Back ArrowLogo
Info
Profile

ਛੜਿਆਂ ਦਾ ਸਮਾਜ ਵਿਚ ਬਹੁਤਾ ਆਦਰ ਮਾਣ ਨਹੀਂ ਹੁੰਦਾ ਸੀ। ਉਨ੍ਹਾਂ ਦੀ ਪੜਤ ਵੀ ਚੰਗੀ ਨਹੀਂ ਹੁੰਦੀ ਸੀ। ਏਸ ਲਈ ਛੜਿਆਂ ਦੇ ਘਰ ਚੱਕੀਆਂ ਹੋਣ ਦੇ ਬਾਵਜੂਦ ਵੀ ਕੋਈ ਜਨਾਨੀ ਉਨ੍ਹਾਂ ਦੇ ਘਰ ਚੱਕੀ ਪੀਹਣ ਨੂੰ ਜਾਣ ਲਈ ਤਿਆਰ ਨਹੀਂ ਹੁੰਦੀ ਸੀ-

ਕੋਈ ਡਰਦੀ ਪੀਹਣ ਨਾ ਜਾਵੇ,

ਛੜਿਆਂ ਦੇ ਦੋ ਚੱਕੀਆਂ।

ਪਹਿਲੇ ਸਮਿਆਂ ਵਿਚ ਵਿਆਹਾਂ ਵਿਚ ਵਿਆਹ ਦੀ ਤਿਆਰੀ ਦੀ ਸ਼ੁਰੂਆਤ ਚੱਕੀ ਲਾਉਣ ਦੀ ਰਸਮ ਤੋਂ ਸ਼ੁਰੂ ਕੀਤੀ ਜਾਂਦੀ ਸੀ । ਆਂਢ-ਗੁਆਂਢ ਸੱਤ ਚੱਕੀਆਂ 'ਕੱਠੀਆਂ ਕੀਤੀਆਂ ਜਾਂਦੀਆਂ ਸਨ। ਇਨ੍ਹਾਂ ਚੱਕੀਆਂ ਨੂੰ ਚਲਾਉਣ ਲਈ ਸੱਤ ਸੁਹਾਗਣਾਂ ਬੁਲਾਈਆਂ ਜਾਂਦੀਆਂ ਸਨ । ਇਕ ਇਕ ਚੱਕੀ ਵਿਚ ਸੱਤ ਸੱਤ ਮੁੱਠੀਆਂ ਦਾਣਿਆਂ ਦੀਆਂ ਪਾ ਕੇ ਪਹਿਲਾਂ ਸੱਤੇ ਸੁਹਾਗਣਾਂ ਹਰ ਇਕ ਚੱਕੀ ਦੇ ਸੱਤ ਸੱਤ ਗੇੜੇ ਦਿੰਦੀਆਂ ਸਨ। ਫੇਰ ਵੱਖਰੀ ਵੱਖਰੀ ਚੱਕੀ ਵਿਚ ਸੱਤ ਮੁੱਠੀਆਂ ਦਾਣਿਆਂ ਦੀਆਂ ਪਾ ਕੇ ਸੱਤ ਗੇੜੇ ਦਿੰਦੀਆਂ ਸਨ। ਇਸ ਤਰ੍ਹਾਂ ਵਿਆਹ ਲਈ ਆਟਾ ਪੀਹਣ ਦੀ ਰਸਮ ਕੀਤੀ ਜਾਂਦੀ ਸੀ।

ਉਨ੍ਹਾਂ ਸਮਿਆਂ ਵਿਚ ਦੁੱਧ, ਦਹੀਂ, ਲੱਸੀ, ਮੱਖਣ, ਘਿਉ ਦੀ ਆਮ ਵਰਤੋਂ ਹੁੰਦੀ ਸੀ। ਦੁੱਧ ਕੋਈ ਵੇਚਦਾ ਨਹੀਂ ਸੀ। ਦੁੱਧ ਵੇਚਣ ਨੂੰ ਪੁੱਤ ਵੇਚਣ ਦੇ ਸਮਾਨ ਸਮਝਿਆ ਜਾਂਦਾ ਸੀ। ਬੰਦਿਆਂ ਅਤੇ ਜਨਾਨੀਆਂ ਦੀ ਸਿਹਤ ਦਾ ਉਹ ਸੁਨਹਿਰੀ ਯੁੱਗ ਸੀ। ਜਨਾਨੀਆਂ ਪਹਿਰ ਦੇ ਤੜਕੇ ਉੱਠ ਕੇ ਪਹਿਲਾਂ ਦੁੱਧ ਰਿੜਕਦੀਆਂ ਸਨ। ਉਸ ਸਮੇਂ ਦੀ ਲੋਕ ਬੋਲੀ ਹੈ –

ਦੁੱਧ ਰਿੜਕੇ ਕੰਗਣਾਂ ਵਾਲੀ,

ਕੈਂਠੇ ਵਾਲਾ ਧਾਰ ਕੱਢਦਾ।

ਦੁੱਧ ਰਿੜਕਣ ਤੋਂ ਬਾਅਦ ਆਟਾ ਪੀਹਣ ਦੀ ਵਾਰੀ ਆਉਂਦੀ ਸੀ। ਪਸ਼ੂਆਂ ਦਾ ਗੋਹਾ ਕੂੜਾ ਵੀ ਜਨਾਨੀਆਂ ਕਰਦੀਆਂ ਸਨ। ਮੱਝਾਂ ਨੂੰ ਜਨਾਨੀਆਂ ਹੀ ਸਾਂਭਦੀਆਂ ਹੁੰਦੀਆਂ ਸਨ। ਉਨ੍ਹਾਂ ਸਮਿਆਂ ਵਿਚ ਜੇ ਕਿਸੇ ਦੇ ਘਰ ਵਿਚ ਮੁੰਡੇ ਕੁੜੀਆਂ ਜ਼ਿਆਦਾ ਪੈਦਾ ਹੁੰਦੇ ਸਨ, ਓਨਾ ਹੀ ਉਹ ਘਰ ਭਾਗਾਂ ਵਾਲਾ ਗਿਣਿਆ ਜਾਂਦਾ ਸੀ। ਹਰ ਜੋੜੇ ਦੇ ਸੱਤ ਸੱਤ, ਅੱਠ ਅੱਠ ਜੁਆਕ ਤਾਂ ਆਮ ਹੀ ਹੁੰਦੇ ਸਨ। "ਦੁੱਧੀ ਨ੍ਹਾਵੇਂ, ਪੁੱਤੀ ਫਲੇਂ।" ਉਸ ਸਮੇਂ ਦਾ ਹੀ ਅਖਾਣ ਹੈ। ਉਨ੍ਹਾਂ ਸਮਿਆਂ ਵਿਚ ਕੁੜੀਆਂ ਵੀ ਆਪਣੇ ਬਾਪ ਨੂੰ ਉਸ ਘਰ ਵਿਚ ਹੀ ਰਿਸ਼ਤਾ ਕਰਨ ਲਈ ਕਹਿੰਦੀਆਂ ਹੁੰਦੀਆਂ ਸਨ, ਜਿੱਥੇ ਸੱਸ ਦੇ ਬਹੁਤੇ ਪੁੱਤ ਹੋਣ –

ਦੇਵੀਂ ਵੇ ਬਾਬਲਾ ਉਸ ਘਰੇ,

ਜਿੱਥੇ ਸੱਸ ਦੇ ਪੁੱਤਰ ਸੱਤ। 

326 / 361
Previous
Next