

ਦਾਣੇ ਸਿਰਾਂ ਉਪਰ ਢੋਏ ਜਾਂਦੇ ਸਨ।
ਪੈਸਾ ਵੀ ਲੋਕਾਂ ਕੋਲ ਘੱਟ ਹੁੰਦਾ ਸੀ। ਇਕ ਚੁਲ੍ਹੇ ਤੇ ਰੋਟੀ ਪੱਕਦੀ ਹੋਣ ਕਰਕੇ (ਸਾਂਝੇ ਪਰਿਵਾਰ ਕਰਕੇ) ਖਰਚਾ ਵੀ ਘੱਟ ਹੁੰਦਾ ਸੀ। ਲੋਕਾਂ ਦੀਆਂ ਲੋੜਾਂ ਵੀ ਘੱਟ ਸਨ। ਪੈਸਾ ਉਨ੍ਹਾਂ ਸਮਿਆਂ ਵਿਚ ਜੀਵਨ ਜਿਊਣ ਦਾ ਇਕ ਸਾਧਨ ਮਾਤਰ ਹੁੰਦਾ ਸੀ। ਅੱਜ ਦੀ ਤਰ੍ਹਾਂ ਪੈਸਾ ਲੋਕਾਂ ਲਈ ਸਭ ਕੁਝ ਨਹੀਂ ਹੁੰਦਾ ਸੀ। ਪਿਆਰ ਸਭ ਤੋਂ ਉਪਰ ਸੀ। ਲਾਲਚ ਨਾਂ ਦੀ ਬਿਮਾਰੀ ਅਜੇ ਲੋਕਾਂ ਵਿਚ ਨਹੀਂ ਆਈ ਸੀ। ਏਸੇ ਕਰਕੇ ਸਾਂਝੇ ਪਰਿਵਾਰ ਚਲ ਰਹੇ ਸਨ। ਕੱਚੇ ਘਰ ਹੁੰਦੇ ਸਨ। ਪਸ਼ੂ ਰੱਖਣ ਲਈ ਵਾੜੇ ਹੁੰਦੇ ਸਨ।
ਸਾਂਝੇ ਪਰਿਵਾਰ ਉਨ੍ਹਾਂ ਸਮਿਆਂ ਦੀ ਲੋੜ ਵੀ ਸਨ। ਖੇਤੀ ਹੀ ਇਕੋ ਇਕ ਰੋਟੀ ਰੋਜ਼ੀ ਦਾ ਸਾਧਨ ਸੀ। ਜਿਸ ਪਰਿਵਾਰ ਵਿਚ ਬਹੁਤੇ ਬੰਦੇ ਹੁੰਦੇ ਸਨ, ਉਹ ਪਰਿਵਾਰ ਹੀ ਖੇਤੀ ਵਿਚ ਅੱਗੇ ਹੁੰਦਾ ਸੀ। ਕੱਲੇ ਬੰਦੇ ਨੂੰ ਤਾਂ ਖੇਤੀ ਕਰਨੀ ਹੀ ਔਖੀ ਹੁੰਦੀ ਸੀ। ਏਸੇ ਕਰਕੇ ਉਸ ਸਮੇਂ ਦੀ ਲੋਕ ਬੋਲੀ ਹੈ –
'ਕੱਲਾ ਹੋਵੇ ਨਾ ਰੋਹੀ ਦੇ ਵਿਚ ਰੁੱਖ,
'ਕੱਲਾ ਨਾ ਹੋਵੇ ਪੁੱਤ ਜੱਟ ਦਾ।
ਬਾਪ ਤੋਂ ਪਿੱਛੋਂ ਬੜਾ ਭਰਾ ਘਰ ਦਾ ਕਾਰ ਮੁਖਤਿਆਰ ਹੁੰਦਾ ਸੀ। ਉਸ ਨੂੰ ਲਾਣੇਦਾਰ ਕਿਹਾ ਜਾਂਦਾ ਸੀ। ਉਨ੍ਹਾਂ ਸਮਿਆਂ ਵਿਚ ਜੰਮਦੀਆਂ ਕੁੜੀਆਂ ਨੂੰ ਮਾਰਨ ਦਾ ਰਿਵਾਜ ਸੀ। ਇਸ ਕਰਕੇ ਮੁੰਡਿਆਂ ਦੇ ਮੁਕਾਬਲੇ ਕੁੜੀਆਂ ਘੱਟ ਸਨ । ਹਰ ਘਰ ਵਿਚ ਕੋਈ ਨਾ ਕੋਈ ਭਰਾ ਛੜਾ ਰਹਿ ਜਾਂਦਾ ਸੀ। ਸਾਂਝੇ ਪਰਿਵਾਰ ਰਹਿਣ ਦਾ ਇਹ ਵੀ ਇਕ ਕਾਰਨ ਸੀ।
ਸਾਂਝੇ ਪਰਿਵਾਰਾਂ ਵਿਚ ਬੱਚਿਆਂ ਦੀ ਪਾਲ ਪੋਸ਼ਣ ਕਰਨਾ ਵੀ ਆਸਾਨ ਹੁੰਦਾ ਸੀ। ਦਾਦੀਆਂ, ਤਾਈਆਂ, ਚਾਚੀਆਂ ਆਪਸ ਵਿਚ ਬੱਚਿਆਂ ਨੂੰ ਸੰਭਾਲ ਲੈਂਦੀਆਂ ਸਨ। ਆਪਸ ਵਿਚ ਰਲ ਕੇ ਘਰ ਦਾ ਕੰਮ ਕਰ ਲੈਂਦੀਆਂ ਸਨ। ਉਨ੍ਹਾਂ ਸਮਿਆਂ ਵਿਚ ਆਟਾ, ਦਾਣਾ, ਦਾਲਾਂ ਘਰ ਹੀ ਚੱਕੀਆਂ ਤੇ ਜਨਾਨੀਆਂ ਪੀਂਹਦੀਆਂ ਸਨ, ਦੁੱਧ ਹੱਥੀਂ ਰਿੜਕਦੀਆਂ ਸਨ, ਧਾਰਾਂ ਕੱਢਦੀਆਂ ਸਨ, ਗੋਹਾ ਕੂੜਾ ਕਰਦੀਆਂ ਸਨ, ਖੇਤ ਰੋਟੀ ਲੈ ਕੇ ਜਾਂਦੀਆਂ ਸਨ, ਖੇਤੀ ਦੇ ਕੰਮ ਵਿਚ ਹੱਥ ਵਟਾਉਂਦੀਆਂ ਸਨ। ਤਕੜੀਆਂ ਜਨਾਨੀਆਂ ਤਾਂ ਹਾੜੀ ਵੀ ਬੰਦਿਆਂ ਦੇ ਬਰਾਬਰ ਵੱਢ ਲੈਂਦੀਆਂ ਸਨ-
ਹਾੜੀ ਵੱਢੂੰਗੀ ਬਰਾਬਰ ਤੇਰੇ,
ਦਾਤੀ ਨੂੰ ਲਵਾ ਦੇ ਘੁੰਗਰੂ।
ਮੱਝਾਂ ਗਾਈਆਂ ਦੀ ਸਾਰੀ ਸੰਭਾਲ ਜਨਾਨੀਆਂ ਹੀ ਕਰਦੀਆਂ ਸਨ। ਅੱਜ