

ਨਹੀਂ ਹੁੰਦਾ ਸੀ। ਇਸ ਲਈ ਜਦ ਕੋਈ ਵਿਆਹੀ ਕੁੜੀ ਸਹੁਰਿਆਂ ਨੂੰ ਜਾਂਦੀ ਸੀ ਜਾਂ ਸਹੁਰਿਆਂ ਤੋਂ ਆਉਂਦੀ ਸੀ ਤਾਂ ਦਰਵਾਜ਼ੇ ਵਿਚ ਜਿੰਨੇ ਵੀ ਆਦਮੀ ਬੈਠੇ ਹੁੰਦੇ ਸਨ, ਉਹ ਸਾਰੇ ਕੁੜੀ ਦਾ ਸਿਰ ਪਲੋਸਦੇ ਸਨ, ਪਿਆਰ ਦਿੰਦੇ ਸਨ, ਸੁਖ ਸਾਂਦ ਪੁੱਛਦੇ ਸਨ। ਏਸੇ ਤਰ੍ਹਾਂ ਪ੍ਰਾਹੁਣੇ ਦਾ ਆਦਰ ਮਾਣ ਕਰਦੇ ਹੁੰਦੇ ਸਨ। ਦਰਵਾਜ਼ਿਆਂ ਰਾਹੀਂ ਅੰਦਰ ਆਉਣ ਕਰਕੇ ਸਾਰੇ ਪਿੰਡ ਨੂੰ ਪਤਾ ਲੱਗ ਜਾਂਦਾ ਸੀ ਕਿ ਫਲਾਣੇ ਪਰਿਵਾਰ ਦੀ ਕੁੜੀ ਸਹੁਰਿਆਂ ਤੋਂ ਆਈ ਹੈ। ਫਲਾਣੇ ਪਰਿਵਾਰ ਦਾ ਜੁਆਈ ਆਇਆ ਹੈ। ਪ੍ਰਾਹੁਣੇ ਵੀ ਕਈ ਕਈ ਦਿਨ ਸਹੁਰੀਂ ਰਹਿੰਦੇ ਸਨ। ਸਾਰੇ ਪਿੰਡ ਦੀ ਇੱਜ਼ਤ ਸਾਂਝੀ ਹੁੰਦੀ ਸੀ।
ਲੋਕਾਂ ਕੋਲ ਵਿਹਲ ਦਾ ਸਮਾਂ ਵੀ ਬਹੁਤ ਹੁੰਦਾ ਸੀ। ਲੋਕ ਹਫ਼ਤਾ ਹਫ਼ਤਾ ਰਿਸ਼ਤੇਦਾਰੀਆਂ ਵਿਚ ਬੈਠੇ ਰਹਿੰਦੇ ਸਨ। ਸੰਯੁਕਤ ਪਰਿਵਾਰ ਹੁੰਦੇ ਸਨ। ਦਾਦੇ ਤੋਂ ਪੋਤੇ ਤੱਕ ਇਕ ਹੀ ਛੱਤ ਥੱਲੇ ਰਹਿੰਦੇ ਸਨ। ਹਰ ਪਰਿਵਾਰ ਵਿਚ ਆਮ ਤੌਰ ਤੇ 14/ 15 ਜੀਅ ਹੁੰਦੇ ਸਨ। ਬੜਾ ਪਰਿਵਾਰ ਹੋਣ ਕਰਕੇ ਸਾਰਿਆਂ ਦੀ ਰਲ ਮਿਲ ਕੇ ਰਹਿਣ ਦੀ ਆਦਤ ਬਣੀ ਹੁੰਦੀ ਸੀ। ਇਕ ਦੂਜੇ ਨੂੰ ਪਿਆਰ ਕਰਨ ਦੀ ਗੁੜ੍ਹਤੀ ਉਨ੍ਹਾਂ ਨੂੰ ਪਰਿਵਾਰ ਵਿਚੋਂ ਹੀ ਮਿਲ ਜਾਂਦੀ ਸੀ। ਵੈਸੇ ਵੀ ਸਿਆਣਿਆਂ ਨੇ ਕਿਹਾ ਹੈ, 'ਬੱਚਾ ਸਭ ਕੁਝ ਆਪਣੇ ਪਰਿਵਾਰ ਵਿਚੋਂ ਹੀ ਸਿੱਖਦਾ ਹੈ। ਸਿਆਣਿਆਂ ਅਨੁਸਾਰ ਪਿਆਰ ਲਈ ਸਭ ਤੋਂ ਘਾਤਕ ਹਥਿਆਰ ਵਪਾਰ ਤੇ ਉਧਾਰ ਨੂੰ ਮੰਨਿਆ ਗਿਆ ਹੈ –
ਜਿਥੇ ਹੋਵੇ ਪਿਆਰ, ਉਥੇ ਕਰੀਏ ਨਾ ਵਪਾਰ।
ਜੇ ਕਰੀਏ ਵਪਾਰ, ਨਾ ਕਰੀਏ ਉਧਾਰ।
ਜੇ ਕਰੀਏ ਉਧਾਰ, ਨਾ ਕਰੀਏ ਕਰਾਰ।
ਜੇ ਕਰੀਏ ਕਰਾਰ, ਨਾ ਕਰੀਏ ਇਨਕਾਰ।
ਕਿਉਂ ਜੋ ਪਹਿਲੇ ਸਮਿਆਂ ਵਿਚ ਸਾਰਿਆਂ ਦਾ ਆਪਸ ਵਿਚ ਪਿਆਰ ਹੁੰਦਾ ਸੀ, ਏਸ ਲਈ ਸਾਰਿਆਂ ਦੇ ਮਨਾਂ ਵਿਚ ਖੇੜਾ ਰਹਿੰਦਾ ਸੀ। ਲੋਕਾਂ ਦੇ ਖਿੜੇ ਸੁਭਾਅ ਹੋਣ ਕਰਕੇ ਉਨ੍ਹਾਂ ਸਮਿਆਂ ਵਿਚ ਬੀਮਾਰੀਆਂ ਵੀ ਘੱਟ ਹੁੰਦੀਆਂ ਸਨ। ਖਿੜੇ ਸੁਭਾਅ ਸਬੰਧੀ ਲੇਖਕ ਐਡੀਸਨ ਨੇ ਲਿਖਿਆ ਹੈ, "ਖਿੜਿਆ ਸੁਭਾਅ ਖੂਬਸੂਰਤੀ ਨੂੰ ਹੋਰ ਵੀ ਖ਼ੂਬਸੂਰਤ ਬਣਾਏਗਾ। ਇਹ ਬੀਮਾਰੀ ਨੂੰ ਹਲਕਾ ਕਰਦਾ ਹੈ ਤੇ ਦਿਲ ਦੇ ਜ਼ਖ਼ਮਾਂ ਨੂੰ ਮਿਟਾਉਂਦਾ ਹੈ।"
ਹੁਣ ਲੋਕਾਂ ਕੋਲ ਨਾ ਸਮਾਂ ਹੈ ਅਤੇ ਨਾ ਵਿਹਲ ਹੈ। ਲੋਕਾਂ ਦੀ ਇਕ ਨਾ ਖ਼ਤਮ ਹੋਣ ਵਾਲੀ ਦੌੜ ਲੱਗੀ ਹੋਈ ਹੈ। ਲੋੜ ਤੋਂ ਬਗੈਰ ਨਾ ਕੋਈ ਰਿਸ਼ਤੇਦਾਰ ਕਿਸੇ ਕੋਲ ਜਾਂਦਾ ਹੈ ਅਤੇ ਨਾ ਹੀ ਆਉਂਦਾ ਹੈ। ਬਹੁਤ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਛੱਡ ਕੇ ਹੁਣ ਪਰਿਵਾਰ ਦੀ ਇੱਛਾ ਹੁੰਦੀ ਹੈ ਕਿ ਰਿਸ਼ਤੇਦਾਰ ਛੇਤੀ ਤੋਂ ਛੇਤੀ ਘਰੋਂ ਨਿਕਲਣ। ਹੁਣ ਬਹੁਤੇ ਰਿਸ਼ਤੇਦਾਰਾਂ ਦੀ ਸੇਵਾ ਮਨੋ ਨਹੀਂ ਕੀਤੀ ਜਾਂਦੀ, ਸਗੋਂ ਗਲ ਪਿਆ ਢੋਲ