Back ArrowLogo
Info
Profile

ਕੱਤਣੀ ਦੇ ਹੇਠਲੇ ਹਿੱਸੇ ਦਾ ਸਾਈਜ਼, ਜਿਸ ਵਿਚ ਗਲੋਟੇ ਰੱਖੇ ਜਾਂਦੇ ਸਨ, ਆਮ ਤੌਰ ਤੇ ਇਕ ਕੁ ਫੁੱਟ ਦਾ ਚੌਰਸ ਹੁੰਦਾ ਸੀ। ਕੱਤਣੀ ਬਣਾਉਣ ਲਈ ਤੀਲਾਂ ਨੂੰ ਵਿਚਾਲੇ ਤੋਂ ਚਾਰ ਪਾਸਿਆਂ ਤੋਂ ਇਕ ਦੂਜੇ ਉਪਰ ਧਾਗੇ ਦੀ ਬਰੀਕ ਡੋਰ ਨਾਲ ਗੁੰਦ ਕੇ ਰੱਖਿਆ ਜਾਂਦਾ ਸੀ। ਚਾਰੇ ਪਾਸਿਆਂ ਤੋਂ ਤੀਲਾਂ ਨੂੰ ਗੁੰਦ ਕੇ ਇਕ ਦੂਜੇ ਉਪਰ ਰੱਖਣ ਕਰਕੇ ਕੱਤਣੀ ਦਾ ਥੱਲਾ ਮੋਟਾ ਤੇ ਮਜ਼ਬੂਤ ਬਣ ਜਾਂਦਾ ਸੀ। ਜਦ ਚਾਰੇ ਪਾਸੇ ਦੀਆਂ ਤੀਲਾਂ ਨੂੰ ਗੁੰਦ ਗੁੰਦ ਕੇ ਹੇਠਲੇ ਹਿੱਸੇ ਦੀ ਲੰਬਾਈ ਚੌੜਾਈ ਇਕ ਫੁੱਟ ਕੁ ਤੱਕ ਦੀ ਹੋ ਜਾਂਦੀ ਸੀ ਤਾਂ ਚਾਰੇ ਪਾਸਿਆਂ ਦੀਆਂ ਤੀਲਾਂ ਨੂੰ 90 ਡਿਗਰੀ ਦਾ ਭੰਨ ਦੇ ਕੇ ਧਰਤੀ ਉਪਰ ਖੜੀਆਂ ਕਰ ਦਿੱਤਾ ਜਾਂਦਾ ਸੀ। ਇਨ੍ਹਾਂ ਖੜ੍ਹੀਆਂ ਕੀਤੀਆਂ ਚਾਰੇ ਪਾਸਿਆਂ ਦੀਆਂ ਤੀਲਾਂ ਨੂੰ ਧਾਗੇ ਨਾਲ ਗੁੰਦ ਕੇ, ਭਾਂਤ ਭਾਂਤ ਦੇ ਡੀਜ਼ਾਇਨ ਪਾ ਕੇ ਫੁੱਟ ਕੁ ਦੀ ਉਚਾਈ ਤੱਕ ਲੈ ਜਾਂਦੇ ਸਨ। ਫੇਰ ਇਨ੍ਹਾਂ ਤੀਲਾਂ ਦੇ ਅੰਦਰਲੇ ਪਾਸੇ ਤਿੰਨ ਤਿੰਨ ਕੁ ਹੋਰ ਤੀਲਾਂ ਜੋੜ ਦਿੱਤੀਆਂ ਜਾਂਦੀਆਂ ਸਨ। ਇਹ ਤੀਲਾਂ ਇਕ ਕਿਸਮ ਦਾ ਕੱਤਣੀ ਦਾ ਬਨੇਰਾ ਬਣ ਜਾਂਦੀਆਂ ਸਨ।

ਕੱਤਣੀ ਦੇ ਇਕ ਪਾਸੇ ਦੀਆਂ ਤੀਲਾਂ ਨੂੰ ਫੇਰ ਕੱਟ ਦਿੱਤਾ ਜਾਂਦਾ ਸੀ। ਇਹ ਕੱਟਿਆ ਹੋਇਆ ਹਿੱਸਾ ਕੱਤਣੀ ਦਾ ਮੂੰਹ ਬਣ ਜਾਂਦਾ ਸੀ। ਬਾਕੀ ਦੀਆਂ ਤਿੰਨੇ ਪਾਸੇ ਦੀਆਂ ਤੀਲਾਂ ਨੂੰ ਫੇਰ ਸੂਤ ਦੀ ਡੋਰ ਨਾਲ ਡਿਜ਼ਾਇਨ ਪਾ ਕੇ, ਗੁੰਦ ਕੇ ਹੌਲੀ ਹੌਲੀ ਉਪਰ ਨੂੰ ਲੈ ਕੇ ਤੰਗ ਕੀਤਾ ਜਾਂਦਾ ਸੀ। ਏਸ ਤਰ੍ਹਾਂ ਥੋੜ੍ਹੀ ਦੂਰੀ ਤੇ ਜਾ ਕੇ ਇਹ ਤਿੰਨੇ ਪਾਸੇ ਦੀਆਂ ਤੀਲਾਂ ਆਪਸ ਵਿਚ ਮਿਲ ਜਾਂਦੀਆਂ ਸਨ। ਏਸ ਤਰ੍ਹਾ ਇਕ ਤਿਕੋਣ ਦੀ ਸ਼ਕਲ ਬਣ ਜਾਂਦੀ ਸੀ। ਤਿਕੋਣ ਦੇ ਸਿਰੇ ਤੇ ਆਮ ਤੌਰ ਤੇ ਕੱਪੜੇ ਦੀ ਇਕ ਛੋਟੀ ਜਿਹੀ ਚਿੜੀ ਬਣਾ ਕੇ ਲਾ ਦਿੱਤੀ ਜਾਂਦੀ ਸੀ ਜਾਂ ਕੋਈ ਹੋਰ ਜਾਨਵਰ ਬਣਾ ਕੇ ਲਾ ਦਿੱਤਾ ਜਾਂਦਾ ਸੀ। ਕਈ ਕੱਤਣੀਆਂ ਦੇ ਉਸ ਹਿੱਸੇ ਤੇ ਜਿੱਥੋਂ ਕੱਤਣੀ ਨੂੰ ਤਿਰਛੀ ਸ਼ਕਲ ਦੇਣੀ ਸ਼ੁਰੂ ਕੀਤੀ ਜਾਂਦੀ ਸੀ, ਉਨ੍ਹਾਂ ਕੋਨਿਆਂ ਤੇ ਵੀ ਚਿੜੀਆਂ ਲਾ ਦਿੰਦੇ ਸਨ। ਇਨ੍ਹਾਂ ਚਿੜੀਆਂ ਵਿਚ ਸਿਤਾਰੇ ਤੇ ਮੋਤੀ ਵੀ ਲਾ ਦਿੱਤੇ ਸਨ।

ਕੱਤਣੀ ਦਾ ਢੱਕਣ ਵੱਖਰੇ ਤੌਰ ਤੇ ਗੁੰਦ ਕੇ ਬਣਾਇਆ ਜਾਂਦਾ ਸੀ। ਕੱਤਣੀ ਦੇ ਜਿਸ ਥਾਂ ਤੇ ਤਿੰਨ ਤਿੰਨ ਤੀਲਾਂ ਹੋਰ ਜੋੜੀਆਂ ਹੁੰਦੀਆਂ ਸਨ, ਉਸ ਥਾਂ ਤੇ ਤਿਆਰ ਕੀਤੇ ਢੱਕਣ ਦੇ ਪਿਛਲੇ ਹਿੱਸੇ ਨੂੰ ਜੋੜ ਦਿੱਤਾ ਜਾਂਦਾ ਸੀ। ਜਿਵੇਂ ਜਿਵੇਂ ਕੱਤਣ ਸਮੇਂ ਗਲੋਟੇ ਬਣਦੇ ਜਾਂਦੇ ਸਨ, ਕੱਤਣੀ ਵਿਚ ਪਾਏ ਜਾਂਦੇ ਸਨ। ਏਸ ਤਰ੍ਹਾਂ ਕੱਤਣੀ ਬਣਦੀ ਸੀ। ਕੱਤਣੀ ਨੂੰ ਦਾਜ ਦੀ ਵਸਤ ਵਜੋਂ ਅਲੋਪ ਹੋਇਆਂ 50 ਸਾਲ ਤੋਂ ਉਪਰ ਦਾ ਸਮਾਂ ਹੋ ਗਿਆ ਹੈ।

0

337 / 361
Previous
Next