

ਮੰਗ ਵਹੁਟੀ ਆਪਣੇ ਪਤੀ ਤੋਂ ਕਰਦੀ ਹੁੰਦੀ ਸੀ-
ਮਾਂ ਮੇਰੀ ਨੇ ਚਰਖਾ ਭੇਜਿਆ,
ਪੀੜ੍ਹੀ ਕਰਾ ਦੇ ਤੂੰ।
ਵੇ ਸਾਰੀ ਰਾਤ ਕੱਤਿਆ ਕਰੂੰ,
ਕੱਤਿਆ ਕਰੂੰ ਤੇਰੀ ਰੂੰ।
ਮਾਂ ਤੇ ਧੀ ਦੇ ਰਿਸ਼ਤੇ ਤੋਂ ਕੋਈ ਬੜਾ ਰਿਸ਼ਤਾ ਨਹੀਂ ਹੈ। ਧੀ ਮਾਂ ਦੀ ਆਂਦਰ ਜੋ ਹੋਈ। ਧੀ ਆਪਣੇ ਸਾਰੇ ਦੁੱਖ ਸੁੱਖ ਆਪਣੀ ਮਾਂ ਨਾਲ ਸਾਂਝੇ ਕਰਦੀ ਹੈ। ਚਰਖਾ ਸਹੁਰੇ ਘਰ ਬੈਠੀ ਧੀ ਨੂੰ ਆਪਣੀ ਮਾਂ ਰਾਣੀ ਦੀ ਯਾਦ ਕਰਵਾਉਂਦਾ ਰਹਿੰਦਾ ਹੈ –
ਚਰਖਾ ਮੇਰਾ ਰੌਣਾ ਭੌਣਾ,
ਵਿਚ ਸੋਨੇ ਦੀਆਂ ਮੇਖਾਂ।
ਨੀ ਮਾਂ ਤੈਨੂੰ ਯਾਦ ਕਰਾਂ,
ਜਦ ਚਰਖੇ ਵੱਲ ਵੇਖਾਂ।
ਉਨ੍ਹਾਂ ਸਮਿਆਂ ਵਿਚ ਬਲਦਾਂ ਅਤੇ ਊਠਾਂ ਨਾਲ ਖੇਤੀ ਕੀਤੀ ਜਾਂਦੀ ਸੀ। ਕਈ ਬਹੁਤੇ ਪਿਆਰ ਵਾਲੀਆਂ ਤੇ ਪਲ ਭਰ ਦਾ ਵਿਛੋੜਾ ਵੀ ਨਾ ਸਹਾਰਨ ਵਾਲੀਆਂ, ਜਿਥੇ ਮਾਹੀ ਦਾ ਹਲ ਚਲਦਾ ਹੁੰਦਾ ਸੀ, ਉਥੇ ਆਪਣਾ ਚਰਖਾ ਲੈ ਕੇ ਜਾਣ ਲਈ ਕਹਿਣੋਂ ਵੀ ਸੰਕੋਚ ਨਹੀਂ ਕਰਦੀਆਂ ਸਨ-
ਉਥੇ ਲੈ ਚਲ ਚਰਖਾ ਮੇਰਾ,
ਜਿਥੇ ਤੇਰੇ ਹਲ ਚਲਦੇ।
ਕਈਆਂ ਦਾ ਮਨ ਜਦ ਚਰਖਾ ਕੱਤਣ ਨੂੰ ਨਹੀਂ ਕਰਦਾ ਸੀ, ਉਹ ਮਾਲ੍ਹ ਟੁੱਟਣ ਤੇ, ਜਿਹੜੀ ਕਿ ਚਰਖਾ ਕੱਤਣ ਸਮੇਂ ਆਮ ਹੀ ਟੁੱਟਦੀ ਰਹਿੰਦੀ ਸੀ, ਚਰਖਾ ਨਾ ਕੱਤਣ ਦਾ ਨਿਰਮੂਲ ਜਿਹੇ ਬਹਾਨੇ ਦਾ ਪੱਜ ਵੀ ਕਰਦੀਆਂ ਹੁੰਦੀਆਂ ਸਨ-
ਮੇਰੀ ਚਰਖੇ ਦੀ ਟੁੱਗ ਗੀ ਮਾਲ੍ਹ
ਵੇ ਦੱਸ, ਕੱਤਾਂ ਕਿ ਨਾ?
ਉਨ੍ਹਾਂ ਸਮਿਆਂ ਵਿਚ ਜ਼ਿਆਦਾ ਨੌਕਰੀਆਂ ਫੌਜ ਵਿਚ ਹੁੰਦੀਆਂ ਸਨ। ਫ਼ੌਜੀ ਸਾਉਣੀਆਂ ਵਿਚ ਉਨ੍ਹਾਂ ਸਮਿਆਂ ਵਿਚ ਫੈਮਿਲੀ ਕੁਆਟਰ ਘੱਟ ਹੀ ਹੁੰਦੇ ਸਨ। ਜਿਸ ਦਾ ਪਤੀ ਫੌਜ ਵਿਚ ਹੁੰਦਾ ਸੀ, ਉਸ ਦੀ ਪਤਨੀ ਦੀ ਸੁਰਤ ਹਰ ਵਕਤ ਆਪਣੇ ਦੂਰ ਗਏ ਪਤੀ ਵੱਲ ਹੀ ਲੱਗੀ ਰਹਿੰਦੀ ਸੀ-
ਸਾਨੂੰ ਹਰ ਚਰਖੇ ਦੇ ਗੇੜੇ,
ਯਾਦ ਆਵੇਂ ਜਾਣ ਵਾਲਿਆ।
ਫੌਜ ਤੋਂ ਬਾਅਦ ਲੋਕ ਰੋਟੀ ਰੋਜ਼ੀ ਕਮਾਉਣ ਲਈ ਪ੍ਰਦੇਸਾਂ ਨੂੰ ਜਾਣ ਲੱਗ ਪਏ।