Back ArrowLogo
Info
Profile

ਗਲੋਟੇ ਕੱਤਣੀ ਵਿਚ ਰੱਖੇ ਜਾਂਦੇ ਸਨ। ਕੱਤਣੀ ਤੇ ਚਰਖੇ ਦੀ ਇਕ ਦੂਜੇ ਤੇ ਨਿਰਭਰਤਾ ਤੇ ਇਕਸੁਰਤਾ ਬਾਰੇ ਇਕ ਬਾਂਕੀ ਮੁਟਿਆਰ ਦੀ ਕਿੰਨੀ ਸੋਹਣੀ ਕਲਪਨਾ –

ਮੇਰਾ ਚਰਖਾ ਬੋਲੀਆਂ ਪਾਵੇ,

ਕੱਤਣੀ ਕਬਿੱਤ ਜੋੜਦੀ।

X        X        X

ਮੇਰੀ ਕੱਤਣੀ ਫਰਾਟੇ ਮਾਰੇ,

ਪੂਣੀਆਂ ਦੇ ਸੱਪ ਬਣ ਗਏ।

ਲੜਕੀ ਦੇ ਵਿਆਹ ਸਮੇਂ ਜਦ ਡੋਲੀ ਤੋਰੀ ਜਾਂਦੀ ਸੀ ਤਾਂ ਲੜਕੀ, ਲੜਕੀ ਦੇ ਮਾਂ, ਬਾਪ, ਭੈਣਾਂ, ਭਾਈਆਂ, ਰਿਸ਼ਤੇਦਾਰਾਂ, ਸਹੇਲੀਆਂ ਦੇ ਅੱਖਾਂ ਵਿਚ ਤਾਂ ਅੱਥਰੂ ਹੁੰਦੇ ਹੀ ਸਨ, ਉਥੇ ਚਰਖਾ, ਪੂਣੀਆਂ, ਗਲੋਟੇ ਤੇ ਕੱਤਣੀ ਵੀ ਏਸ ਵੈਰਾਗ ਵਿਚ ਸ਼ਾਮਲ ਹੁੰਦੀ ਸੀ-

ਗੱਡੀ ਵਿਚ ਮੈਂ ਰੋਵਾਂ,

ਮੇਰੀ ਕੱਤਣੀ 'ਚੋਂ ਰੋਣ ਗਲੋਟੇ।

ਕੱਤਣੀ ਦੀ ਵਰਤੋਂ ਵਿਸ਼ੇਸ਼ ਤੌਰ ਤੇ ਜਦ ਨਵੀਆਂ ਬਹੂਆਂ ਚਰਖਾ ਕੱਤਦੀਆਂ ਹੁੰਦੀਆਂ ਸਨ, ਉਸ ਸਮੇਂ ਕੀਤੀ ਜਾਂਦੀ ਸੀ। ਆਮ ਤੌਰ ਤੇ ਤਾਂ ਕੱਤਣ ਸਮੇਂ ਗਲਟੇ ਬੋਹੀਏ ਜਾਂ ਛੋਟੇ ਗੋਹਲਿਆਂ ਵਿਚ ਰੱਖੇ ਜਾਂਦੇ ਸਨ।

ਪਹਿਲੇ ਸਮਿਆਂ ਵਿਚ ਜਦ ਪਹਿਲਾ ਬੱਚਾ ਹੁੰਦਾ ਸੀ, ਉਹ ਬੱਚਾ ਧੀਆਂ ਦੇ ਮਾਪਿਆਂ ਦੇ ਘਰ ਹੁੰਦਾ ਸੀ। ਬੱਚੇ ਹੋਣ ਤੋਂ ਬਾਅਦ ਜਦ ਧੀਆਂ ਨੂੰ ਸਹੁਰੇ ਤੋਰਿਆ ਜਾਂਦਾ ਸੀ ਤਾਂ ਸ਼ੂਸ਼ਕ ਦਿੰਦੇ ਸਨ। ਸੂਸਕ ਵਿਚ ਸਹੁਰੇ ਪਰਿਵਾਰ ਦੇ ਸਾਰੇ ਜੀਆਂ ਨੂੰ ਸੂਟ, ਕੱਪੜੇ ਦਿੱਤੇ ਜਾਂਦੇ ਸਨ । ਪੈਸੇ ਵਾਲੇ ਪਰਿਵਾਰ ਪੈਦਾ ਹੋਏ ਬੱਚੇ ਨੂੰ ਕੋਈ ਗਹਿਣਾ ਵੀ ਪਾਉਂਦੇ ਸਨ। ਸ਼ੂਸ਼ਕ ਵਿਚ ਬਹੁਤੇ ਪਰਿਵਾਰ ਚਰਖਾ ਤੇ ਪੀੜ੍ਹੀ ਵੀ ਦਿੰਦੇ ਸਨ।

ਕੱਤਣੀ ਕਿਵੇਂ ਬਣਦੀ ਸੀ, ਹੁਣ ਮੈਂ ਤੁਹਾਨੂੰ ਉਹ ਦੱਸਣ ਲਗਿਆ ਹਾਂ। ਕੱਤਣੀ ਬਣਾਉਣ ਲਈ ਸਲਵਾੜ ਦੀਆਂ ਤੀਲਾਂ ਲਈਆਂ ਜਾਂਦੀਆਂ ਸਨ। ਤੀਲਾਂ ਕਿਸ ਨੂੰ ਕਹਿੰਦੇ ਹਨ? ਅੱਜ ਦੀ ਪੀੜ੍ਹੀ ਨੂੰ ਇਹ ਵੀ ਪਤਾ ਨਹੀਂ ਹੋਵੇਗਾ? ਸਲਵਾੜ ਦੇ ਕਾਨੇ ਦੇ ਸਿਰ ਵਾਲੇ ਹਿੱਸੇ ਨੂੰ ਜਿਸ ਤੇ ਬੰਬੂ ਨਿਕਲੇ ਹੁੰਦੇ ਹਨ, ਉਸ ਹਿੱਸੇ ਨੂੰ ਕਾਨੇ ਨਾਲੋਂ ਤੋੜਿਆ ਜਾਂਦਾ ਸੀ। ਤੋੜੇ ਗਏ ਏਸ ਹਿੱਸੇ ਨੂੰ ਤੀਲਾਂ ਕਹਿੰਦੇ ਸਨ। ਕਾਨੇ ਦੀ ਲੰਬਾਈ ਅਨੁਸਾਰ ਤੀਲਾਂ ਆਮ ਤੌਰ ਤੇ 3 ਕੁ ਫੁੱਟ ਤੋਂ ਲੈ ਕੇ 4 ਕੁ ਫੁੱਟ ਤੱਕ ਦੀਆਂ ਹੁੰਦੀਆਂ ਸਨ।

336 / 361
Previous
Next