

ਕਿੱਕਰ ਦਾ ਮੇਰਾ ਚਰਖਾ ਮਾਏ,
ਟਾਹਲੀ ਦਾ ਕਰਵਾ ਦੇ।
ਏਸ ਚਰਖੇ ਦਾ ਹਿੱਲੇ ਮਝੇਰੂ,
ਮਾਲ੍ਹਾਂ ਬਹੁਤੀਆਂ ਖਾਵੇ।
ਮੇਰੇ ਨਾਲ ਦੀਆਂ ਕੱਤ ਕੇ ਸੌਂ ਗਈਆਂ,
ਮੈਥੋਂ ਕੱਤਿਆ ਨਾ ਜਾਵੇ।
ਚਰਖਾ ਬੂ! ਚੰਦਰਾ!
ਮੇਰੀ ਨੀਂਦ ਗਵਾਵੇ।
ਕਈ ਕੁੜੀਆਂ ਨੂੰ ਆਪਣੇ ਚਰਖੇ ਤੇ ਬੜਾ ਅਭਿਮਾਨ ਹੁੰਦਾ ਸੀ –
ਚਰਖਾ ਤਾਂ ਮੇਰਾ ਤ੍ਰਿੰਝਣ ਦਾ ਸਰਦਾਰ ਨੀ ਮਾਏ
ਜਿਨ੍ਹਾਂ ਤਾਂ ਬੀੜਿਆ ਨੀ ਚਰਖਾ ਮੇਰਾ,
ਜਾਵਾਂ ਉਨ੍ਹਾਂ ਤੋਂ ਬਲਿਹਾਰ ਨੀ ਮਾਏ।
ਗਰਮੀਆਂ ਦੀਆਂ ਦੁਪਹਿਰਾਂ ਨੂੰ ਜਾਂ ਸਰਦੀਆਂ ਦੀਆਂ ਰਾਤਾਂ ਨੂੰ ਆਮ ਤੌਰ ਤੇ ਕਿਸੇ ਖੁਲ੍ਹੇ ਘਰ ਦੇ ਵਿਹੜੇ ਜਾਂ ਸਬਾਤ ਵਿਚ ਤ੍ਰਿੰਝਣ ਲੱਗਦੇ ਹੁੰਦੇ ਸਨ। ਗਲੀ ਗੁਆਂਢ ਦੀਆਂ ਕੁੜੀਆਂ 'ਕੱਠੀਆਂ ਹੋ ਕੇ ਤ੍ਰਿੰਝਣ ਲਾਉਂਦੀਆਂ ਸਨ। ਆਪਣੇ ਆਪਣੇ ਚਰਖੇ, ਬੋਹੀਏ ਵਿਚ ਪੂਣੀਆਂ ਤੇ ਬੈਠਣ ਲਈ ਪੀੜ੍ਹੀਆਂ ਲੈ ਕੇ ਇਕ ਮਿਥੇ ਹੋਏ ਘਰ ਵਿਚ ਪਹੁੰਚ ਜਾਂਦੀਆਂ ਸਨ। ਕੁੜੀਆਂ ਆਪਣੇ ਵਿਚੋਂ ਇਕ ਕੁੜੀ ਨੂੰ ਲੀਡਰ ਮਿਥ ਲੈਂਦੀਆਂ ਸਨ। ਲੀਡਰ ਆਮ ਤੌਰ ਤੇ ਉਸ ਕੁੜੀ ਨੂੰ ਮਿਥਿਆ ਜਾਂਦਾ ਸੀ, ਜਿਹੜੀ ਚਰਖਾ ਕੱਤਣ ਵਿਚ ਤੇਜ਼ ਹੁੰਦੀ ਸੀ। ਫੇਰ ਕੁੜੀਆਂ ਆਪਣੀਆਂ ਆਪਣੀਆਂ ਪੂਣੀਆਂ ਵਿਚੋਂ ਮਿਥੀ ਗਿਣਤੀ ਅਨੁਸਾਰ ਪੂਣੀਆਂ ਲੀਡਰ ਕੁੜੀ ਨੂੰ ਫੜਾਉਂਦੀਆਂ ਹੁੰਦੀਆਂ ਸਨ । ਉਹ ਲੀਡਰ ਕੁੜੀ ਇਕ ਕੁੜੀ ਦੀਆਂ ਪੂਣੀਆਂ ਲੈ ਕੇ ਉਸ ਦੇ ਉਪਰ ਦੂਜੀ ਕੁੜੀ ਦੀਆਂ ਪੂਣੀਆਂ ਕਰਾਸ ਬਣਾ ਕੇ, ਫੇਰ ਉਸ ਉਪਰ ਤੀਜੀ ਕੁੜੀ ਦੀਆਂ ਪੂਣੀਆਂ ਦਾ ਕਰਾਸ ਬਣਾ ਕੇ ਤੇ ਫੇਰ ਏਸੇ ਤਰ੍ਹਾਂ ਸਾਰੀਆਂ ਕੁੜੀਆਂ ਦੀਆਂ ਪੂਣੀਆਂ 'ਕੱਠੀਆਂ ਕਰ ਲੈਂਦੀ ਸੀ। ਇਨ੍ਹਾਂ 'ਕੱਠੀਆਂ ਕੀਤੀਆਂ ਪੂਣੀਆਂ ਦੇ ਗੁੱਛੇ ਛੱਜ ਵਿਚ ਰੱਖੇ ਜਾਂਦੇ ਸਨ। ਇਨ੍ਹਾਂ 'ਕੱਠੀਆਂ ਕੀਤੀਆਂ ਪੂਣੀਆਂ ਨੂੰ ਛੋਪ ਪਾਉਣਾ ਕਹਿੰਦੇ ਸਨ।
ਛੋਪ ਵਾਲੇ ਛੱਜ ਨੂੰ ਉਸ ਲੀਡਰ ਕੁੜੀ ਦੇ ਕੋਲ ਰੱਖ ਦਿੱਤਾ ਜਾਂਦਾ ਸੀ। ਗੋਲ ਘੇਰੇ ਵਿਚ ਚਰਖੇ ਡਾਹੇ ਜਾਂਦੇ ਸਨ। ਫੇਰ ਲੀਡਰ ਕੁੜੀ ਜਿਸ ਤਰਤੀਬ ਅਨੁਸਾਰ ਪੂਣੀਆਂ ਦਾ ਗੁੱਛਾ ਬਣਾਇਆ ਹੁੰਦਾ ਸੀ, ਉਸ ਤਰਤੀਬ ਅਨੁਸਾਰ ਹੀ ਪੂਣੀਆਂ ਦੇ ਇਕ ਗੁੱਛੇ ਨੂੰ ਕੁੜੀਆਂ ਵਿਚ ਵੰਡ ਦਿੰਦੀ ਸੀ। ਪੂਣੀਆਂ ਵੰਡਣ ਤੇ ਕੁੜੀਆਂ ਕੱਤਣਾ ਸ਼ੁਰੂ ਕਰਦੀਆਂ ਹੁੰਦੀਆਂ ਸਨ। ਏਸ ਤਰ੍ਹਾਂ ਛੋਪ ਦੇ ਸਾਰੇ ਪਾਏ ਸਾਰੇ ਗੁੱਛੇ