Back ArrowLogo
Info
Profile

ਮੇਰਾ ਯਾਰ ਮੱਕੀ ਦਾ ਰਾਖਾ,

ਡੱਬ 'ਚ ਲਿਆਵੇ ਛੱਲੀਆਂ।

ਮੱਕੀ ਦੀ ਤਾਸੀਰ ਖ਼ੁਸ਼ਕ ਮੰਨੀ ਗਈ ਹੈ। ਕਈ ਆਪਣੇ ਦੂਰ ਦੇ ਮਿੱਤਰਾਂ ਨੂੰ ਰੋਟੀ ਦੀ ਥਾਂ ਛੱਲੀਆਂ ਦੇ ਕੇ ਹੀ ਬੁੱਤਾ ਸਾਰਨ ਦੀ ਕੋਸ਼ਿਸ਼ ਵੀ ਕਰਦੀਆਂ ਹੁੰਦੀਆਂ ਸਨ-

ਲੈ ਜਾ ਛੱਲੀਆਂ,

ਭੁਨਾ ਲਈਂ ਦਾਣੇ

ਮਿੱਤਰਾ ਦੂਰ ਦਿਆ।

ਮਿੱਤਰ ਵੀ ਅੱਗੋਂ ਖ਼ੁਸ਼ਕੀ ਤੋਂ ਡਰਦੇ ਛੱਲੀਆਂ ਲੈਣ ਤੋਂ ਮੁਨਕਰ ਹੋ ਜਾਂਦੇ ਸਨ-

ਮਿੱਤਰਾਂ ਨੇ ਨਹੀਂ ਚੱਬਣੇ

ਤੇਰੇ ਖ਼ੁਸ਼ਕ ਮੱਕੀ ਦੇ ਦਾਣੇ।

ਦੇਸੀ ਮੱਕੀ ਦੀ ਰੋਟੀ ਵੀ ਬਹੁਤ ਸੁਆਦ ਹੁੰਦੀ ਸੀ। ਸਿਆਲ ਵਿਚ ਸਰ੍ਹੋਂ ਦਾ ਸਾਗ ਵਿਚ ਮੱਖਣ ਦਾ ਪੇੜਾ ਤੇ ਮੱਕੀ ਦੀ ਰੋਟੀ ਇਕ ਨਿਆਮਤ ਹੁੰਦੀ ਸੀ। ਸਾਰਾ ਸਿਆਲ ਹੀ ਮੱਕੀ ਖਾਧੀ ਜਾਂਦੀ ਸੀ । ਮੱਕੀ ਪਾਲਣੀ ਵੀ ਬਹੁਤ ਔਖੀ ਹੁੰਦੀ ਸੀ। ਮੱਕੀ ਪੀਹਣੀ ਵੀ ਬਹੁਤ ਔਖੀ ਹੁੰਦੀ ਸੀ। ਤਕੜੀ ਜਨਾਨੀ ਅਤੇ ਤਕੜਾ ਬੰਦਾ ਹੀ ਮੱਕੀ ਪੀਹ ਸਕਦਾ ਸੀ। ਏਸੇ ਲਈ ਤਾਂ ਵਿਆਹਾਂ ਵਿਚ ਤਕੜੇ, ਤਾਕਤਵਾਰ ਕੁੜਮ ਨੂੰ ਦੇਖ ਕੇ ਜਨਾਨੀਆਂ ਸਿੱਠਣੀਆਂ ਦਿੰਦੀਆਂ ਹੁੰਦੀਆਂ ਸਨ-

ਤੁਸੀਂ ਮੱਕੀ ਪਿਹਾ ਲਓ ਜੀ,

ਸਾਡਾ ਕੁੜਮ ਵਹਿੜਕੇ ਵਰਗਾ।

ਮੱਕੀ ਦੀ ਗੋਡੀ ਸਾਉਣ-ਭਾਦੋਂ ਦੇ ਅਤਿ ਗਰਮੀ ਦੇ ਮਹੀਨਿਆਂ ਵਿਚ ਕੀਤੀ ਜਾਂਦੀ ਸੀ। ਗਰਮੀ ਨਾਲ ਸਰੀਰ ਤੇ ਗਰਮੀ ਆਈ ਹੁੰਦੀ ਸੀ। ਮੱਕੀ ਦੇ ਪੱਛ ਲੱਤਾਂ ਬਾਹਾਂ ਤੇ ਜਿਥੇ ਵੀ ਲੱਗਦੇ ਹੁੰਦੇ ਸਨ, ਉਸ ਨਾਲ ਸਰੀਰ ਤੇ ਲਕੀਰਾਂ ਜਿਹੀਆਂ ਖਿੱਚੀਆਂ ਜਾਂਦੀਆਂ ਸਨ। ਉਸ ਥਾਂ ਤੇ ਲਾਲੀ ਆ ਜਾਂਦੀ ਸੀ। ਖਾਜ ਹੋਣੀ ਵੀ ਸ਼ੁਰੂ ਹੋ ਜਾਂਦੀ ਸੀ। ਸਰੀਰ ਨੂੰ ਅੱਚਵੀ ਲੱਗ ਜਾਂਦੀ ਸੀ। ਖੜੀ ਮੱਕੀ ਵਿਚੋਂ ਘਾਹ ਫੂਸ ਕੱਢਣਾ ਵੀ ਬਹੁਤ ਔਖਾ ਹੁੰਦਾ ਸੀ। ਮੱਕੀ ਅਤੇ ਕਪਾਹ ਦੀ ਫ਼ਸਲ ਦੀ ਗੋਡੀ ਤੋਂ ਡਰਦੇ ਹੀ ਜੱਟਾਂ ਦੇ ਪੁੱਤ ਸਾਧ ਬਣ ਜਾਂਦੇ ਸਨ।

ਹੁਣ ਪੰਜਾਬ ਵਿਚ ਹੁਸ਼ਿਆਰਪੁਰ ਜ਼ਿਲ੍ਹੇ ਨੂੰ ਛੱਡ ਕੇ ਹੋਰ ਕਿਤੇ ਵੀ ਮੱਕੀ ਨਹੀਂ ਬੀਜੀ ਜਾਂਦੀ। ਮੱਕੀ ਦੀ ਥਾਂ ਹੁਣ ਜੀਰੀ ਨੇ ਲੈ ਲਈ ਹੈ। ਖੇਤੀ ਹੁਣ ਵਪਾਰ ਬਣ ਗਈ ਹੈ। ਮੱਕੀ ਬੀਜਣਾ ਹੁਣ ਲਾਹੇਵੰਦ ਵੀ ਨਹੀਂ ਰਿਹਾ। ਹੁਣ ਤੁਹਾਨੂੰ ਸਾਰੇ ਪੰਜਾਬ ਵਿਚੋਂ ਸਿਰਫ਼ ਹੁਸ਼ਿਆਰਪੁਰ ਜ਼ਿਲ੍ਹੇ ਵਿਚ ਹੀ ਮੱਕੀ ਦੇ ਮੁਹਾਰੇ ਲੱਗੇ ਮਿਲਣਗੇ।

0

316 / 361
Previous
Next