

ਲੜਕੀ ਦਾ ਰਿਸ਼ਤਾ ਵੀ ਉਸ ਪਰਿਵਾਰ ਵਿਚੋਂ ਲਿਆ ਜਾਂਦਾ ਸੀ, ਜਿਹੜਾ ਸਾਂਝੇ/ਸੰਯੁਕਤ ਪਰਿਵਾਰ ਵਿਚੋਂ ਆਇਆ ਹੋਵੇ। ਸਾਂਝੇ ਪਰਿਵਾਰ ਰਲ ਮਿਲ ਕੇ ਰਹਿਣ ਦੇ ਸਿੱਖਿਆ ਸਕੂਲ ਹੁੰਦੇ ਸਨ। ਉਸ ਸਮੇਂ ਦਾ ਅਖਾਣ ਹੈ-
'ਧੀ ਘਰਾਣੇ ਦੀ, ਬਲਦ ਲਾਣੇ ਦਾ।
ਧੀ ਸਾਂਝੇ/ਸੰਯੁਕਤ ਪਰਿਵਾਰ ਦੀ ਚੰਗੀ ਮੰਨੀ ਜਾਂਦੀ ਸੀ । ਬਲਦ ਉਸ ਪਰਿਵਾਰ ਦਾ ਚੰਗਾ ਮੰਨਿਆ ਜਾਂਦਾ ਸੀ, ਜਿਹੜੇ ਪਰਿਵਾਰ ਵਿਚ ਬਹੁਤੇ ਬਲਦ ਰੱਖੇ ਹੁੰਦੇ ਸਨ। ਬਹੁਤੀ ਖੇਤੀ ਕਰਦੇ ਸਨ।
ਉਨ੍ਹਾਂ ਸਮਿਆਂ ਵਿਚ ਥੋੜ੍ਹੀ ਜਿਹੀ ਆਬਾਦੀ ਹੁੰਦੀ ਸੀ। ਪਿੰਡ ਆਬਾਦ ਹੋ ਰਹੇ ਸਨ। ਸਾਰਾ ਪਿੰਡ ਗਿਣਤੀ ਦੇ ਚਾਰ ਪੰਜ ਬਜ਼ੁਰਗਾਂ ਦੀ ਔਲਾਦ ਹੁੰਦਾ ਸੀ। ਤੁਸੀਂ ਅੱਜ ਪੰਜਾਬ ਦੇ ਕਿਸੇ ਪਿੰਡ ਵੱਲ ਨਜ਼ਰ ਮਾਰ ਲਵੋ, ਉਨ੍ਹਾਂ ਪਿੰਡਾਂ ਦੀਆਂ ਪੱਤੀਆਂ, ਠੁਲਿਆਂ ਦੇ ਨਾਂ ਪਹਿਲੇ ਪਿੰਡ ਵਸਾਉਣ ਵਾਲੇ ਬਜ਼ੁਰਗਾਂ ਦੇ ਨਾਂ 'ਤੇ ਹੀ ਹਨ।
ਹੋਰ ਤਾਂ ਹੋਰ, ਤੁਸੀਂ ਪਹਿਲੇ ਸਮਿਆਂ ਦੇ ਘਰਾਂ ਦੀ ਬਣਤਰ ਵੱਲ ਨਜ਼ਰ ਮਾਰ ਕੇ ਵੇਖ ਲਵੋ। ਹਰ ਪਰਿਵਾਰ ਦੀਆਂ ਗੁਆਂਢੀ ਪਰਿਵਾਰ ਨਾਲ ਦੀਵਾਰਾਂ/ਕੰਧਾਂ ਸਾਂਝੀਆਂ ਹੁੰਦੀਆਂ ਸਨ, ਛੱਤਾਂ ਸਾਂਝੀਆਂ ਹੁੰਦੀਆਂ ਸਨ, ਬਨੇਰੇ ਸਾਂਝੇ ਹੁੰਦੇ ਸਨ। ਤੁਸੀਂ ਇਕ ਘਰ ਦੀ ਛੱਤ ਤੇ ਚੜ੍ਹ ਕੇ ਸਾਰੇ ਪਿੰਡ ਦੀਆਂ ਛੱਤਾਂ ਤੇ ਜਾ ਸਕਦੇ ਸੀ। ਸਾਂਝੀਆਂ ਛੱਤਾਂ ਤੇ ਮੈਨੂੰ ਇਕ ਲੋਕ ਗੀਤ ਯਾਦ ਆ ਗਿਆ –
ਕੋਠੇ ਕੋਠੇ ਆਜੀਂ ਕੁੜੀਏ,
ਤੈਨੂੰ ਬਾਲੋ ਦਾ ਯਾਰ ਦਿਖਾਵਾਂ।
ਹੁਣ ਘਰਾਂ ਦੀਆਂ ਗੁਆਂਢੀਆਂ ਨਾਲ ਦੀਵਾਰਾਂ/ਕੰਧਾਂ ਤਾਂ ਸਾਂਝੀਆਂ ਮਿਲ ਜਾਣਗੀਆਂ, ਪਰ ਬਨੇਰਿਆਂ 'ਤੇ ਐਨੀਆਂ ਉੱਚੀਆਂ ਕੰਧਾਂ ਕੀਤੀਆਂ ਹੁੰਦੀਆਂ ਹਨ ਕਿ ਤੁਸੀਂ ਇਕ ਛੱਤ ਤੋਂ ਦੂਜੀ ਛੱਤ 'ਤੇ ਜਾ ਨਹੀਂ ਸਕਦੇ।
ਉਸ ਸਮੇਂ ਖੇਤੀ ਮੁੱਢਲੇ ਦੌਰ ਵਿਚ ਸੀ। ਥੋੜ੍ਹੀਆਂ ਜਿਹੀਆਂ ਜ਼ਮੀਨਾਂ ਹੀ ਆਬਾਦ ਸਨ, ਬਹੁਤੀਆਂ ਜ਼ਮੀਨਾਂ ਗ਼ੈਰ-ਆਬਾਦ ਪਈਆਂ ਸਨ। ਇਨ੍ਹਾਂ ਜ਼ਮੀਨਾਂ ਨੂੰ ਵਾਹੀਯੋਗ ਬਣਾਉਣ ਲਈ ਬਹੁਤੇ ਬੰਦਿਆਂ ਦੀ ਲੋੜ ਹੁੰਦੀ ਸੀ। ਖੇਤੀ ਉਨ੍ਹਾਂ ਸਮਿਆਂ ਵਿਚ ਸਾਰੀ ਦੀ ਸਾਰੀ ਹੱਥੀਂ ਕੀਤੀ ਜਾਂਦੀ ਸੀ, ਬਾਰਸ਼ਾਂ 'ਤੇ ਨਿਰਭਰ ਸੀ। ਏਸ ਲਈ ਥੋੜ੍ਹੇ ਜਿਹੇ ਸਮੇਂ ਵਿਚ ਹੀ ਜ਼ਮੀਨਾਂ ਨੂੰ ਤਿਆਰ ਕਰਕੇ ਫਸਲਾਂ ਬੀਜਣੀਆਂ ਹੁੰਦੀਆਂ ਸਨ। ਕੋਹ/ਚਰਸ ਨਾਲ ਫ਼ਸਲ ਸਿੰਜਦੇ ਸਨ। ਹੱਥੀਂ ਗੱਡੀ ਕਰਦੇ ਸਨ। ਹੱਥੀਂ ਵਾਢੀ ਕਰਦੇ ਸਨ। ਵੱਢੀ ਹੋਈ ਫਸਲ ਮੰਜਿਆਂ 'ਤੇ ਢੋਈ ਜਾਂਦੀ ਸੀ। ਫਲ੍ਹਿਆਂ ਨਾਲ ਗਾਹੁੰਦੇ ਸਨ। ਤੰਗਲੀਆਂ ਨਾਲ ਉਡਾਈ ਕਰਕੇ ਦਾਣੇ ਕੰਢੇ ਜਾਂਦੇ ਸਨ। ਤੁੜੀ ਤੇ