

ਏਸ ਤਰ੍ਹਾਂ ਨਾਲੇ ਤਾਂ ਸਰਦੀ ਤੋਂ ਬਚਾਅ ਹੁੰਦਾ ਰਹਿੰਦਾ ਸੀ ਤੇ ਨਾਲੋ ਕੰਮ ਹੁੰਦਾ ਰਹਿੰਦਾ ਸੀ। ਕਈ ਦਰਵਾਜ਼ਿਆਂ ਦੇ ਅੰਦਰਲੇ ਤੇ ਬਾਹਰਲੇ ਪਾਸੇ ਖੁੰਢ ਵੀ ਬੈਠਣ ਲਈ ਪਏ ਹੁੰਦੇ ਸਨ। ਇਨ੍ਹਾਂ ਖੁੰਢਾਂ ਤੇ ਬੈਠ ਕੇ ਵੀ ਪਿੰਡ ਦੇ ਹਰ ਮਸਲੇ 'ਤੇ ਚਰਚਾ ਕਰਦੇ ਰਹਿੰਦੇ ਸਨ। ਉਨ੍ਹਾਂ ਸਮਿਆਂ ਵਿਚ ਖੇਤੀ ਬਹੁਤੀ ਬਾਰਸ਼ਾਂ 'ਤੇ ਨਿਰਭਰ ਹੁੰਦੀ ਸੀ। ਲੋਕਾਂ ਕੋਲ ਵਿਹਲ ਬਹੁਤ ਹੁੰਦੀ ਸੀ। ਏਸੇ ਕਰਕੇ ਬਹੁਤੇ ਲੋਕ ਇਨ੍ਹਾਂ ਦਰਵਾਜ਼ਿਆਂ ਵਿਚ ਹੀ ਬੈਠੇ ਰਹਿੰਦੇ ਸਨ। ਪਿੰਡ ਵਿਚ ਕਿਸ ਦਾ ਕਿਹੜਾ ਰਿਸ਼ਤੇਦਾਰ ਆਇਆ ਹੈ, ਸਭ ਨੂੰ ਪਤਾ ਹੁੰਦਾ ਸੀ।
ਉਨ੍ਹਾਂ ਸਮਿਆਂ ਵਿਚ ਘਰਾਂ ਦੇ ਦਰਵਾਜ਼ੇ ਵੀ ਏਸੇ ਤਰ੍ਹਾ ਦੇ ਡਾਟਦਾਰ ਹੁੰਦੇ ਸਨ। ਪਰ ਉਨ੍ਹਾਂ ਦਾ ਆਕਾਰ ਇਨ੍ਹਾਂ ਦਰਵਾਜ਼ਿਆਂ ਨਾਲੋਂ ਛੋਟਾ ਹੁੰਦਾ ਸੀ। ਉਨ੍ਹਾਂ ਸਮਿਆਂ ਵਿਚ ਲੈ ਦੇ ਕੇ ਬਹੁਤਿਆਂ ਦਾ ਇਕ ਹੀ ਘਰ ਹੁੰਦਾ ਸੀ। ਰਿਹਾਇਸ਼ ਵੀ ਉਸੇ ਘਰ ਵਿਚ ਹੁੰਦੀ ਸੀ। ਪਸ਼ੂ ਵੀ ਉਸੇ ਘਰ ਵਿਚ ਰੱਖੇ ਜਾਂਦੇ ਸਨ। ਊਠ ਪੱਠਿਆਂ ਦੇ ਲੱਦੇ ਲਦਾਏ ਇਨ੍ਹਾਂ ਦਰਵਾਜ਼ਿਆਂ ਵਿਚ ਦੀ ਲੰਘ ਜਾਂਦੇ ਸਨ। ਘਰ ਵੀ ਬਹੁਤ ਖੁਲ੍ਹੇ ਹੁੰਦੇ ਸਨ। ਗਰਮੀਆਂ ਦੇ ਮੌਸਮ ਵਿਚ ਇਨ੍ਹਾਂ ਦਰਵਾਜ਼ਿਆਂ ਵਿਚ ਹੀ ਘਰ ਦੇ ਜੀਆਂ ਦਾ ਜ਼ਿਆਦਾ ਸਮਾਂ ਲੰਘਦਾ ਹੁੰਦਾ ਸੀ। ਮਾੜੀ ਮੋਟੀ ਚਲਦੀ ਹਵਾ ਵੀ ਇਨ੍ਹਾ ਦਰਵਾਜ਼ਿਆਂ ਵਿਚ ਬੈਠਿਆਂ ਨੂੰ ਲੱਗਦੀ ਹੁੰਦੀ ਸੀ। ਕੁੜੀਆ, ਬਹੂਆਂ ਅਤੇ ਬੁੜੀਆ ਇਨ੍ਹਾਂ ਦਰਵਾਜ਼ਿਆਂ ਵਿਚ ਬੈਠ ਕੇ ਹੀ ਕਢਾਈ, ਬੁਣਾਈ ਤੇ ਸਿਲਾਈ ਕਰਦੀਆਂ ਹੁੰਦੀਆਂ ਸਨ। ਚਰਖੇ ਵੀ ਕੱਤਦੀਆਂ ਹੁੰਦੀਆਂ ਸਨ –
ਧੰਨ ਕੁਰ ਸਿਉਂਮੇ ਕੁੜਤੀ ਖੱਦਰ ਦੀ,
ਮੇਰੀ ਕੱਤਣ ਦੀ ਤਿਆਰੀ।
ਵਿਚ ਦਰਵਾਜ਼ੇ ਦੇ,
ਲੱਛੀ ਕੱਢੇ ਫੁਲਕਾਰੀ।
X X X
ਆਰੀ ਆਰੀ ਆਰੀ,
ਵਿਚ ਦਰਵਾਜ਼ੇ ਦੇ,
ਇਕ ਫੁੱਲ ਕੱਢਦਾ ਫੁਲਕਾਰੀ।
ਉਨ੍ਹਾਂ ਸਮਿਆਂ ਵਿਚ ਨੰਬਰਦਾਰ ਚੰਗੀ ਜ਼ਮੀਨ ਜਾਇਦਾਦ ਵਾਲੇ, ਮਾਣ ਸਤਿਕਾਰ ਵਾਲੇ ਬਣਾਏ ਜਾਂਦੇ ਸਨ। ਜਿਸ ਕਿਸੇ ਨੰਬਰਦਾਰ ਦੀ ਛੋਟੀ ਮੋਟੀ ਡਿਉੜੀ ਤਾਂ ਹੁੰਦੀ ਸੀ, ਪਰ ਦਰਵਾਜ਼ਾ ਨਹੀਂ ਹੁੰਦਾ ਸੀ, ਉਸ ਦੀ ਨੰਬਰਦਾਰੀ ਤੇ ਵਿਅੰਗ ਕਸਿਆ ਜਾਂਦਾ ਸੀ-
ਤੂੰ ਕਾਹਦਾ ਨੰਬਰਦਾਰ?
ਵੇ ਦਰਵਾਜ਼ਾ ਹੈ ਨੀ?