

ਸਾਂਝ ਤੇ ਪਿਆਰ
ਸਾਂਝੇ/ਸੰਯੁਕਤ ਪਰਿਵਾਰ
ਕਿਸੇ ਸਮੇਂ ਪੰਜਾਬੀਆਂ ਦੇ ਸਾਂਝੇ/ਸੰਯੁਕਤ, ਬੜੇ ਪਰਿਵਾਰਾਂ ਨੂੰ ਆਦਰਸ਼ਕ ਪਰਿਵਾਰ ਮੰਨਿਆ ਜਾਂਦਾ ਸੀ। ਭੈਣਾਂ ਵੀ ਉਨ੍ਹਾਂ ਸਮਿਆਂ ਵਿਚ ਪੰਜ ਵੀਰਾਂ ਦੀ ਮੰਗ ਕਰਦੀਆਂ ਸਨ-
ਪੰਜ ਵੀਰ ਦੇਈਂ ਵੇ ਰੱਬਾ,
ਬੰਨ੍ਹੀ ਫੌਜੀ ਬਰਮਾ ਨੂੰ ਜਾਵੇ।
ਉਨ੍ਹਾਂ ਸਮਿਆਂ ਵਿਚ ਜ਼ਿਆਦਾ ਨੌਕਰੀਆਂ ਫੌਜ ਵਿਚ ਹੀ ਹੁੰਦੀਆਂ ਸਨ। ਧੀਆਂ ਵੀ ਆਪਣੇ ਬਾਬਲ ਨੂੰ ਉਨ੍ਹਾਂ ਸਮਿਆਂ ਵਿਚ ਉਸ ਘਰ ਰਿਸ਼ਤਾ ਕਰਨ ਲਈ ਕਹਿੰਦੀਆਂ ਸਨ, ਜਿਥੇ ਸੱਸ ਦੇ ਬਹੁਤੇ ਪੁੱਤ ਹੋਣ:
ਦੇਵੀਂ ਵੇ ਬਾਬਲਾ। ਉਸ ਘਰੇ,
ਜਿਥੇ ਸੱਸ ਦੇ ਬਹੁਤੇ ਪੁੱਤ।
ਇਕ ਮੰਗੀਏ, ਇਕ ਵਿਆਹੀਏ,
ਮੈਂ ਸ਼ਾਦੀਆਂ ਵੇਖਾਂ ਨਿੱਤ।
ਬਾਬਲ ਤੇਰਾ ਪੁੰਨ ਹੋਵੇ!

ਉਨ੍ਹਾਂ ਸਮਿਆਂ ਵਿਚ ਨਵੀਂ ਵਿਆਹੀ ਵਹੁਟੀ ਨੂੰ ਅਸੀਸ ਦੇਣ ਸਮੇਂ ਵੀ ਕਿਹਾ ਜਾਂਦਾ ਸੀ, "ਸੱਤ ਪੁੱਤਰਾਂ ਦੀ ਮਾਂ ਹੋਵੇ।' ਪਰਿਵਾਰ ਵਿਚ ਬਹੁਤੇ ਪੁਰਸ਼ ਮੈਂਬਰਾਂ ਦਾ ਹੋਣਾ ਉਨ੍ਹਾਂ ਸਮਿਆਂ ਦੀ ਪ੍ਰਮੁੱਖ ਲੋੜ ਸੀ। ਜਿੰਨੇ ਵੱਧ ਬੰਦੇ, ਓਨੀ ਵੱਧ ਤਾਕਤ। ਉਨ੍ਹਾਂ ਸਮਿਆਂ ਵਿਚ ਬਾਹੂ ਬਲ ਵਾਲਿਆਂ ਦਾ ਰਾਜ ਹੁੰਦਾ ਸੀ।