

ਕੁ ਫੁੱਟ ਦਾ ਹੁੰਦਾ ਸੀ। ਸਲਘ ਦੀਆਂ ਸੁੱਤਾਂ 2 ਕੁ ਫੁਟ ਦੀਆਂ ਹੁੰਦੀਆਂ ਸਨ, ਪਰ ਹੁੰਦੀਆਂ ਸਨ ਲੱਕੜ ਦੀਆਂ। ਸੁੱਤਾਂ ਦੇ ਅਖੀਰਲੇ ਹਿੱਸੇ ਦੇ ਵਿਚ ਹੱਥ ਦਾ ਹੇਠਲਾ ਹਿੱਸਾ ਪਾ ਕੇ ਲੋਹੇ ਦੀ ਪੱਤੀ ਲਾ ਕੇ ਚੰਗੀ ਤਰ੍ਹਾਂ ਫਿੱਟ ਕੀਤਾ ਜਾਂਦਾ ਸੀ। ਇਸ ਤਰ੍ਹਾਂ ਸਲਘ ਦੀਆਂ ਸੁੱਤਾਂ ਦੀ ਅਗਲੇ ਹਿੱਸੇ ਦੀ ਚੌੜਾਈ ਅੱਠ ਕੁ ਇੰਚ ਰਹਿ ਜਾਂਦੀ ਸੀ। ਕਈ ਸਲਘਾਂ ਅੱਗੇ ਇਕ ਤੀਜੀ ਸੁੱਤ/ਸਿੰਗੜ ਵੀ ਲਾਇਆ ਹੁੰਦਾ ਸੀ, ਜਿਸ ਨੂੰ ਬਘਿਆੜਾ ਕਹਿੰਦੇ ਸਨ। ਇਹ ਸਲਘ ਲਾਗਾ ਉੱਚਾ ਸਿੱਟਣ ਲਈ ਵਰਤੀ ਜਾਂਦੀ ਸੀ।
ਹੁਣ ਆਉਂਦੇ ਹਾਂ ਜੱਟ ਵੱਲ। ਜੱਟ ਦਾ ਹੱਥਾ ਵੀ ਚਾਰ ਕੁ ਫੁੱਟ ਦਾ ਹੁੰਦਾ ਸੀ। ਸੁੱਤਾਂ ਏਸ ਦੀਆਂ ਵੀ ਦੋ ਕੁ ਫੁੱਟ ਦੀਆਂ ਹੁੰਦੀਆਂ ਸਨ,ਪਰ ਹੁੰਦੀਆਂ ਸਨ ਲੱਕੜ ਦੀਆਂ। ਇਨ੍ਹਾਂ ਸੁੱਤਾਂ ਨੂੰ ਹੱਥ ਨਾਲ ਸਿੱਧਾ ਨਹੀਂ ਜੋੜਿਆ ਜਾਂਦਾ ਸੀ, ਸਗੋਂ 60 ਡਿਗਰੀ ਦੇ ਲੈਵਲ ਦੇ ਨੇੜੇ ਤੇੜੇ ਜੋੜਿਆ ਜਾਂਦਾ ਸੀ। ਸੁੱਤਾਂ ਦੇ ਵਿਚਕਾਰ ਜਿਹੇ ਲੱਕੜ ਦਾ ਇਕ ਛੋਟਾ ਜਿਹਾ ਗੁਟਕਾ ਲਾ ਕੇ, ਉਸ ਗੁਟਕੇ ਵਿਚੋਂ ਦੀ ਦੋਵੇਂ ਪਾਸੇ ਲੋਹੇ ਦੀਆਂ ਪੱਤੀਆਂ ਲਾ ਕੇ ਹੱਥੇ ਨਾਲ ਤਿਰਛੀਆਂ ਜੋੜੀਆਂ ਜਾਂਦੀਆਂ ਸਨ। ਹੱਥ ਨਾਲ ਲੱਗੀਆਂ ਇਹ ਪੱਤੀਆਂ ਹੀ ਜੱਟ ਦੀ ਮਜ਼ਬੂਤੀ ਬਣਦੀ ਸੀ। ਏਸ ਮਜ਼ਬੂਤੀ ਕਰਕੇ ਹੀ ਜੱਟ ਬਹੁਤ ਸਾਰੇ, ਕਣਕ, ਛੋਲੇ, ਸਰ੍ਹੋਂ, ਤਾਰੇਮੀਰੇ ਆਦਿ ਦੇ ਲਾਣ ਨੂੰ ਖਿੱਚ ਲੈਂਦਾ ਸੀ, ਧੂਹ ਲੈਂਦਾ ਸੀ।
ਇਹ ਹੈ ਤੰਗਲੀ, ਚਾਰ ਸੁੱਤੇ, ਸਲਘ ਤੇ ਜੱਟ ਦੀ ਬਣਤਰ ਤੇ ਕਰਤਵ।
ਹੁਣ ਸਾਰੀ ਖੇਤੀ ਦਾ ਮਸ਼ੀਨੀਕਰਨ ਹੋ ਗਿਆ ਹੈ। ਏਸ ਲਈ ਤੰਗਲੀ, ਚਾਰ ਸੁੱਤੇ, ਸਲਘ ਤੇ ਜੱਟ ਜਿਹੇ ਸੰਦਾਂ ਦੀ ਵਰਤੋਂ ਨਾਂ-ਮਾਤਰ ਹੀ ਰਹਿ ਗਈ ਹੈ।
ਤੰਗਲੀ ਸ਼ਬਦ ਦੀ ਵਰਤੋਂ ਕਈ ਵੇਰ ਅਸੀਂ ਖੇਤੀ ਤੋਂ ਬਿਨਾਂ ਦੂਸਰੇ ਸਮਾਜਿਕ ਵਰਤ ਵਰਤਾਵੇ ਵਿਚ ਵੀ ਕਰ ਲੈਂਦੇ ਹਾਂ। ਜੇਕਰ ਕਿਸੇ ਬੰਦੇ ਦੀ ਉਸ ਦੇ ਕਾਰੋਬਾਰ ਵਿਚੋਂ ਆਮਦਨ ਨਿੱਤ ਦਿਨ ਵਧਦੀ ਰਹੇ ਤਾਂ ਉਸ ਬੰਦੇ ਬਾਰੇ ਕਿਹਾ ਜਾਂਦਾ ਹੈ, "ਉਹ ਤਾਂ ਤੰਗਲੀ ਨਾਲ ਨੋਟ 'ਕੱਠੇ ਕਰਦਾ ਹੈ।' ਜੇਕਰ ਕਿਸੇ ਨੂੰ ਆਪਣੇ ਬਜ਼ੁਰਗਾਂ ਵਲੋਂ ਕਮਾਈ ਹੋਈ ਰਾਸ਼ੀ ਮਿਲ ਜਾਵੇ, ਆਪ ਉਹ ਬੰਦਾ ਕੋਈ ਕੰਮ ਨਾ ਕਰੇ, ਖ਼ਰਚਾ ਖੁੱਲ੍ਹਾ ਕਰੇ ਤਾਂ ਉਸ ਬੰਦੇ ਬਾਰੇ ਕਿਹਾ ਜਾਂਦਾ ਹੈ, 'ਉਹ ਤਾਂ ਤੰਗਲੀ ਨਾਲ ਪੈਸੇ ਉਡਾ ਰਿਹਾ ਹੈ। ਉਸ ਨੇ ਤਾਂ ਪੈਸਿਆਂ ਨੂੰ ਤੰਗਲੀ ਲਾਈ ਹੋਈ ਹੈ।
0
ਛੱਜ, ਛਜਲੀ
ਕੋਈ ਸਮਾਂ ਸੀ, ਜਦ ਛੱਜ ਤੇ ਛਜਲੀ ਹਰ ਘਰ ਦੀ ਇਕ ਜ਼ਰੂਰੀ ਵਸਤ ਹੁੰਦੀ ਸੀ। ਇਨ੍ਹਾਂ ਤੋਂ ਬਿਨਾਂ ਨਾ ਘਰ ਦਾ ਅਤੇ ਨਾ ਖੇਤੀ ਦਾ ਗੁਜ਼ਾਰਾ ਹੁੰਦਾ ਸੀ। ਛੱਜ ਦੀ ਵਰਤੋਂ ਘਰਾਂ ਵਿਚ ਹੁੰਦੀ ਸੀ ਤੇ ਛਜਲੀ ਦੀ ਵਰਤੋਂ ਪਿੜਾਂ ਵਿਚ ਦਾਣੇ ਕੱਢਣ ਤੇ