

ਹੁੰਦਾ ਸੀ। ਇਸ ਨੂੰ ਗੋਲ ਕੀਤਾ ਹੁੰਦਾ ਸੀ। ਮੋਹਲੇ ਦਾ ਵਿਚਾਲੇ ਦਾ ਹਿੱਸਾ ਆਲੇ ਦੁਆਲੇ ਨਾਲੋਂ ਥੋੜ੍ਹਾ ਪਤਲਾ ਕੀਤਾ ਹੁੰਦਾ ਸੀ। ਏਸ ਪਤਲੇ ਹਿੱਸੇ ਨੂੰ ਫੜ ਕੇ ਪਹਿਲਾਂ ਉਪਰ ਨੂੰ ਚੁੱਕ ਕੇ ਫੇਰ ਜ਼ੋਰ ਨਾਲ ਹੇਠਾਂ ਉੱਖਲੀ ਵਿਚ ਮਾਰਿਆ ਜਾਂਦਾ ਸੀ। ਮੋਹਲਾ ਲੰਮਾ ਹੋਣ ਕਰਕੇ ਉੱਖਲੀ ਵਿਚ ਮਾਰਨ ਸਮੇਂ ਏਸ ਦੀ ਸੱਟ ਜ਼ਿਆਦਾ ਪੈਂਦੀ ਸੀ। ਮੋਹਲੇ ਬਾਰੇ ਅਖਾਣ ਹੈ-
ਉੱਖਲੀ ਵਿਚ ਸਿਰ ਦਿੱਤਾ,
ਫੇਰ ਮੋਹਲਿਆਂ ਦਾ ਕੀ ਡਰ।
ਮੋਹਲਾ ਏਸ ਕਰ ਕੇ ਵੀ ਪਤਲਾ ਬਣਾਇਆ ਜਾਂਦਾ ਸੀ ਤਾਂ ਜੋ ਜਨਾਨੀਆਂ ਮੋਹਲਾ ਮਾਰਦੀਆਂ ਛੇਤੀ ਨਾ ਥੱਕ ਜਾਣ। ਵੈਸੇ ਤਾਂ ਉਨ੍ਹਾਂ ਸਮਿਆਂ ਵਿਚ ਜਨਾਨੀਆਂ ਦੀਆਂ ਸਿਹਤਾਂ ਬਹੁਤ ਚੰਗੀਆਂ ਹੁੰਦੀਆਂ ਸਨ। ਦੁੱਧ, ਦਹੀਂ, ਮੱਖਣ, ਘੀ ਖਾਂਦੀਆਂ ਹੁੰਦੀਆਂ ਸਨ। ਜੇਕਰ ਜ਼ਿਆਦਾ ਵਸਤ ਕੁੱਟਣੀ ਹੁੰਦੀ ਸੀ ਤਾਂ ਦੋ ਦੋ ਜਨਾਨੀਆਂ ਰਲ ਕੇ ਵੀ ਮੋਹਲਾ ਮਾਰਦੀਆਂ ਹੁੰਦੀਆਂ ਸਨ।
ਆਮ ਤੌਰ 'ਤੇ ਜਦ ਮੱਝਾਂ ਨੂੰ ਛੋਲੇ ਪਾਉਣੇ ਹੁੰਦੇ ਸਨ ਤਾਂ ਛੇਲੇ ਪਹਿਲਾਂ ਪਾਣੀ ਵਿਚ ਉਬਾਲਦੇ ਸਨ। ਫੇਰ ਇਨ੍ਹਾਂ ਉਬਲੇ ਹੋਏ ਛੋਲਿਆਂ ਨੂੰ ਉੱਖਲੀ ਵਿਚ ਪਾ ਕੇ ਕੁੱਟਿਆ ਜਾਂਦਾ ਸੀ। ਕੁੱਟਣ ਸਮੇਂ ਨਾਲ ਦੀ ਨਾਲ ਤੂੜੀ ਵੀ ਪਾਈ ਜਾਂਦੀ ਸੀ। ਏਸ ਤਰ੍ਹਾਂ ਨਾਲ ਛੋਲੇ ਤੂੜੀ ਵਿਚ ਮਿਕਸ ਹੋ ਜਾਂਦੇ ਸਨ, ਜਿਸ ਨੂੰ ਮੱਝਾਂ ਖੁਸ਼ੀ ਨਾਲ ਖਾਂਦੀਆਂ ਹੁੰਦੀਆਂ ਸਨ।
ਲੋਹੜੀ ਵੇਲੇ ਤਿਲ ਤੇ ਗੁੜ ਵੀ ਉੱਖਲੀ ਵਿਚ ਕੁੱਟੇ ਜਾਂਦੇ ਸਨ। ਤਿਲ ਤੇ ਗੁੜ ਨੂੰ ਕੁੱਟ ਕੇ ਪਿੰਨੀਆਂ ਬਣਾਈਆਂ ਜਾਂਦੀਆਂ ਸਨ। ਇਨ੍ਹਾਂ ਪਿੰਨੀਆਂ ਨੂੰ ਭੁੱਗਾ ਕਹਿੰਦੇ ਸਨ। ਮਹੀਨਾ ਮਹੀਨਾ ਲੋਕ ਇਨ੍ਹਾਂ ਪਿੰਨੀਆਂ ਨੂੰ ਖਾਂਦੇ ਰਹਿੰਦੇ ਸਨ। ਲੋਹੜੀ ਮੰਗਣ ਸਮੇਂ ਕਹਿੰਦੇ ਹੁੰਦੇ ਸਨ-
ਉੱਖਲੀ ਵਿਚ ਡੱਕੇ,
ਤੇਰਾ ਪੁੱਤ ਚੜ੍ਹੇ ਯੱਕੇ,
ਸਾਨੂੰ ਦੇਹ ਲੋਹੜੀ।
ਪਹਿਲੇ ਸਮਿਆਂ ਵਿਚ ਜੰਮਦੀਆਂ ਕੁੜੀਆਂ ਨੂੰ ਮਾਰਨ ਦਾ ਰਿਵਾਜ ਸੀ, ਜਿਸ ਕਰਕੇ ਲੜਕੀਆਂ ਘੱਟ ਹੁੰਦੀਆਂ ਸਨ ਤੇ ਮੁੰਡਿਆਂ ਦੀ ਸੰਖਿਆ ਜ਼ਿਆਦਾ ਹੁੰਦੀ ਸੀ। ਇਸ ਲਈ ਹਰ ਘਰ ਵਿਚ ਇਕ ਦੋ ਮੁੰਡੇ ਛੜੇ ਰਹਿ ਜਾਂਦੇ ਸਨ। ਉਨ੍ਹਾਂ ਸਮਿਆਂ ਵਿਚ ਖੇਤੀ ਵੀ ਸਾਰੀ ਬਾਰਸ਼ਾਂ 'ਤੇ ਨਿਰਭਰ ਹੁੰਦੀਸੀ। ਏਸ ਕਰਕੇ ਲੋਕਾਂ ਦੀ ਆਰਥਿਕ ਹਾਲਤ ਵੀ ਬਹੁਤੀ ਚੰਗੀ ਨਹੀਂ ਹੁੰਦੀ ਸੀ। ਮਾੜੀਆਂ ਆਰਥਿਕ ਹਾਲਤਾਂ ਕਾਰਨ ਵੀ ਕਈ ਮੁੰਡੇ ਵਿਆਹੁਣੋਂ ਰਹਿ ਜਾਂਦੇ ਸਨ। ਏਸ ਲਈ ਉਨ੍ਹਾਂ ਸਮਿਆਂ ਵਿਚ ਕੁੜੀਆਂ ਦੇ