

ਜੋੜੀ ਨੂੰ ਗਰਦਲ ਨਾਲ ਜੋੜਿਆ ਜਾਂਦਾ ਸੀ। ਗਰਦਲ ਵੇਲਨਿਆਂ ਨੂੰ ਚਲਾਉਂਦੀ ਸੀ। ਗੰਨੇ ਲਾਉਣ ਵਾਲਾ ਘੁਲਾੜੀ ਵਿਚ ਗੰਨੇ ਲਾਉਂਦਾ ਸੀ। ਰਸ ਨਿਕਲ ਕੇ ਪਾਰੀ ਵਿਚ ਦੀ ਹੁੰਦਾ ਹੋਇਆ ਧਰਤੀ ਵਿਚ ਡੂੰਘੇ ਰੱਖੇ ਪੀਪੇ ਵਿਚ ਪੈਂਦਾ ਸੀ। ਏਸ ਪੀਪੇ ਨੂੰ ਵਹਾ ਕਿਹਾ ਜਾਂਦਾ ਸੀ। ਘੁਲਾੜੀ ਦੀ ਪੈੜ ਦੇ ਨਾਲ ਹੀ ਵਹਿਣੀ ਬਣਾਈ ਹੁੰਦੀ ਸੀ। ਵਹਿਣੀ ਇਕ ਬਹੁਤ ਬੜੇ ਆਕਾਰ ਦਾ ਚੁਲ੍ਹਾ ਹੁੰਦਾ ਸੀ, ਜਿਸ ਦੇ ਉਪਰ ਗੁੜ ਬਣਾਉਣ ਲਈ ਕੜਾਹਾ ਰੱਖਿਆ ਹੁੰਦਾ ਸੀ। ਗੁੜ ਬਣਾਉਣ ਲਈ ਆਮ ਤੌਰ ਤੇ 8 ਵਹਿਆਂ/ਪੀਪੇ ਤੋਂ ਲੈ ਕੇ 12 ਪੀਪਿਆਂ ਦਾ ਰਸ ਕੜਾਹੇ ਵਿਚ ਪਾਇਆ ਜਾਂਦਾ ਸੀ। ਕੜਾਹੇ ਉਪਰ ਇਕ ਟੋਕਰੀ ਰੱਖੀ ਹੁੰਦੀ ਸੀ, ਜਿਸ ਵਿਚ ਮਲਮਲ ਦਾ ਕੱਪੜਾ ਰੱਖਿਆ ਹੁੰਦਾ ਸੀ। ਕੜਾਹੇ ਵਿਚ ਰਸ ਪਾਉਣ ਸਮੇਂ ਰਸ ਵਿਚ ਜੋ ਨਿੱਕ ਸੁੱਕ ਹੁੰਦਾ ਸੀ, ਉਹ ਟੋਕਰੀ ਵਿਚ ਰਹਿ ਜਾਂਦਾ ਸੀ।
ਰਸ ਪਕਾਉਣ ਤੇ ਗੁੜ ਬਣਾਉਣ ਲਈ ਗੰਨਿਆਂ ਦੀ ਸੁੱਕੀ ਪੱਤੀ, ਸਲਵਾੜ ਦੀ ਅੱਗ ਦੇ ਸੇਕ ਦੀ ਵਰਤੋਂ ਕੀਤੀ ਜਾਂਦੀ ਸੀ। ਗੰਨਿਆਂ ਦੇ ਸੁੱਕੇ ਤੱਥਿਆਂ ਦੀ ਵਰਤੋਂ ਵੀ ਰਸ ਪਕਾਉਣ ਲਈ ਕੀਤੀ ਜਾਂਦੀ ਸੀ। ਗੰਨੇ ਦੇ ਰਸ ਨੂੰ ਸਾਫ਼ ਕਰਨ ਲਈ ਭਿੰਡੀ ਦੇ ਸੁੱਕੇ ਬੂਟਿਆਂ ਨੂੰ ਕੱਟ ਕੇ ਪਾਣੀ ਵਿਚ ਉਬਾਲਿਆਂ ਜਾਂਦਾ ਸੀ। ਏਸ ਉਬਾਲੇ ਹੋਏ ਪਾਣੀ ਨੂੰ ਕੜਾਹੇ ਵਿਚ ਗਰਮ ਹੋ ਰਹੇ ਰਸ ਵਿਚ ਪਾ ਦਿੱਤਾ ਜਾਂਦਾ ਸੀ। ਇਸ ਨਾਲ ਰਸ ਵਿਚ ਜੋ ਮੈਲ ਹੁੰਦੀ ਸੀ, ਉਹ ਉਪਰ ਆ ਜਾਂਦੀ ਸੀ, ਜਿਸ ਨੂੰ ਲੱਕੜ ਦੇ ਹੱਥ ਵਿਚ ਲੱਗੀ ਛਾਨਣੀ ਨਾਲ ਰਸ ਵਿਚੀ ਬਾਹਰ ਕੱਢ ਲੈਂਦੇ ਸਨ। ਰਸ ਦੀ ਇਹ ਮੈਲ ਪਸ਼ੂਆਂ ਦੀ ਖੁਰਾਕ ਵਿਚ ਵਰਤ ਲੈਂਦੇ ਸਨ। ਰਸ ਨੂੰ ਲੱਕੜ ਦੇ ਮਕਸੂਦ ਨਾਲ ਹਿਲਾਉਂਦੇ ਰਹਿੰਦੇ ਸਨ। ਜਿਉਂ ਜਿਉਂ ਰਸ ਪੱਕਦਾ ਸੀ, ਰਸ ਵਿਚ ਬੁਲਬੁਲੀਆਂ ਬਣਦੀਆਂ ਸਨ। ਜਦ ਰਸ ਪੱਕ ਕੇ ਗੁੜ ਬਣਨ ਯੋਗ ਹੋ ਜਾਂਦਾ ਸੀ, ਤਾਂ ਇਸ ਨੂੰ ਕੜਾਹੇ ਵਿਚੋਂ ਲੱਕੜ ਦੇ ਚੌਰਸ ਜਾਂ ਗੋਲ ਬਣੇ ਆਕਾਰ ਵਾਲੇ ਬੜੇ ਸਾਰੇ ਟੱਬ ਵਿਚ ਉਲਦ ਦਿੱਤਾ ਜਾਂਦਾ ਸੀ, ਜਿਸ ਨੂੰ ਗੰਡ ਕਹਿੰਦੇ ਸਨ। ਜਦ ਇਹ ਥੋੜ੍ਹਾ ਠੰਡਾ ਹੋ ਜਾਂਦਾ ਸੀ ਤਾਂ ਇਸ ਨੂੰ ਲੋਹੇ ਦੇ ਬੜੇ ਬੜੇ ਖੁਰਚਣਿਆਂ ਨਾਲ ਉਲਟਾਅ ਪਲਟਾਅ ਕੇ ਚੰਡਿਆ ਜਾਂਦਾ ਸੀ। ਇਨ੍ਹਾਂ ਖੁਰਚਣਿਆਂ ਨੂੰ ਚੰਡਣੀਆਂ ਕਹਿੰਦੇ ਸਨ। ਚੰਡ ਕੇ ਗੁੜ ਦੀਆਂ ਭੇਲੀਆਂ ਜਾਂ ਪੇਸ਼ੀਆ ਜਾਂ ਸ਼ੱਕਰ ਬਣਾਈ ਜਾਂਦੀ ਸੀ। ਪੰਜ ਕੁ ਕਿਲੋ ਗੁੜ ਨੂੰ ਇਕ ਥਾਂ 'ਕੱਠਾ ਕਰ ਕੇ ਜਮਾਉਣ ਨੂੰ ਭੇਲੀ ਕਹਿੰਦੇ ਸਨ। ਭੇਲੀਆਂ, ਪੇਸ਼ੀਆਂ ਤੇ ਸ਼ੱਕਰ ਨੂੰ ਮੋਟੇ ਖੇਸ ਤੇ ਪਾਇਆ ਜਾਂਦਾ ਸੀ। ਜਦ ਇਹ ਸੁੱਕ ਕੇ ਠੰਡੀਆਂ ਹੋ ਜਾਂਦੀਆਂ ਸਨ ਤਾਂ ਇਨ੍ਹਾਂ ਨੂੰ ਘਰਾਂ ਨੂੰ ਲੈ ਜਾਂਦੇ ਸਨ। ਉਨਾਂ ਸਮਿਆਂ ਦਾ ਹੀ ਸਿਆਣਿਆਂ ਦਾ ਕਿਹਾ ਹੋਇਆ ਅਖਾਣ ਹੈ-
ਪੁੱਤ ਪੜ੍ਹਾਇਆ ਭਲਾ,
ਕਮਾਦ ਪੀੜਿਆ ਭਲਾ।