

ਦਰਵਾਜ਼ਾ ਉਨ੍ਹਾਂ ਸਮਿਆਂ ਵਿਚ ਸਤਿਕਾਰ ਦਾ ਚਿੰਨ੍ਹ ਸਮਝਿਆ ਜਾਂਦਾ ਸੀ। ਉਨ੍ਹਾਂ ਸਮਿਆਂ ਵਿਚ ਲੋਕ ਦੁੱਧ, ਮੱਖਣ, ਘੀ, ਅੱਧ ਰਿੜਕ, ਤਿਉੜਾਂ ਤੇ ਲੱਸੀਆਂ ਪੀਂਦੇ ਹੁੰਦੇ ਸਨ। ਲੋਕਾਂ ਵਿਚ ਅੰਨਾ ਜ਼ੋਰ ਹੁੰਦਾ ਸੀ। ਖੇਤੀ ਦਾ ਸਾਰਾ ਕੰਮ ਹੱਥੀਂ ਕੀਤਾ ਜਾਂਦਾ ਸੀ। ਉਨ੍ਹਾਂ ਸਮਿਆਂ ਦੀਆਂ ਮੁਟਿਆਰਾਂ ਵਿਚ ਵੀ ਲੋਹੜੇ ਦੀ ਜੁਆਨੀ ਹੁੰਦੀ ਸੀ। ਗਿੱਧੇ ਵਿਚ ਨੱਚਦੀਆਂ ਮੁਟਿਆਰਾਂ ਦੀ ਧਮਕ ਦਰਵਾਜ਼ਿਆਂ ਤੱਕ ਸੁਣੀ ਜਾਂਦੀ ਸੀ –
ਗਿੱਧੇ ਵਿਚ ਨੱਚਦੀ ਦੀ,
ਮੇਰੀ ਧਮਕ ਪਵੇ ਦਰਵਾਜ਼ੇ।
ਉਨ੍ਹਾਂ ਸਮਿਆਂ ਵਿਚ ਕੁੜੀਆਂ ਨੂੰ ਪੜ੍ਹਾਇਆ ਨਹੀਂ ਜਾਂਦਾ ਸੀ, ਪਰ ਘਰ ਦੇ ਕੰਮ ਧੰਦੇ ਵਿਚ ਪੂਰਾ ਮਾਹਰ ਕੀਤਾ ਜਾਂਦਾ ਸੀ। ਕੁੜੀਆਂ ਦਾ ਜ਼ਿਆਦਾ ਸਮਾਂ ਕਢਾਈ, ਬੁਣਾਈ, ਕਤਾਈ ਵਿਚ ਲੱਗਦਾ ਹੁੰਦਾ ਸੀ। ਆਮ ਤੌਰ ਤੇ ਹਰ ਘਰ ਵਿਚ ਤਿੰਨ-ਤਿੰਨ, ਚਾਰ-ਚਾਰ ਚਰਖੇ ਹੁੰਦੇ ਸਨ। ਮੁਟਿਆਰਾਂ ਦੇ ਚਰਖੇ ਕੱਤਣ ਦੀਆਂ ਗੂੰਜਾਂ ਵੀ ਦਰਵਾਜ਼ਿਆਂ ਤੱਕ ਸੁਣੀਆਂ ਜਾਂਦੀਆਂ ਸਨ-
ਆ ਵੇ ਦਿਉਰਾ, ਜਾ ਵੇ ਦਿਉਰਾ,
ਬੋਤਾ ਬੰਨ੍ਹ ਦਰਵਾਜ਼ੇ।
ਬੋਤੇ ਤੇਰੇ ਨੂੰ ਘਾਹ ਦਾ ਟੋਕਰਾ,
ਤੈਨੂੰ ਪੰਜ ਪਰਸ਼ਾਦੇ।
ਨਿੰਮ ਹੇਠ ਕੱਤਦੀ ਦੀ,
ਮੇਰੀ ਗੂੰਜ ਸੁਣੇ ਦਰਵਾਜ਼ੇ।
ਦਰਵਾਜ਼ਿਆਂ ਦੀ ਐਨੀ ਮਾਣਤਾ ਹੁੰਦੀ ਸੀ ਕਿ ਕੁੜੀਆਂ ਵਿਛਾਈਆਂ, ਝਲਿਆਂ, ਸਰਹਾਣਿਆਂ ਤੇ ਦਰਵਾਜ਼ਿਆਂ ਦੀ ਕਢਾਈ ਕਰਦੀਆਂ ਹੁੰਦੀਆਂ ਸਨ-
ਕੱਢਣਾ ਦਿੱਲੀ ਦਰਵਾਜ਼ਾ,
ਪੱਚੀਆਂ ਦੀ ਲਿਆ ਦੇ ਲੋਗੜੀ।
ਪਹਿਲੇ ਸਮਿਆਂ ਵਿਚ ਪਿੰਡਾਂ ਤੇ ਸ਼ਹਿਰਾਂ ਦੀ ਸਾਰੀ ਆਬਾਦੀ ਇਨ੍ਹਾਂ ਦਰਵਾਜ਼ਿਆਂ ਦੇ ਅੰਦਰ ਰਹਿੰਦੀ ਹੁੰਦੀ ਸੀ। ਹੁਣ ਬਹੁਤੀ ਆਬਾਦੀ ਇਨ੍ਹਾਂ ਦਰਵਾਜ਼ਿਆਂ ਤੋਂ ਬਾਹਰ ਰਹਿੰਦੀ ਹੈ। ਸ਼ਹਿਰਾਂ ਵਿਚਲੇ ਬਹੁਤੇ ਦਰਵਾਜ਼ੇ ਤਾਂ ਸੜਕਾਂ ਖੁਲ੍ਹੀਆਂ ਕਰਨ ਲਈ ਢਾਹ ਦਿੱਤੇ ਗਏ ਹਨ। ਬਹੁਤੇ ਪਿੰਡਾਂ ਵਿਚ ਅਜੇ ਵੀ ਇਹ ਦਰਵਾਜ਼ੇ ਕਾਇਮ ਹਨ। ਪਰ ਹੁਣ ਲੋਕਾਂ ਕੋਲ ਇਨ੍ਹਾਂ ਦਰਵਾਜ਼ਿਆਂ ਵਿਚ ਬੈਠਣ ਲਈ ਵਿਹਲ ਨਹੀਂ ਹੈ। ਹੁਣ ਇਨ੍ਹਾਂ ਦਰਵਾਜ਼ਿਆਂ ਵਿਚ ਪਹਿਲਾਂ ਵਾਲੀਆਂ ਰੌਣਕਾਂ ਨਹੀਂ ਹਨ। ਇਹ ਦਰਵਾਜ਼ੇ ਸਾਡੇ ਸਭਿਆਚਾਰ ਦਾ ਚਿੰਨ੍ਹ ਹਨ, ਜੋ ਹੌਲੀ ਹੌਲੀ ਅਲੋਪ ਹੁੰਦੇ ਜਾ ਰਹੇ ਹਨ।