

ਕੁੜੀਆਂ ਕੱਤਦੀਆਂ ਰਹਿੰਦੀਆਂ ਸਨ। ਏਸ ਕੱਤ ਕਤਾਈ ਦੇ ਵਿਚ ਹੀ ਕੁੜੀਆਂ ਦੀ ਆਪਸ ਵਿਚ ਨੋਕ ਝੋਕ ਵੀ ਚਲਦੀ ਰਹਿੰਦੀ ਸੀ। ਗੀਤ ਵੀ ਗਾਉਂਦੀਆਂ ਸਨ। ਭੁੱਜੇ ਦਾਣੇ, ਗੁੜ ਤੇ ਮੂੰਗਫਲੀ ਵੀ ਖਾਂਦੀਆਂ ਰਹਿੰਦੀਆਂ ਸਨ। ਜਦ ਇਨ੍ਹਾਂ ਤ੍ਰਿਝਣ ਕੱਤਦੀਆਂ ਕੁੜੀਆਂ ਦੇ ਵਿਆਹ ਹੋ ਜਾਂਦੇ ਸਨ, ਫੇਰ ਤਾਂ ਇਨ੍ਹਾਂ ਦਾ ਕਦੇ ਕਦਾਈਂ ਹੀ ਮੇਲ ਹੁੰਦਾ ਸੀ –
ਬੇੜੀ ਦਾ ਪੂਰ, ਤ੍ਰਿੰਝਣ ਦੀਆਂ ਕੁੜੀਆਂ,
ਸਬੱਬ ਨਾਲ ਹੋਣ 'ਕੱਠੀਆਂ।
ਇਨ੍ਹਾਂ ਤ੍ਰਿੰਝਣਾਂ ਵਿਚ ਕੱਤਦੀਆਂ ਕਈ ਮੁਟਿਆਰਾਂ ਦੇ ਰੰਗ-ਰੂਪ, ਜਵਾਨੀ, ਜੋਬਨ ਦੀ ਚਰਚਾ ਵੀ ਹੁੰਦੀ ਰਹਿੰਦੀ ਸੀ-
ਨਿੱਕੀ ਹੁੰਦੀ ਮੈਂ ਰਹੀ ਨਾਨਕੀਂ,
ਖਾਂਦੀ ਦੁੱਧ ਮਲਾਈਆਂ।
ਤੁਰਦੀ ਦਾ ਲੱਕ ਝੂਟੇ ਖਾਂਦਾ,
ਪੈਰੀਂ ਝਾਂਜਰਾਂ ਪਾਈਆਂ।
ਤ੍ਰਿੰਝਣਾਂ 'ਚ ਕੱਤਦੀ ਦਾ,
ਦੇਵੇ ਰੂਪ ਦੁਹਾਈਆਂ।
ਵਿਆਹ ਤੋਂ ਬਾਅਦ ਕਈ ਵੇਰ ਮਾਵਾਂ ਨੂੰ ਆਪਣੀ ਕੁੜੀ ਦੀਆਂ ਸਹੇਲੀਆਂ ਨੂੰ ਤ੍ਰਿੰਝਣਾਂ ਵਿਚ ਕੱਤਦੀਆਂ ਵੇਖ ਕੇ ਆਪਣੀਆਂ ਧੀਆਂ ਯਾਦ ਆ ਜਾਂਦੀਆਂ ਹਨ-
ਤ੍ਰਿੰਝਣਾਂ ਦੇ ਵਿਚ ਕੱਤਣ ਸਹੇਲੀਆਂ,
ਗੁੱਡੀਆਂ ਨਾਲ ਗੁੱਡੀਆਂ ਜੋੜ।
ਹੁਣ ਕਿਉਂ ਰੋਨੀ ਏਂ,
ਧੀਆਂ ਨੂੰ ਸਹੁਰੇ ਤੋਰ।
ਅੱਜ ਕੋਈ ਵੀ ਖੱਦਰ ਨਹੀਂ ਪਹਿਨਦਾ। ਚਰਖਾ ਕੱਤਣ ਦਾ ਰਿਵਾਜ ਵੀ ਨਾ ਦੇ ਬਰਾਬਰ ਹੀ ਹੈ। ਪਿੰਡਾਂ ਵਿਚ ਕੋਈ ਕੋਈ ਬੁੜੀ ਹੀ ਚਰਖਾ ਕੱਤਦੀ ਨਜ਼ਰ ਆਵੇਗੀ। ਹੁਣ ਪਿੰਡ ਪਿੰਡ ਸਕੂਲ ਖੁਲ੍ਹੇ ਹੋਏ ਹਨ। ਸਾਰੀਆਂ ਕੁੜੀਆਂ ਹੀ ਪੜ੍ਹਦੀਆਂ ਹਨ। ਅੱਜ ਦੀਆਂ ਬਹੁਤੀਆਂ ਕੁੜੀਆਂ ਚਰਖਾ ਕੱਤਣ ਹੀ ਨਹੀਂ ਜਾਣਦੀਆਂ। ਛੋਪ ਪਾ ਕੇ ਤ੍ਰਿੰਝਣ ਕੱਤਣਾ ਕੀ ਹੁੰਦਾ ਸੀ? ਅੱਜ ਦੀ ਕੋਈ ਵੀ ਕੁੜੀ ਨਹੀਂ ਦੱਸ ਸਕੇਗੀ, ਨਾ ਹੀ ਤੁਹਾਨੂੰ ਤ੍ਰਿੰਝਣ ਕਿਤੇ ਨਜ਼ਰ ਆਵੇਗਾ-
ਸੁੰਨੇ ਪਏ ਨੇ ਤ੍ਰਿੰਝਣ ਅੱਜ ਤੇਰੇ,
ਚਰਖੇ ਦੀ ਗੂੰਜ ਨਾ ਸੁਣੇ।
ਸਾਡਾ ਇਹ ਤ੍ਰਿਝਣਾਂ ਦਾ ਵਿਰਸਾ ਬਿਲਕੁਲ ਹੀ ਅਲੋਪ ਹੋ ਗਿਆ ਹੈ।
ਉਨ੍ਹਾਂ ਸਮਿਆਂ ਵਿਚ ਗੰਨੇ ਚੂਪਣ ਤੇ ਰਸ ਪੀਣ ਦਾ ਬਹੁਤ ਰਿਵਾਜ ਸੀ। ਜਦ ਪੰਜਾਬ ਤੇ ਗੋਰਿਆਂ ਦਾ ਰਾਜ ਹੋਇਆ ਤਾਂ ਉਨ੍ਹਾਂ ਨੇ ਪੰਜਾਬ ਵਿਚ ਚਾਹ ਪੀਣਾ ਪ੍ਰਚਲਤ ਕੀਤਾ। ਜਿਸ ਦਾ ਪਤੀ ਚਾਹ ਪੀਣ ਲੱਗ ਜਾਂਦਾ ਸੀ, ਉਸ ਦੀ ਪਤਨੀ ਉਸ ਨੂੰ ਚਾਹ ਛੱਡ ਕੇ ਗੰਨੇ ਚੂਪਣ ਦੀ ਸਿਫ਼ਾਰਿਸ਼ ਕਰਦੀ ਹੁੰਦੀ ਸੀ-
ਵੇ ਤੂੰ ਚਾਹ ਗੋਰਿਆਂ ਦੀ ਛੱਡ ਦੇ,
ਗੰਨਿਆਂ ਦਾ ਰਸ ਚੂਪ ਲੈ।
ਉਨ੍ਹਾਂ ਸਮਿਆਂ ਵਿਚ ਪਰਿਵਾਰ ਦੇ ਕਈ ਗਭਰੂ ਛੜੇ ਰਹਿ ਜਾਂਦੇ ਸਨ। ਜੇਕਰ ਰੱਬ ਸਬੱਬਾਂ ਛੜੇ ਰਹਿ ਗਏ ਜੇਠ ਦੀ ਕੁੜਮਾਈ ਹੋ ਜਾਂਦੀ ਸੀ ਤਾਂ ਵੀ ਉਸ ਦੀ ਭਰਜਾਈ ਗੁੜ ਹੀ ਵੰਡਦੀ ਹੁੰਦੀ ਸੀ –
ਛੜੇ ਜੇਠ ਦੀ ਹੋਈ ਕੁੜਮਾਈ,
ਗਲੀਆਂ 'ਚ ਗੁੜ ਵੰਡਦੀ।
ਜੇਕਰ ਉਨ੍ਹਾਂ ਸਮਿਆਂ ਵਿਚ ਕੋਈ ਮੁਕੱਦਮਾ ਜਿੱਤ ਜਾਂਦਾ ਸੀ, ਤਾਂ ਵੀ ਗੁੜ ਵੰਡਿਆ ਜਾਂਦਾ ਸੀ । ਬਾਅਦ ਵਿਚ ਗੁੜ ਦੀ ਥਾਂ ਲੱਡੂਆਂ ਨੇ ਲੈ ਲਈ-
ਲੱਡੂ ਵੰਡਦੀ ਤਸੀਲੋਂ ਨਿਕਲੀ,
ਪਹਿਲੀ ਪੇਸ਼ੀ ਯਾਰ ਛੁੱਟ ਗਿਆ।
ਗੱਲ ਕੀ ਉਨ੍ਹਾਂ ਸਮਿਆਂ ਵਿਚ ਕੋਈ ਵੀ ਕਾਰਜ ਗੁੜ ਤੋਂ ਬਿਨਾਂ ਸੰਪੂਰਨ ਨਹੀਂ ਸਮਝਿਆ ਜਾਂਦਾ ਸੀ। ਲਓ, ਹੁਣ ਘੁਲਾੜੀ ਦੀ ਬਣਤਰ ਬਾਰੇ ਵੀ ਸੁਣ ਲਵੋ।
ਘੁਲਾੜੀ ਸਾਰੀ ਦੀ ਸਾਰੀ ਲੋਹੇ ਦੀ ਦੇਗ ਦੀ ਬਣੀ ਹੁੰਦੀ ਸੀ। ਸਭ ਤੋਂ ਹੇਠਲੇ ਹਿੱਸੇ ਨੂੰ ਜਿਥੇ ਰਸ ਨਿਕਲ ਕੇ ਡਿਗਦਾ ਹੁੰਦਾ ਸੀ ਤੇ ਜਿਸ ਤੇ ਵੇਲਣੇ ਫਿਟ ਹੁੰਦੇ ਸਨ, ਉਸ ਨੂੰ ਪਾਰੀ ਕਿਹਾ ਜਾਂਦਾ ਸੀ। ਪਾਰੀ ਪਰਾਂਤ ਦੀ ਤਰ੍ਹਾਂ ਸਿਰਿਆਂ ਤੋਂ ਉੱਚੀ