

ਸਨ ਤੇ ਝਾੜ ਵੀ ਦੇਸੀ ਮੱਕੀ ਨਾਲੋਂ ਜ਼ਿਆਦਾ ਹੁੰਦਾ ਸੀ। ਇਕ ਚਿੱਟੀ ਮੱਕੀ ਵੀ ਹੁੰਦੀ ਸੀ, ਜਿਸ ਨੂੰ ਪਿੰਡਾਂ ਵਿਚ ਬਤਾਲਣ ਮੱਕੀ ਕਹਿੰਦੇ ਸਨ। ਪਰ ਇਹ ਮੱਕੀ ਬਹੁਤ ਘੱਟ ਬੀਜੀ ਜਾਂਦੀ ਸੀ। ਮੱਕੀ ਨੂੰ ਸੋਟਿਆਂ ਨਾਲ ਕੁੱਟ ਕੇ ਕੱਢਣ ਦੀ ਥਾਂ ਫੇਰ ਮੱਕੀ ਕੱਢਣ ਵਾਲੀਆਂ ਮਸ਼ੀਨਾਂ ਆ ਗਈਆਂ ਸਨ, ਜਿਹੜੀਆਂ ਇੰਜਣਾਂ ਨਾਲ ਚਲਦੀਆਂ ਸਨ।
ਮੱਕੀ ਇਕ ਨਾਜ਼ਕ ਫ਼ਸਲ ਮੰਨੀ ਜਾਂਦੀ ਸੀ। ਇਹ ਨਾ ਸੋਕਾ ਸਹਾਰ ਸਕਦੀ ਸੀ ਤੇ ਜ਼ਿਆਦਾ ਬਾਰਸ਼ਾਂ ਦਾ ਪਾਣੀ ਵੀ ਇਸ ਨੂੰ ਮਾਰ ਦਿੰਦਾ ਸੀ। ਪੰਜਾਬ ਵਿਚ ਮੱਕੀ ਦੀ ਫ਼ਸਲ ਉਸ ਸਮੇਂ ਬੀਜਣੀ ਸ਼ੁਰੂ ਕੀਤੀ ਗਈ ਸੀ ਜਦ ਖੇਤਾਂ ਨੂੰ ਕੋਹਾਂ, ਖੂਹਾਂ ਤੇ ਨਹਿਰੀ ਪਾਣੀ ਲੱਗਣ ਲੱਗਿਆ।
ਸਿਆਣੇ ਕਹਿੰਦੇ ਹਨ ਕਿ ਨਿੱਤ ਨਿੱਤ ਦੇ ਕੰਮ ਕਰਨ ਨਾਲ ਬੰਦੇ ਦਾ ਉਸ ਕੰਮ ਦਾ ਤਜਰਬਾ ਹੋ ਜਾਂਦਾ ਹੈ। ਏਸ ਤਰ੍ਹਾਂ ਸਿਆਣੇ ਜ਼ਿਮੀਂਦਾਰਾਂ ਨੇ ਉਸ ਸਮੇਂ ਹਰ ਫ਼ਸਲ ਦੇ ਤਜਰਬੇ ਕੱਢੇ ਹੋਏ ਸਨ। ਮੱਕੀ, ਕਪਾਹ, ਤਿਲ ਤੇ ਜੌਂ ਕਿੰਨੇ ਕਿੰਨੇ ਫਾਸਲੇ ਤੇ ਬੀਜੇ ਜਾਣੇ ਹਨ, ਉਸ ਸਮੇਂ ਦਾ ਅਖਾਣ ਹੈ –
ਤਿਲ ਵਿਰਲੇ, ਜੌਂ ਸੰਘਣੇ
ਡਾਂਗੋ ਡਾਂਗ ਕਪਾਹ।
ਲੇਫ ਦੀ ਬੁੱਕਲ ਮਾਰ ਕੇ,
ਮੱਕੀ ਵਿਚ ਦੀ ਜਾਹ।
ਲੇਫ਼, ਰਜਾਈ ਨੂੰ ਕਹਿੰਦੇ ਹਨ। ਏਸ ਤਰ੍ਹਾਂ ਮੱਕੀ ਦੀ ਬਿਜਾਈ ਦੂਰ ਦੂਰ ਕਰਨ ਦੀ ਸਿਫ਼ਾਰਿਸ਼ ਕੀਤੀ ਜਾਂਦੀ ਸੀ। ਉਨ੍ਹਾਂ ਸਮਿਆਂ ਵਿਚ ਦੇਸੀ ਮੱਕੀ ਬੀਜੀ ਜਾਂਦੀ ਸੀ, ਜਿਸ ਦੀਆਂ ਛੋਟੀਆਂ ਛੋਟੀਆਂ ਛੱਲੀਆਂ ਹੁੰਦੀਆਂ ਸਨ। ਬਰੀਕ ਬਰੀਕ ਦਾਣੇ ਹੁੰਦੇ ਸਨ। ਇਹ ਮੱਕੀ ਖਾਣ ਨੂੰ ਵੀ ਮਿੱਠੀ ਹੁੰਦੀ ਸੀ। ਗਿੱਲੀਆਂ ਛੱਲੀਆਂ ਦੇ ਦਾਣੇ ਕੱਢ ਕੇ ਭੁਨਾਏ ਹੋਏ ਮੁਰਮੁਰੇ ਦਾਣੇ ਬਹੁਤ ਸੁਆਦ ਹੁੰਦੇ ਸਨ। ਸੁੱਕੀ ਮੱਕੀ ਦੀਆਂ ਖਿੱਲਾਂ ਬਹੁਤ ਬਣਦੀਆਂ ਸਨ। ਏਸ ਮੱਕੀ ਦੀਆਂ ਭੁੰਨੀਆਂ ਹੋਈਆਂ ਛੱਲੀਆਂ ਵੀ ਬਹੁਤ ਸੁਆਦ ਹੁੰਦੀਆਂ ਸਨ। ਉਨ੍ਹਾਂ ਸਮਿਆਂ ਵਿਚ ਛੱਲੀਆਂ ਭੁੰਨ ਕੇ ਖਾਣ ਦਾ ਰਿਵਾਜ ਵੀ ਬਹੁਤ ਹੁੰਦਾ ਸੀ। ਛੱਲੀਆਂ ਦੀ ਚੋਰੀ ਨੂੰ ਰੋਕਣ ਲਈ ਰਾਖੀ ਵੀ ਰੱਖੀ ਜਾਂਦੀ ਸੀ। ਰਾਖੀ ਕਰਨ ਦੀ ਜ਼ਿੰਮੇਵਾਰੀ ਆਮ ਤੌਰ ਤੇ ਪਰਿਵਾਰ ਦੇ ਛੜੇ ਮੈਂਬਰ ਦੀ ਹੁੰਦੀ ਸੀ। ਏਸੇ ਲਈ ਲੋਕਗੀਤ ਹੈ –
ਰੰਨਾਂ ਵਾਲੇ ਘਰ ਸੌਣਗੇ,
ਛੜੇ ਪੈਣਗੇ ਮੱਕੀ ਦੀ ਰਾਖੀ।
ਕਈ ਵਾਰ ਮੁੱਲ ਦੇ ਰੱਖੇ ਰਾਖੇ ਵੀ ਆਪਣੀ ਗਰਜ਼ ਲਈ ਚੋਰੀ ਕਰਦੇ ਹੁੰਦੇ ਸਨ। ਕਿਉਂ ਜੋ ਕਹਿੰਦੇ ਹਨ, ਚੋਰੀ ਦਾ ਗੁੜ ਮਿੱਠਾ ਹੁੰਦਾ ਹੈ -