁੰਦੇ ਸਨ। ਇਹ ਰੱਸੇ ਆਮ ਤੌਰ ਤੇ 6/7 ਕੁ ਫੁੱਟ ਤੱਕ ਲੰਮੇ ਹੁੰਦੇ ਸਨ। ਇਨ੍ਹਾਂ ਰੱਸਿਆਂ ਦੇ ਸਿਰਿਆਂ ਨੂੰ ਲੱਕੜ ਦੇ ਇਕ ਫੁੱਟ ਕੁ ਤੱਕ ਲੰਮੇ ਡੰਡੇ ਨਾਲ ਬੰਨ੍ਹਿਆ ਹੁੰਦਾ ਸੀ। ਏਸ ਡੰਡੇ ਨੂੰ ਫੜ ਕੇ ਹੀ ਜਿੰਦੇ ਨੂੰ ਖਿੱਚਿਆ ਜਾਂਦਾ ਸੀ ।
ਜਿੰਦੇ ਦੀ ਖੇਤ ਵਿਚ ਕਿਆਰਿਆਂ ਦੀਆਂ ਵੱਟਾਂ ਪਾਉਣ ਲਈ ਵਰਤੋਂ ਕੀਤੀ ਜਾਂਦੀ ਸੀ। ਚਾਹੇ ਇਹ ਵੱਟਾਂ ਰੌਣੀ ਕਰਨ ਲਈ ਕਿਆਰਿਆਂ ਦੀਆਂ ਹੋਣ, ਚਾਹੇ ਬੀਜੀ ਫ਼ਸਲ ਦੀਆਂ ਹੋਣ, ਚਾਹੇ ਖਾਲ ਬਣਾਉਣ ਲਈ ਹੋਣ। ਜਿੰਦੇ ਦੀ ਵਰਤੋਂ ਦੋ ਆਦਮੀਆਂ ਨਾਲ ਕੀਤੀ ਜਾਂਦੀ ਸੀ। ਜਿੱਥੇ ਕਿਆਰਿਆਂ ਦੀਆਂ ਜਾਂ ਖਾਲ ਦੀਆਂ ਵੱਟਾਂ ਪਾਉਣੀਆਂ ਹੁੰਦੀਆਂ ਸਨ, ਉਥੇ ਪਹਿਲਾਂ ਇਕ ਆਦਮੀ ਜਿਸ ਥਾਂ ਤੇ ਵੱਟ ਪਾਉਣੀ ਹੁੰਦੀ ਸੀ, ਉਸ ਥਾਂ ਤੇ ਜਾ ਖੜ੍ਹਦਾ ਸੀ। ਦੂਸਰਾ ਆਦਮੀ ਉਸ ਸਾਹਮਣੇ ਖੜੇ ਆਦਮੀ ਦੀ ਸੇਧ ਵਿਚ ਪੈਰ ਨਾਲ ਲਕੀਰ ਖਿੱਚਦਾ ਜਾਂਦਾ ਸੀ। ਏਸ ਤਰ੍ਹਾਂ ਪਹਿਲਾਂ ਉਸ ਖੇਤ ਵਿਚ ਲਕੀਰਾਂ ਕੱਢ ਲਈਆਂ ਜਾਂਦੀਆਂ ਸਨ । ਫੇਰ ਇਕ ਆਦਮੀ ਜਿੰਦੇ ਦੇ ਹੱਥੇ ਨੂੰ ਫੜ ਕੇ ਲਕੀਰ ਵਾਲੀ ਥਾਂ ਤੋਂ ਥੋੜੀ ਦੂਰ ਜਿੰਦੇ ਨੂੰ ਰੱਖਦਾ ਸੀ। ਫੇਰ ਜਿੰਦੇ ਨੂੰ ਦੋਹਾਂ ਹੱਥਾਂ ਨਾਲ ਧਰਤੀ ਤੇ ਦਬਾਉਂਦਾ ਸੀ । ਦੂਸਰਾ ਆਦਮੀ ਜਿੰਦੇ ਵਿਚ ਪਾਏ ਰੱਸਿਆਂ ਨਾਲ ਜਿੰਦਾ ਖਿੱਚਦਾ ਸੀ। ਜਿੰਦੇ ਖਿੱਚਣ ਨਾਲ ਆਈ ਮਿੱਟੀ ਨੂੰ ਲਕੀਰ ਵਾਲੀ ਥਾਂ ਤੇ ਛੱਡ ਦਿੱਤਾ ਜਾਂਦਾ ਸੀ। ਏਸ ਤਰ੍ਹਾਂ ਜਦ ਪੂਰੇ ਕਿਆਰੇ ਦੀ ਇਕ ਪਾਸੇ ਤੋਂ ਵੱਟ ਪੈ ਜਾਂਦੀ ਸੀ ਤਾਂ ਫੇਰ ਜਿੰਦੇ ਨੂੰ ਵੱਟ ਦੇ ਦੂਸਰੇ ਪਾਸੇ ਲਾ ਕੇ ਇਸ ਪਾਈ ਵੱਟ ਨਾਲ ਹੋਰ ਮਿੱਟੀ ਲਾਈ ਜਾਂਦੀ ਸੀ। ਇਸ ਤਰ੍ਹਾਂ ਇਕ ਕਿਆਰੇ ਦੀ ਵੱਟ ਪੈਂਦੀ ਸੀ। ਏਸੇ ਤਰ੍ਹਾਂ ਫੇਰ ਪੂਰੇ ਖੇਤ ਦੀਆ ਵੱਟਾਂ ਪਾਈਆਂ ਜਾਂਦੀਆਂ ਸਨ।
ਪਹਿਲਾਂ ਸਾਰੀ ਖੇਤੀ ਬਲਦਾਂ/ਊਠਾਂ ਨਾਲ ਕੀਤੀ ਜਾਂਦੀ ਸੀ। ਖੇਤਾਂ ਨੂੰ ਪਾਣੀ ਹਲਟਾਂ ਨਾਲ ਦਿੱਤਾ ਜਾਂਦਾ ਸੀ। ਏਸ ਲਈ ਛੋਟੇ ਛੋਟੇ ਕਿਆਰੇ ਪਾਏ ਜਾਂਦੇ ਸਨ ਤਾਂ ਜੋ ਕਿਆਰਿਆਂ ਵਿਚ ਛੇਤੀ ਪਾਣੀ ਲੱਗ ਸਕੇ। ਏਸ ਲਈ ਉਨ੍ਹਾਂ ਸਮਿਆਂ ਵਿਚ ਜਿੰਦੇ ਦੀ ਬਹੁਤ ਵਰਤੋਂ ਹੁੰਦੀ ਸੀ। ਹੁਣ ਤਾਂ ਤਕਰੀਬਨ ਸਾਰੀ ਖੇਤੀ ਦਾ ਮਸ਼ੀਨੀਕਰਨ ਹੋ ਚੁੱਕਿਆ ਹੈ। ਖੇਤਾਂ ਨੂੰ ਪਾਣੀ ਟਿਊਬੈਲਾਂ ਰਾਹੀਂ ਦਿੱਤਾ ਜਾਂਦਾ ਹੈ। ਕਿਆਰਿਆਂ ਦੀਆਂ ਵੱਟਾਂ ਹੁਣ ਟ੍ਰੈਕਟਰਾਂ ਨਾਲ ਪਾਈਆਂ ਜਾਂਦੀਆਂ ਹਨ। ਜ਼ੀਰੀ ਦੇ ਕਿਆਰੇ ਤਾਂ ਕਈ ਜ਼ਿਮੀਂਦਾਰ ਏਕੜ ਏਕੜ ਤੱਕ ਦੇ ਬਣਾ ਲੈਂਦੇ ਹਨ। ਕਣਕ ਦੇ ਕਿਆਰੇ ਵੀ ਬਿੱਘੇ ਬਿੱਘੇ ਤੱਕ ਦੇ ਬਣਾ ਲਏ ਜਾਂਦੇ ਹਨ। ਹੁਣ ਹੱਥ ਜਿੰਦੇ ਨਾਲ ਕਿਸੇ ਛੋਟੇ ਜਿਹੇ ਖੇਤ ਵਿਚ ਹੀ ਕੋਈ ਜ਼ਿਮੀਂਦਾਰ ਤੁਹਾਨੂੰ ਕਿਆਰਿਆਂ ਦੀਆਂ ਵੱਟਾਂ ਪਾਉਂਦਾ ਨਜ਼ਰ ਆਵੇਗਾ।
0