

ਮਧਾਣੀ
ਮਧਾਣੀ ਦਾ ਇਕੋ ਇਕ ਕੰਮ ਕਿਸੇ ਤਰਲ ਪਦਾਰਥ ਨੂੰ ਰਿੜਕਣ ਦਾ ਰਿਹਾ ਹੈ। ਚਾਹੇ ਉਹ ਦੁੱਧ ਹੋਵੇ, ਚਾਹੇ ਉਹ ਦਹੀਂ ਹੋਵੇ, ਚਾਹੇ ਕੋਈ ਹੋਰ ਪਦਾਰਥ ਹੋਵੇ। ਰਿੜਕਣ ਸਬੰਧੀ ਮੈਨੂੰ ਇਕ ਅਖਾਣ ਯਾਦ ਆ ਗਿਆ। ਕਈ ਬੰਦੇ ਜਿਹੜੇ ਜ਼ਿਆਦਾ ਫੋਕਾ ਵਿਖਾਵਾ ਕਰਨ ਦੇ ਆਦੀ ਹੁੰਦੇ ਹਨ, ਉਨ੍ਹਾਂ ਬਾਰੇ ਕਿਹਾ ਜਾਂਦਾ ਹੈ –
ਸੇਰ ਦੁੱਧ ਤੇ ਵੀਹ ਸੇਰ ਪਾਣੀ,
ਘੁੰਮਰ ਘੁੰਮਰ ਫਿਰੇ ਮਧਾਣੀ।
ਦੁੱਧ, ਦਹੀਂ ਨੂੰ ਰਿੜਕ ਕੇ ਮੱਖਣ ਬਣਾਉਣ ਲਈ ਮਧਾਣੀ ਦੀ ਵਰਤੋਂ ਕੀਤੀ ਜਾਂਦੀ ਹੈ। ਪੁਰਾਣੇ ਸਮਿਆਂ ਵਿਚ ਮਧਾਣੀ ਦੀ ਬਣਤਰ ਕਿਹੋ ਜਿਹੀ ਹੁੰਦੀ ਸੀ, ਦੱਸਣ ਤੋਂ ਪਹਿਲਾਂ ਮੈਂ ਦੁੱਧ ਦੀ ਥੋੜ੍ਹੀ ਜਿਹੀ ਗੱਲ ਕਰ ਲਵਾਂ, ਤਾਂ ਉਚਿਤ ਹੀ ਹੋਵੇਗਾ।

ਪਹਿਲੇ ਸਮਿਆਂ ਵਿਚ ਕੁੜੀਆਂ ਨੂੰ ਪੜ੍ਹਾਇਆ ਨਹੀਂ ਜਾਂਦਾ ਸੀ। ਏਸ ਲਈ ਕੁੜੀਆਂ ਦਾ ਜ਼ਿਆਦਾ ਸਮਾਂ ਘਰ ਦੇ ਕੰਮਾਂ ਕਾਰਾਂ ਵਿਚ ਹੀ ਬੀਤਦਾ ਸੀ। ਸੂਤ ਕੱਤਣਾ, ਦਰੀਆਂ ਬੁਣਨਾ, ਕਢਾਈ ਕਰਨਾ ਤੇ ਬੁਣਾਈ ਕਰਨ ਦੇ ਕੰਮਾਂ ਵਿਚ ਕੁੜੀਆਂ ਨੂੰ ਮਾਹਰ ਕੀਤਾ ਜਾਂਦਾ ਸੀ। ਕੁੜੀਆ ਆਪਣਾ ਦਾਜ ਵੀ ਆਪ ਤਿਆਰ ਕਰਦੀਆਂ ਸਨ। ਦਾਜ ਦੀਆਂ ਬਹੁਤੀਆਂ ਵਸਤਾਂ ਖੱਦਰ ਤੋਂ ਹੀ ਤਿਆਰ ਹੁੰਦੀਆਂ ਸਨ। ਏਸ ਲਈ ਕੁੜੀਆਂ ਦਾ ਸਭ ਤੋਂ ਜ਼ਿਆਦਾ ਸਮਾਂ ਚਰਖਾ ਕੱਤਣ ਤੇ ਹੀ ਲੱਗਦਾ ਸੀ। ਸਭ ਤੋਂ ਵਧੀਆ ਚਰਖਾ ਟਾਹਲੀ ਦੀ ਲੱਕੜ ਦਾ ਗਿਣਿਆ ਜਾਂਦਾ ਸੀ। ਦੂਸਰੀਆਂ ਲੱਕੜਾਂ ਦੇ ਵੀ ਚਰਖੇ ਬਣਾਏ ਜਾਂਦੇ ਸਨ-