Back ArrowLogo
Info
Profile

ਨਾਲ ਵੀ ਕਈ ਇਲਾਕਿਆਂ ਵਿਚ ਕੁੱਪ ਬੰਨ੍ਹਣ ਦਾ ਰਿਵਾਜ ਸੀ। ਇਹ ਕੁੱਪ ਗੋਲ ਆਕਾਰ ਵਿਚ ਬੰਨ੍ਹੇ ਜਾਂਦੇ ਸਨ। ਫੇਰ ਕਣਕ ਦੇ ਲਾਣ ਨਾਲ ਕੁੱਪ ਬੰਨ੍ਹਣ ਦਾ ਰਿਵਾਜ ਚੱਲਿਆ। ਇਹ ਕੁੱਪ ਵੀ ਆਮ ਤੌਰ 'ਤੇ ਗੋਲ ਆਕਾਰ ਵਿਚ ਹੀ ਬੰਨੇ ਜਾਂਦੇ ਸਨ। ਜਿਥੇ ਕੁੱਪ ਬੰਨ੍ਹਣਾ ਹੁੰਦਾ ਸੀ, ਉਥੇ ਪਹਿਲਾਂ ਤੂੜੀ ਦਾ ਛੋਟਾ ਜਿਹਾ ਢੇਰ ਸਿੱਟ ਲੈਂਦੇ ਸਨ। ਫੇਰ ਉਸ ਢੇਰ ਦੇ ਦੁਆਲੇ ਕਣਕ ਦੇ ਲਾਣ ਨੂੰ ਚਾਰ ਕੁ ਇੰਚ ਖਾਈ ਪੁੱਟ ਕੇ ਖੜਾ ਕੀਤਾ ਜਾਂਦਾ ਸੀ। ਏਸ ਖੜੇ ਕੀਤੇ ਲਾਣ ਦੇ ਦੁਆਲੇ ਪੱਟੀ ਹੋਈ ਮਿੱਟੀ ਨੂੰ ਹੀ ਖਾਈ ਵਿਚ ਸੁੱਟ ਕੇ ਤੋਹ ਦਿੱਤਾ ਜਾਂਦਾ ਸੀ, ਜਿਸ ਨਾਲ ਲਾਣ ਮਜ਼ਬੂਤੀ ਨਾਲ ਖੜ੍ਹ ਜਾਂਦਾ ਸੀ। ਕਣਕ ਦੀਆਂ ਬੱਲੀਆਂ ਪਹਿਲਾਂ ਹੀ ਤੋੜ ਲਈਆਂ ਜਾਂਦੀਆਂ ਸਨ। ਏਸ ਖੜ੍ਹੇ ਕੀਤੇ ਲਾਣ ਦੇ ਆਲੇ ਦੁਆਲੇ ਕਣਕ ਦੇ ਲਾਣ ਦੀ ਵੱਟੀ ਹੋਈ ਵੇੜ੍ਹ ਦੇ ਗੇੜੇ ਦਿੱਤੇ ਜਾਂਦੇ ਸਨ। ਇਹ ਵੇੜ੍ਹ ਦੇ ਗੇੜੇ ਹੀ ਤੂੜੀ ਨੂੰ ਕੁੱਪ ਤੋਂ ਬਾਹਰ ਜਾਣ ਨੂੰ ਰੋਕਦੇ ਹੁੰਦੇ ਸਨ। ਕੁੱਪ ਵਿਚ ਹੋਰ ਤੂੜੀ ਸਿੱਟੀ ਜਾਂਦੀ ਸੀ। ਸਿੱਟੀ ਤੂੜੀ ਨੂੰ ਆਦਮੀ ਕੁੱਪ ਵਿਚ ਵੜ੍ਹ ਕੇ ਦੱਬਦੇ ਵੀ ਰਹਿੰਦੇ ਸਨ। ਜਦੋਂ ਕੁੱਪ ਹੋਰ ਉੱਚਾ ਹੋ ਜਾਂਦਾ ਸੀ ਤਾਂ ਕੁੱਪ ਨਾਲ ਪੌੜੀ ਖੜ੍ਹੀ ਕਰ ਕੇ ਕੁੱਪ ਵਿਚ ਤੂੜੀ ਸਿੱਟੀ ਜਾਂਦੀ ਸੀ। ਨਾਲ ਦੀ ਨਾਲ ਕੁੱਪ ਦੁਆਲੇ ਵੇੜ੍ਹ ਦੇ ਗੇੜੇ ਦਿੱਤੇ ਜਾਂਦੇ ਸਨ। ਜਿਉਂ ਜਿਉਂ ਕੁੱਪ ਉਪਰ ਨੂੰ ਜਾਈ ਜਾਂਦਾ ਸੀ, ਤਿਉਂ ਤਿਉਂ ਕੁੱਪ ਦਾ ਘੇਰਾ ਘੱਟ ਕੀਤਾ ਜਾਂਦਾ ਹੁੰਦਾ ਸੀ। ਜਦ ਕੁੱਪ ਵਿਚ ਸਾਰੀ ਤੂੜੀ ਭਰ ਦਿੱਤੀ ਜਾਂਦੀ ਸੀ ਤਾਂ ਕੁੱਪ ਦੇ ਉਪਰਲੇ ਹਿੱਸੇ ਦਾ ਘੇਰਾ ਘੱਟ ਕਰਦੇ ਹੋਏ ਬਿਲਕੁਲ ਹੀ ਉਪਰ ਤੋਂ ਬੰਦ ਕਰ ਦਿੱਤਾ ਜਾਂਦਾ ਸੀ। ਕੁੱਪ ਐਨੀ ਚੰਗੀ ਤਰ੍ਹਾ ਬੰਨ੍ਹੇ ਹੁੰਦੇ ਸਨ ਕਿ ਮੀਂਹ ਦੇ ਪਾਣੀ ਦੀ ਇਕ ਬੂੰਦ ਵੀ ਅੰਦਰ ਨਹੀਂ ਜਾ ਸਕਦੀ ਸੀ।

ਜਦ ਕੁੱਪ ਵਿਚੋਂ ਤੂੜੀ ਕੱਢਣੀ ਹੁੰਦੀ ਸੀ ਤਾਂ ਕੁੱਪ ਨੂੰ ਧਰਤੀ ਦੀ ਪੱਧਰ ਤੋਂ ਤਿੰਨ ਕੁ ਫੁੱਟ ਉੱਚਾ ਤੇ ਤਿੰਨ ਕੁ ਫੁੱਟ ਚੌੜਾ ਦੰਦਲ ਦਾਤੀ ਨਾਲ ਕੱਟ ਲਿਆ ਜਾਂਦਾ ਸੀ ਤੇ ਲੋੜ ਅਨੁਸਾਰ ਤੂੜੀ ਕੱਢਦੇ ਰਹਿੰਦੇ ਸਨ। ਇਹ ਸੀ ਕੁੱਪ ਦੀ ਬਣਤਰ। ਹੁਣ ਪੰਜਾਬ ਵਿਚ ਕਿਤੇ ਕਿਤੇ ਹੀ ਤੁਹਾਨੂੰ ਇਹ ਤੂੜੀ ਦੇ ਕੁੱਪ ਨਜ਼ਰ ਆਉਣਗੇ।

0

ਮੱਕੀ ਦੇ ਮੁਹਾਰੇ

ਮੱਕੀ ਦੀ ਪੱਕੀ ਫ਼ਸਲ ਨੂੰ ਵੱਢਣ ਤੋਂ ਬਾਅਦ ਮੱਕੀ ਦੇ ਟਾਂਡਿਆਂ ਨੂੰ ਖੜੇ ਲੈਟ ਗੁਲਾਈ ਵਿਚ ਇਕ ਥਾਂ ਕਾਫ਼ੀ ਮਿਕਦਾਰ ਵਿਚ 'ਕੱਠੇ ਕਰ ਕੇ ਲਾਉਣ ਨੂੰ ਮੱਕੀ ਦੇ ਮੁਹਾਰੇ ਲਾਉਣੇ ਕਹਿੰਦੇ ਸਨ। ਸਾਰੀ ਮੱਕੀ ਦੇ ਕਈ ਕਈ ਮੁਹਾਰੇ ਲੱਗਦੇ ਸਨ। ਮੱਕੀ ਦੇ ਟਾਂਡਿਆਂ ਦਾ ਹੇਠਲਾ ਤੇ ਵਿਚਕਾਰਲਾ ਹਿੱਸਾ ਮੋਟਾ ਹੁੰਦਾ ਸੀ। ਜਿਥੇ ਛੱਲੀਆਂ ਲੱਗਦੀਆਂ ਹੁੰਦੀਆਂ ਸਨ, ਉਹ ਤਾਂ ਛੱਲੀਆਂ ਕਰਕੇ ਜ਼ਿਆਦਾ ਮੋਟਾ ਹੁੰਦਾ ਸੀ।

313 / 361
Previous
Next