

"ਛੱਜ ਭਰਿਆ ਅਰਬੀ ਦਾ
ਅੱਗ ਲਾਵਾਂ ਗਹਿਣਿਆਂ ਨੂੰ
ਮੁੰਡਾ ਮਿਲਿਆ ਨਾ ਮਰਜ਼ੀ ਦਾ।"
ਛੱਜ ਨਾਲ ਕਈ ਮੁਹਾਵਰੇ ਵੀ ਜੁੜੇ ਹੋਏ ਹਨ ਜਿਵੇਂ 'ਛੱਜ ਛੱਜ ਅੱਥਰੂ ਕੇਰਨਾ', ਬਹੁਤ ਰੋਣਾ, 'ਛੱਜ ਛੱਜ ਭਰ ਲੀਰਾਂ ਲਮਕਣਾ' ਬਹੁਤੀ ਗਰੀਬੀ ਹੋਣਾ, 'ਛੱਜੀਂ ਬੁੱਕੀਂ ਕਮਾਉਣਾ' ਬਹੁਤੀ ਕਮਾਈ ਕਰਨ ਨੂੰ ਕਹਿੰਦੇ ਹਨ। ਛੱਜ ਨਾਲ ਅਖਾਣ ਵੀ ਜੁੜੇ ਹੋਏ ਹਨ –
'ਛੱਜ ਤਾਂ ਬੋਲੇ, ਛਾਨਣੀ ਕੀ ਬੋਲੇ, ਜਿਸ ਵਿਚ ਨੌਂ ਸੌ ਛੇਕ।
ਜਿਸ ਦਾ ਮਤਲਬ ਹੈ ਇਕ ਮਾੜੇ ਆਦਮੀ ਨੂੰ ਕਿਸੇ ਚੰਗੇ ਪੁਰਸ਼, ਭਲੇ ਪੁਰਸ਼ ਦੇ ਔਗੁਣ ਦੱਸਣ ਦਾ ਕੋਈ ਹੱਕ ਨਹੀਂ ਹੁੰਦਾ। ਜਦ ਝਗੜਾ ਕਰਨ ਵਾਲੀਆਂ, ਲੜਨ ਵਾਲੀਆਂ ਦੋਹਾਂ ਧਿਰਾਂ ਨੂੰ ਫਿਟਕਾਰ ਪਾਉਣੀ ਹੋਵੇ ਤਾਂ ਕਿਹਾ ਜਾਂਦਾ ਹੈ
'ਛੱਜ ਭਰਿਆ ਤੋਹਾਂ ਦਾ, ਫਿੱਟੇ ਮੂੰਹ ਦੋਹਾਂ ਦਾ।'
ਏਸ ਤਰ੍ਹਾਂ ਛੱਜ ਦੀ ਸਾਡੀ ਨਿੱਤ ਦੀ ਜ਼ਿੰਦਗੀ ਵਿਚ ਕਿਤੇ ਨਾ ਕਿਤੇ ਵਰਤੋਂ ਹੁੰਦੀ ਰਹਿੰਦੀ ਹੈ। ਛੱਜ ਨਾਲ ਸਾਡੇ ਬਹੁਤ ਸਾਰੇ ਲੋਕ ਗੀਤ ਵੀ ਜੁੜੇ ਹੋਏ ਹਨ। ਜਦ ਨਾਨਕੀਆਂ, ਨਾਨਕ ਛੱਕ ਲੈ ਕੇ ਵਿਆਹਾਂ ਤੇ ਪਹੁੰਚਦੀਆਂ ਹੁੰਦੀਆਂ ਸਨ ਤਾਂ ਨਾਨਕਾ ਮੇਲ ਪਿੰਡ ਵੜਦਾ ਹੀ ਗਲੀਆਂ ਵਿਚ ਬੈਠੇ ਬੁੜੇ, ਗਭਰੂਆਂ, ਜਿਸ ਵਿਚ ਬਹੁਤੇ ਛੜੇ ਹੁੰਦੇ ਸਨ, ਬੋਲੀਆਂ ਪਾਉਂਦੀਆਂ ਹੋਈਆਂ, ਠਿੱਠ ਕਰਦੀਆਂ ਹੋਈਆਂ ਵਿਆਹ ਵਾਲੇ ਘਰ ਪਹੁੰਚਦੀਆਂ ਸਨ। ਦਾਦਕੀਆਂ ਪਹਿਲਾਂ ਹੀ ਨਾਨਕੇ ਮੇਲ ਦੀ ਉਡੀਕ ਵਿਚ ਘਰ ਵਿਚ ਬੈਠੀਆਂ ਹੁੰਦੀਆਂ ਸਨ। ਜਦ ਨਾਨਕੀਆਂ, ਦਾਦਕੀਆਂ ਨੂੰ ਨਿੰਦਣ, ਚੋਭਾਂ ਲਾਉਣ ਤੋਂ ਨਹੀਂ ਹਟਦੀਆਂ ਸਨ ਤਾਂ ਦਾਦਕੀਆਂ ਵੀ ਨਾਨਕੀਆਂ ਨਾਲ ਦੋ ਹੱਥ ਕਰਨ ਲਈ ਆਪਣਾ ਮੋਰਚਾ ਖੋਲ੍ਹ ਦਿੰਦੀਆਂ ਸਨ। ਸਭ ਤੋਂ ਪਹਿਲਾਂ ਤਾਂ ਉਹ ਪੋਲਾ ਜਿਹਾ ਵਾਰ ਕਰਦੀਆਂ ਹੁੰਦੀਆਂ ਸਨ-
ਚੰਦ ਉਹਲੇ ਚਾਨਣੀ,
ਪਰਾਤ ਓਹਲੇ ਛੱਜ ਓਇ।
ਨਾਨਕਿਆਂ ਦਾ ਮੇਲ ਆਇਆ,
ਗਾਉਣ ਦਾ ਨਾ ਚੱਜ ਉਇ।
ਦਾਦਕੀਆਂ ਦਾ ਅਗਲਾ ਥੋੜ੍ਹਾ ਜਿਹਾ ਸੇਕ ਲਾਉਣ ਵਾਲਾ ਵਾਰ ਹੁੰਦਾ ਸੀ-
ਛੱਜ ਓਹਲੇ ਛਾਨਣੀ,
ਪਰਾਤ ਓਹਲੇ ਤਵਾ ਓਇ।
ਨਾਨਕਿਆਂ ਦਾ ਮੇਲ ਆਇਆ,