Back ArrowLogo
Info
Profile

ਥੋੜ੍ਹੀਆਂ ਜ਼ਮੀਨਾਂ ਵਾਲੇ ਪਰਿਵਾਰਾਂ ਕੋਲ ਕਈ ਵੇਰ ਇਕ ਬਲਦ ਜਾਂ ਇਕ ਬਲਦਾਂ ਦੀ ਜੋੜੀ ਹੁੰਦੀ ਸੀ। ਇਸ ਲਈ ਫੇਰ ਅਜੇਹੇ ਪਰਿਵਾਰ ਇਕ ਬਲਦ ਵਾਲੇ ਪਰਿਵਾਰ ਨਾਲ ਜਾਂ ਇਕ ਜੋੜੀ ਵਾਲੇ ਪਰਿਵਾਰ ਨਾਲ ਸਾਂਝ ਪਾ ਕੇ ਖੇਤੀ ਕਰਦੇ ਹੁੰਦੇ ਸਨ। ਪਹਿਲਾਂ ਇਕ ਪਰਿਵਾਰ ਦਾ ਖੇਤ ਵਾਹਿਆ, ਬੀਜਿਆ ਜਾਂਦਾ ਸੀ, ਫੇਰ ਦੂਸਰੇ ਪਰਿਵਾਰ ਦਾ ਖੇਤ ਵਾਹਿਆ, ਬੀਜਿਆ ਜਾਂਦਾ ਸੀ। ਏਸੇ ਤਰ੍ਹਾਂ ਪਹਿਲਾਂ ਇਕ ਪਰਿਵਾਰ ਦੀ ਵਾਢੀ ਤੇ ਦਾਣੇ ਕੱਢ ਲੈਂਦੇ ਸਨ, ਫੇਰ ਦੂਸਰੇ ਪਰਿਵਾਰ ਦੇ। ਇਹ ਵਤੀਰਾ ਪਿੰਡ ਵਿਚ ਆਮ ਹੁੰਦਾ ਸੀ। ਅਸਲ ਵਿਚ ਉਨ੍ਹਾਂ ਸਮਿਆਂ ਵਿਚ ਲੋਕਾਂ ਦਾ ਆਪਸ ਵਿਚ ਪ੍ਰੇਮ ਪਿਆਰ ਬਹੁਤ ਸੀ।

ਉਨ੍ਹਾਂ ਸਮਿਆਂ ਵਿਚ ਖੇਤੀ ਬਾਰਸ਼ਾਂ 'ਤੇ ਨਿਰਭਰ ਹੋਣ ਕਰਕੇ ਲੋਕਾਂ ਕੋਲ ਵਿਹਲ ਵੀ ਬਹੁਤ ਹੁੰਦੀ ਸੀ। ਜ਼ਮੀਨਾਂ ਉੱਚੀਆਂ, ਨੀਵੀਆਂ ਹੁੰਦੀਆਂ ਸਨ। ਟਿੱਬੇ ਤਾਂ ਉਨ੍ਹਾਂ ਸਮਿਆਂ ਵਿਚ ਹਰ ਪਿੰਡ ਵਿਚ ਹੁੰਦੇ ਸਨ। ਇਸ ਲਈ ਜਦ ਟਿੱਬਿਆਂ ਨੂੰ ਕਰਾਹ ਕੇ ਪੱਧਰਾ ਕਰਨਾ ਹੁੰਦਾ ਸੀ ਤਾਂ ਬੰਦਿਆਂ ਅਤੇ ਬਲਦਾਂ ਦੀਆਂ ਜੋੜੀਆ ਦੀ ਆਵਤ ਪਾਈ ਜਾਂਦੀ ਸੀ। ਘਰਾਂ ਦੀਆਂ ਛੱਤਾਂ ਪਾਉਣ ਸਮੇਂ ਵੀ ਆਵਤ ਪਾਉਣ ਦਾ ਰਿਵਾਜ ਹੁੰਦਾ ਸੀ। ਆਵਤ ਵਿਚ ਆਮ ਤੌਰ ਤੇ ਚੰਗੇ ਕਾਮੇ ਤੇ ਜੁਆਨ ਜਾਂਦੇ ਸਨ। ਕਈ ਵੇਰ ਆਵਤ ਗਏ ਬੰਦੇ ਸ਼ਰਤਾਂ ਲਾ ਕੇ, ਬਿਦ ਬਿਦ ਕੇ ਕੰਮ ਕਰਦੇ ਹੁੰਦੇ ਸਨ। ਜਦ ਲਾਊਡ ਸਪੀਕਰਾਂ ਦੀ ਈਜਾਦ ਹੋਈ ਤਾਂ ਕਈ ਵੇਰ ਆਵਤ ਵਿਚ ਆਏ ਬੰਦਿਆਂ ਨੂੰ ਖੁਸ਼ ਕਰਨ ਲਈ ਤੇ ਛੇਤੀ ਕੰਮ ਕਰਵਾਉਣ ਤੇ ਉਕਸਾਉਣ ਲਈ ਵਾਢੀ ਸਮੇਂ ਖੇਤ ਵਿਚ ਲਾਊਡ ਸਪੀਕਰ ਵੀ ਲਾਏ ਜਾਂਦੇ ਸਨ। ਜਿਨ੍ਹਾਂ ਉਪਰ ਆਮ ਤੌਰ ਤੇ ਕਲੀਆਂ ਦੇ ਰੀਕਾਰਡ ਲਾਏ ਜਾਂਦੇ ਸਨ।

ਕਈ ਪਰਿਵਾਰ ਆਪਣੀ ਵਧੀਆ ਹੋਈ ਫ਼ਸਲ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਵਿਖਾਉਣ ਲਈ ਅਤੇ ਰਿਸ਼ਤੇਦਾਰਾਂ ਵਿਚ ਆਪਣੀ ਟੌਹਰ ਬਣਾਉਣ ਲਈ ਵੀ ਆਵਤ ਬੁਲਾਉਂਦੇ ਹੁੰਦੇ ਸਨ। ਆਵਤ ਵਿਚ ਆਉਣ ਤੇ ਜਾਣ ਵਾਲੇ ਬੰਦਿਆਂ ਦੀ ਗਿਣਤੀ ਕੰਮਾਂ ਦੇ ਅਨੁਸਾਰ ਹੀ ਹੁੰਦੀ ਸੀ। ਆਮ ਤੌਰ ਤੇ ਵੱਧ ਤੋਂ ਵੱਧ 20 ਬੰਦਿਆਂ ਤੱਕ ਦੀ ਆਵਤ ਹੁੰਦੀ ਸੀ।

ਹੁਣ ਕੋਈ ਵੀ ਹੱਥੀਂ ਖੇਤੀ ਨਹੀਂ ਕਰਦਾ। ਸਾਰੀ ਖੇਤੀ ਦਾ ਮਸ਼ੀਨੀ ਕਰਨ ਹੋ ਗਿਆ ਹੈ। ਹੁਣ ਪੰਜਾਬ ਦੀ ਬਹੁਤੀ ਖੇਤੀ ਤਾਂ ਭਈਆਂ 'ਤੇ ਨਿਰਭਰ ਹੈ। ਫ਼ਸਲਾਂ ਦੀ ਕਟਾਈ ਤੇ ਕਢਾਈ ਲਈ ਪਿੰਡ ਪਿੰਡ ਕੰਬਾਈਨਾਂ ਹਨ। ਹੁਣ ਪਿੰਡ ਵਿਚ ਨਾ ਕਿਸੇ ਦੇ ਆਵਤ ਆਉਂਦੀ ਹੈ ਅਤੇ ਨਾ ਹੀ ਕਿਸੇ ਦੇ ਜਾਂਦੀ ਹੈ। ਹੁਣ ਦੀ ਪੀੜ੍ਹੀ ਤਾਂ ਆਵਤ ਬਾਰੇ ਬਿਲਕੁਲ ਹੀ ਨਹੀਂ ਜਾਣਦੀ। ਸਾਡੀ ਇਹ ਭਾਈਚਾਰਕ ਸਾਂਝ ਹੁਣ ਬਿਲਕੁਲ ਖ਼ਤਮ ਹੋ ਗਈ ਹੈ। ਅੱਜ ਵਿਅਕਤੀਵਾਦ ਦਾ ਯੁੱਗ ਹੈ।

318 / 361
Previous
Next