

ਹੁੰਦੀਆਂ ਸਨ। ਆਮ ਕਰ ਕੇ ਇਹ ਕੋਠੀਆਂ ਕੋਈ 8 ਕੁ ਫੁੱਟ ਦੀ ਲੰਮਾਈ, 2 ਢਾਈ ਕੁ ਫੁੱਟ ਤੱਕ ਦੀ ਡੂੰਘਾਈ ਤੇ 4 ਕੁ ਫੁੱਟ ਤੱਕ ਦੀ ਉਚਾਈ ਦੀਆਂ ਬਣਾਈਆਂ ਜਾਂਦੀਆਂ ਸਨ। ਕਈ ਵੇਰ ਏਸ ਦੇ ਵਿਚਾਲੇ ਦੀਵਾਰ ਬਣਾ ਕੇ ਦੋ ਕੋਠੀਆਂ ਵੀ ਬਣ ਜਾਂਦੀਆਂ ਸਨ। ਪਿੰਡਾਂ ਵਿਚ ਕਾਲੀ ਚਿਉਕਣੀ ਮਿੱਟੀ ਦੇ ਟੋਏ ਹੁੰਦੇ ਸਨ। ਇਨ੍ਹਾਂ ਟੋਇਆਂ ਵਿਚੋਂ ਘਰ ਦੇ ਬੰਦੇ ਜਾਂ ਜਨਾਨੀਆਂ ਮਿੱਟੀ ਪੱਟ ਲਿਆਉਂਦੀਆਂ ਸਨ। ਏਸ ਮਿੱਟੀ ਵਿਚ ਤੂੜੀ ਮਿਲਾ ਕੇ ਘਾਣੀ ਕੀਤੀ ਜਾਂਦੀ ਸੀ। ਜਦ ਦੋ ਚਾਰ ਕੁ ਦਿਨਾਂ ਵਿਚ ਇਹ ਘਾਣੀ ਚੰਗੀ ਤਰ੍ਹਾਂ ਮਿਕਸ ਹੋ ਜਾਂਦੀ ਸੀ ਤਾਂ ਘਰ ਦੀਆਂ ਜਨਾਨੀਆਂ ਕੋਠੀਆਂ ਬਣਾਉਣੀਆਂ ਸ਼ੁਰੂ ਕਰਦੀਆਂ ਸਨ। ਇਹ ਕੋਠੀਆਂ ਧਰਤੀ ਤੋਂ ਫੁੱਟ ਕੁ ਉਪਰ ਕਰ ਕੇ ਬਣਾਈਆਂ ਜਾਂਦੀਆਂ ਸਨ ਤਾਂ ਜੋ ਹੇਠੋਂ ਕੋਠੀਆਂ ਵਿਚ ਸਲ੍ਹਾਬ ਨਾ ਆ ਸਕੇ। ਹੇਠਾਂ ਕੱਚੀ ਮਿੱਟੀ ਦੀਆਂ ਖੜੀਆਂ ਇੱਟਾਂ ਨਾਲ ਡੇਢ ਜਾਂ ਦੋ ਕੁ ਫੁੱਟ ਦੀ ਦੂਰੀ ਰੱਖ ਕੇ ਜਾਂ ਤੂੜੀ ਮਿੱਟੀ ਦੀ ਪੰਜ ਕੁ ਇੰਚ ਚੌੜੀ ਦੀਵਾਰ ਨਾਲ ਇਨ੍ਹਾਂ ਕੋਠੀਆਂ ਦੇ ਕਈ ਪੈਰ ਬਣਾਏ ਜਾਂਦੇ ਸਨ। ਇਨ੍ਹਾਂ ਪੈਰਾਂ ਉੱਪਰ ਪਤਲੀਆਂ ਸੋਟੀਆਂ ਤੇ ਸਲਵਾੜ ਦੇ ਕਾਨੇ ਰੱਖ ਕੇ ਉਪਰ ਅਤੇ ਹੇਠਾਂ ਤੋਂ ਤੂੜੀ ਮਿੱਟੀ ਨਾਲ ਚੰਗੀ ਤਰ੍ਹਾ ਲਿੱਪ ਦਿੱਤਾ ਜਾਂਦਾ ਸੀ। ਏਸ ਤਰ੍ਹਾਂ ਇਹ ਕੋਠੀ ਦਾ ਬੇਸ, ਫਰਸ਼ ਬਣ ਜਾਂਦਾ ਸੀ। ਜਦ ਇਹ ਬੇਸ ਸੁੱਕ ਜਾਂਦਾ ਸੀ ਤਾਂ ਫੇਰ ਏਸ ਬੇਸ ਦੇ ਦੋਵੇਂ ਸਿਰਿਆਂ ਤੇ ਕੱਚੀਆਂ ਇੱਟਾਂ ਖੜੇ ਲੋਟ ਲਾ ਕੇ ਜਾਂ ਤੂੜੀ ਮਿੱਟੀ ਨਾਲ ਦੀਵਾਰਾਂ ਬਣਾਈਆਂ ਜਾਂਦੀਆਂ ਸਨ। ਉਨੀ ਕੁ ਦੀਵਾਰ ਬਣਾਈ ਜਾਂਦੀ ਸੀ, ਜਿੰਨੀ ਕੁ ਖੜ੍ਹੀ ਰਹਿ ਸਕੇ। ਜਦ ਉਹ ਸੁੱਕ ਜਾਂਦੀ ਸੀ, ਉਸ ਉਪਰ ਹੋਰ ਦੀਵਾਰ ਬਣਾ ਦਿੱਤੀ ਜਾਂਦੀ ਸੀ, ਜਿੰਨੀ ਕੁ ਖੜ੍ਹੀ ਰਹਿ ਸਕੇ। ਜਦ ਉਹ ਸੁੱਕ ਜਾਂਦੀ ਸੀ, ਉਸ ਉਪਰ ਹੋਰ ਦੀਵਾਰ ਬਣਾ ਦਿੱਤੀ ਜਾਂਦੀ ਸੀ। ਚਾਰ ਕੁ ਫੁੱਟ ਉੱਚੀ ਦੀਵਾਰ ਹੋ ਜਾਣ ਤੇ ਫੇਰ ਏਸ ਉਪਰੋਂ ਸੋਟੀਆਂ ਤੇ ਸਲਵਾੜ ਦੇ ਕਾਨੇ ਰੱਖ ਕੇ ਛੱਤ ਪਾ ਦਿੱਤੀ ਜਾਂਦੀ ਸੀ। ਏਸ ਛੱਤ ਨੂੰ ਵੀ ਹੇਠੋਂ ਉਪਰ ਚੰਗੀ ਤਰ੍ਹਾਂ ਤੂੜੀ ਮਿੱਟੀ ਨਾਲ ਲਿੱਪ ਦਿੱਤਾ ਜਾਂਦਾ ਸੀ। ਕੋਠੀਆਂ ਦੀ ਛੱਤ ਆਮ ਤੌਰ 'ਤੇ ਘਰ ਦੀ ਛੱਤ ਨਾਲੋਂ ਤਿੰਨ ਚਾਰ ਕੁ ਫੁੱਟ ਨੀਵੀਂ ਪਾਈ ਜਾਂਦੀ ਸੀ। ਇਹ ਛੱਤਾਂ ਤਾਂ ਇਕ ਕਿਸਮ ਦਾ ਕੋਠੀਆਂ ਦਾ ਢੱਕਣ ਹੀ ਹੁੰਦਾ ਸੀ, ਕਿਉਂ ਜੁ ਇਹਨਾਂ 'ਤੇ ਕਿਹੜਾ ਵਜ਼ਨ ਰੱਖਣਾ ਹੁੰਦਾ ਸੀ। ਇਨ੍ਹਾਂ ਕੋਠੀਆਂ ਵਿਚ ਦੋ ਕੁ ਫੁੱਟ ਲੰਮੀਆਂ ਤੇ ਦੋ ਕੁ ਫੁੱਟ ਚੌੜੀਆਂ ਲੱਕੜ ਦੀਆਂ ਦਰਵਾਜ਼ੀਆਂ ਲੱਗੀਆਂ ਹੁੰਦੀਆਂ ਸਨ। ਕਈ ਵੇਰ ਇਨ੍ਹਾਂ ਕੋਠੀਆਂ ਵਿਚ ਛੋਟਾ ਛੋਟਾ ਸਮਾਨ ਰੱਖਣ ਲਈ ਟਾਂਡਾਂ ਵੀ ਬਣੀਆਂ ਹੁੰਦੀਆਂ ਸਨ। ਇਨ੍ਹਾਂ ਕੋਠੀਆਂ ਨੂੰ ਫੇਰ ਨਿਰੀ ਮਿੱਟੀ ਨਾਲ ਲਿੱਪਿਆ ਜਾਂਦਾ ਸੀ। ਪਾਂਡੂ ਮਿੱਟੀ ਦਾ ਪਰੋਲਾ ਫੇਰ ਕੇ ਕੋਠੀਆਂ ਨੂੰ ਚਮਕਾ ਦਿੱਤਾ ਜਾਂਦਾ ਸੀ। ਕਈ ਕੋਠੀਆਂ ਉਪਰ ਵੇਲ ਬੂਟੇ ਵੀ ਪਾਏ ਹੁੰਦੇ ਸਨ। ਹੋਰ ਡੀਜ਼ਾਇਨ ਵੀ ਬਣਾਏ ਹੁੰਦੇ ਸਨ।