

ਪਿੰਡ ਵਿਚ ਰਹਿੰਦੇ ਹੋਏ ਬਾਜ਼ੀਗਰ ਬਾਜ਼ੀ ਪਾਉਣ ਵਾਲੇ ਸਾਰੇ ਕਰਤਵਾਂ ਦੀ ਪ੍ਰੈਕਟਿਸ ਕਰਦੇ ਰਹਿੰਦੇ ਸਨ। ਆਮ ਤੌਰ ਤੇ ਪਿੰਡਾਂ ਦੇ ਦਰਵਾਜ਼ਿਆਂ ਅੱਗੇ ਖੁਲ੍ਹੀ ਥਾਂ ਹੁੰਦੀ ਸੀ, ਜਿਥੇ ਬਾਜ਼ੀ ਪਾਈ ਜਾਂਦੀ ਸੀ। ਬਾਜ਼ੀ ਪੈਂਦੀ ਸਾਰਾ ਪਿੰਡ ਵੇਖਦਾ ਸੀ। ਆਲੇ ਦੁਆਲੇ ਪਿੰਡਾਂ ਦੇ ਲੋਕ ਵੀ ਪੈਂਦੀ ਬਾਜ਼ੀ ਨੂੰ ਦੇਖਣ ਆਉਂਦੇ ਸਨ। ਜੇ ਕਿਸੇ ਮੁਟਿਆਰ ਦਾ ਘਰ ਵਾਲਾ ਪਿੰਡ ਵਿਚ ਪੈਂਦੀ ਬਾਜ਼ੀ ਸਮੇਂ ਘਰ ਬੈਠਾ ਹੁੰਦਾ ਸੀ, ਤਾਂ ਉਸ ਦੀ ਪਤਨੀ ਉਸ ਨੂੰ ਬਾਜ਼ੀ ਪੈਂਦੀ ਦੇਖਣ ਜਾਣ ਲਈ ਤੁੰਨਦੀ ਹੁੰਦੀ ਸੀ-
ਦਰਵਾਜ਼ੇ ਪੈਂਦੀ ਬਾਜ਼ੀ,
ਤੂੰ ਬਾਜ਼ੀ ਕਿਉਂ ਨੀ ਦੇਖਦਾ?
ਬਾਜ਼ੀ ਪਾਉਣ ਸਮੇਂ ਉੱਚੀ ਛਾਲ ਤੇ ਹੋਰ ਛਾਲਾਂ ਲਾਉਣ ਦੇ ਕਰਤਵ ਜ਼ਿਆਦਾ ਦਿਖਾਏ ਜਾਂਦੇ ਸਨ। ਉੱਚੀ ਛਾਲ ਲਾਉਣ ਲਈ ਇਕ ਬਹੁਤ ਵਧੀਆ ਲੱਕੜ ਦਾ ਲਚਕਦਾਰ ਫੱਟਾ ਲਿਆ ਜਾਂਦਾ ਸੀ । ਫੱਟੇ ਨੂੰ ਸਰ੍ਹੋਂ ਦਾ ਤੇਲ ਲਾ ਕੇ ਮਜ਼ਬੂਤ ਕੀਤਾ ਜਾਂਦਾ ਸੀ। ਏਸ ਫੱਟੇ ਨੂੰ ਤਿਰਛੀ ਛੇਪ ਵਿਚ ਧਰਤੀ ਵਿਚ ਗੱਡਿਆ ਜਾਂਦਾ ਸੀ। ਬਾਜ਼ੀ ਪਾਉਣ ਵਾਲਿਆਂ ਦੇ ਸਰੀਰ ਤੇ ਸਿਰਫ਼ ਜਾਂਘੀਆ ਹੀ ਪਾਇਆ ਹੁੰਦਾ ਸੀ। ਸਰੀਰ ਉਪਰ ਤੇਲ ਮਲਿਆ ਹੁੰਦਾ ਸੀ। ਛਾਲ ਲਾਉਣ ਵਾਲਾ ਦੂਰ ਤੋਂ ਭੱਜ ਕੇ ਆ ਕੇ ਗੱਡੇ ਫੱਟੇ ਉਪਰ ਪੈਰ ਰੱਖ ਕੇ ਉੱਚੀ ਛਾਲ ਲਾਉਂਦਾ ਸੀ। ਜਿੱਥੇ ਉੱਚੀ ਛਾਲ ਲਾਉਣ ਵਾਲਾ ਆ ਕੇ ਡਿਗਦਾ ਸੀ/ਪਹੁੰਚਦਾ ਸੀ, ਉਸ ਥਾਂ ਨੂੰ ਕਹੀ ਨਾਲ ਡੂੰਘੀ ਪੱਟ ਕੇ ਪੋਲਾ ਕੀਤਾ ਹੁੰਦਾ ਸੀ। ਹੋਰ ਉੱਚੀ ਛਾਲ ਲਾਉਣ ਲਈ ਫੱਟੇ ਤੋਂ ਥੋੜ੍ਹੀ ਦੂਰੀ ਤੇ, ਫੱਟੇ ਤੋਂ ਕਾਫ਼ੀ ਉੱਚਾ ਮੰਜਾ ਖੜ੍ਹਾ ਕੀਤਾ ਜਾਂਦਾ ਸੀ। ਫੇਰ ਉਸ ਖੜ੍ਹੇ ਮੰਜੇ ਉਪਰ ਦੀ ਛਾਲ ਮਾਰਦੇ ਸਲ। ਉੱਚੀ ਛਾਲ ਲਾਉਣ ਸਮੇਂ ਕਈ ਲੋਟ ਪੋਟਣੀਆਂ ਵੀ ਖਾਂਦੇ ਸਨ। ਹੋਰ ਵੀ ਕਈ ਕਰਤਵ ਕਰਦੇ ਸਨ। ਇਨ੍ਹਾਂ ਛਾਲਾਂ ਨੂੰ ਪੱਟੜੀ ਦੀਆਂ ਛਾਲਾਂ ਕਹਿੰਦੇ ਸਨ। ਧਰਤੀ ਉਪਰ ਦੋਵੇਂ ਹੱਥ ਲਾ ਕੇ ਕਈ ਕਿਸਮ ਦੀਆਂ ਕਲਾਬਾਜ਼ੀਆਂ ਕਰਦੇ ਸਨ।
ਉਨ੍ਹਾਂ ਕੋਲ ਲੋਹੇ ਦੇ ਚੱਕਰ ਹੁੰਦੇ ਸਨ, ਜਿਨ੍ਹਾਂ ਦੇ ਵਿਚ ਦੀ ਛਾਲਾਂ ਮਾਰਦੇ ਸਨ। ਕਈ ਚੱਕਰਾਂ ਵਿਚ ਲੋਹੇ ਦੀਆਂ ਛੁਰੀਆਂ ਲੱਗੀਆਂ ਹੁੰਦੀਆਂ ਸਨ, ਜਿਨ੍ਹਾਂ ਵਿਚ ਦੀ ਵੀ ਛਾਲਾਂ ਮਾਰਦੇ ਸਨ। ਚੱਕਰਾਂ ਨਾਲ ਲੀਰਾਂ ਬੰਨ੍ਹ ਕੇ, ਤੇ ਲੀਰਾਂ ਨੂੰ ਅੱਗ ਲਾ ਕੇ, ਉਸ ਦੇ ਵਿਚੋਂ ਦੀ ਵੀ ਛਾਲਾਂ ਲਾਉਂਦੇ ਸਨ। ਤਲਵਾਰ ਦੇ ਦੋਵੇਂ ਸਿਰਿਆਂ 'ਤੇ ਲੀਰਾਂ ਬੰਨ੍ਹ ਕੇ, ਲੀਰਾਂ ਤੇ ਮਿੱਟੀ ਦਾ ਤੇਲ ਪਾ ਕੇ, ਫੇਰ ਉਨ੍ਹਾਂ ਲੀਰਾਂ ਨੂੰ ਅੱਗ ਲਾ ਕੇ, ਤਲਵਾਰ ਨੂੰ ਮੂੰਹ ਵਿਚ ਫੜ ਕੇ, ਗੋਲ ਚੱਕਰ ਵਿਚ ਦੀ ਵੀ ਛਾਲਾਂ ਮਾਰਦੇ ਸਨ। ਲੋਹੇ ਦੇ ਕਈ ਛੋਟੇ ਛੋਟੇ ਚੱਕਰਾਂ ਵਿਚੋਂ ਦੀ ਆਪਣੇ ਸਾਰੇ ਸਰੀਰ ਨੂੰ ਕੱਢਦੇ ਹੁੰਦੇ ਸਨ। ਬਾਜ਼ੀਗਰਾਂ ਦੇ ਸਰੀਰਾਂ ਵਿਚ ਲਚਕ ਬਹੁਤ ਹੁੰਦੀ ਸੀ। ਜਿਸ ਤਰ੍ਹਾਂ ਚਾਹੁੰਦੇ ਸਨ, ਸਰੀਰ ਨੂੰ ਮੋੜ ਲੈਂਦੇ ਸਨ। ਰੱਸੇ ਉਪਰ ਦੀ ਤੁਰਦੇ ਸਨ। ਹੋਰ ਵੀ ਕਈ ਕਰਤਵ ਕਰਦੇ ਸਨ। .
ਬਾਜ਼ੀ ਪਾਉਣ ਪਿਛੋਂ ਬਾਜ਼ੀਗਰ ਖੇਸ ਧਰਤੀ ਉਪਰ ਵਿਛਾ ਦਿੰਦੇ ਸਨ। ਸਾਰੇ