

ਦੇਵੀਂ ਵੇ ਬਾਬਲਾ ਉਸ ਘਰੇ,
ਜਿਥੇ ਸੱਸੂ ਦੇ ਮੱਝਾਂ ਸੱਤ।
ਇਕ ਚੋਵਾਂ, ਇਕ ਰਿੜਕਾਂ,
ਮੇਰਾ ਚਾਟੀਆਂ ਦੇ ਵਿਚ ਹੱਥ,
ਬਾਬਲ ਤੇਰਾ ਪੁੰਨ ਹੋਵੇ।
ਹਾਰਿਆਂ ਵਿਚ ਪਾਥੀਆਂ ਪਾ ਕੇ, ਕਾੜ੍ਹਨੀ ਵਿਚ ਦੁੱਧ ਪਾ ਕੇ ਸਵੇਰੇ ਹੀ ਗਰਮ ਕਰਨ ਲਈ ਰੱਖ ਦਿੱਤਾ ਜਾਂਦਾ ਸੀ। ਸਾਰਾ ਦਿਨ ਇਹ ਦੁੱਧ ਕੜ੍ਹਦਾ ਰਹਿੰਦਾ ਸੀ। ਕੜ੍ਹ ਕੜ੍ਹ ਕੇ ਲਾਲ ਰੰਗ ਜਿਹਾ ਹੋ ਜਾਂਦਾ ਸੀ। ਏਸ ਦੁੱਧ ਉਪਰ ਆਈ ਮਲਾਈ ਵੀ ਲਾਲ ਰੰਗ ਜਿਹੀ ਹੁੰਦੀ ਸੀ। ਹਾਰੇ ਉਪਰ ਮਿੱਟੀ ਦਾ ਹੀ ਚਾਪੜ ਦਿੱਤਾ ਹੁੰਦਾ ਸੀ, ਜਿਸ ਵਿਚੋਂ ਧੂੰਆਂ ਨਿਕਲਣ ਲਈ ਛੋਟੀਆਂ ਛੋਟੀਆਂ ਮੋਰੀਆਂ ਹੁੰਦੀਆਂ ਸਨ। ਕਈ ਹਾਰਿਆਂ ਉਪਰ ਛੱਤ ਪਾ ਕੇ ਲੱਕੜ ਦੀ ਮੋਰੀਆਂ ਵਾਲੀ ਛੋਟੀ ਜਿਹੀ ਦਰਵਾਜ਼ੀ ਵੀ ਲਾਈ ਹੁੰਦੀ ਸੀ। ਕਈ ਵੇਰ ਜਨਾਨੀਆਂ ਇਨ੍ਹਾਂ ਹਾਰਿਆਂ ਵਿਚ ਹੀ ਖੀਰ ਬਣਾ ਲੈਂਦੀਆਂ ਸਨ, ਜਿਸ ਦਾ ਰੰਗ ਵੀ ਰਿੱਝ ਰਿੱਝ ਕੇ ਲਾਲ ਜਿਹਾ ਹੋ ਜਾਂਦਾ ਸੀ। ਦਾਲਾਂ ਛੋਟੇ ਆਕਾਰ ਦੀਆਂ ਹਾਰੀਆਂ ਵਿਚ ਧਰੀਆਂ ਜਾਂਦੀਆਂ ਸਨ। ਦਾਲਾਂ ਸਬੰਧੀ ਇਕ ਅਖਾਣ ਹੈ-
ਮਰਦ ਮੰਗੇ ਦਾਲ, ਉਸਨੂੰ ਦਾਲ ਦਾ ਵੀ ਕਾਲ।
ਰੰਨ ਮੰਗੇ ਪੇੜੇ, ਉਹਨੂੰ ਦੇਣ ਵਾਲੇ ਬਥੇਰੇ।
ਕਈ ਵੇਰ ਪਾਣੀ ਵੀ ਇਨ੍ਹਾਂ ਹਾਰਿਆਂ ਵਿਚ ਗਰਮ ਕਰ ਲਿਆ ਜਾਂਦਾ ਸੀ। ਹਾਰੇ ਹਮੇਸ਼ਾਂ ਗੋਲ ਆਕਾਰ ਦੇ ਬਣਾਏ ਜਾਂਦੇ ਸਨ।
ਹੁਣ ਮੈਂ ਤੁਹਾਨੂੰ ਹਾਰੇ ਕਿਵੇਂ ਬਣਾਹੇ ਜਾਂਦੇ ਸਨ, ਉਹ ਵਿਧੀ ਦੱਸਣ ਜਾ ਰਿਹਾ ਹਾਂ। ਪਿੰਡਾਂ ਵਿਚ ਉਨ੍ਹਾਂ ਸਮਿਆਂ ਵਿਚ ਬਹੁਤ ਸਾਰੀਆਂ ਸਾਂਝੀਆਂ ਜ਼ਮੀਨਾਂ ਪਈਆਂ ਹੁੰਦੀਆਂ ਸਨ। ਇਨ੍ਹਾਂ ਵਿਚੋਂ ਕਿਸੇ ਨਾ ਕਿਸੇ ਜ਼ਮੀਨ ਵਿਚੋਂ ਮਿੱਟੀ ਦੀ ਉਪਰਲੀ ਤਹਿ ਚੁੱਕਣ ਤੋਂ ਪਿੱਛੋਂ ਹੇਠੋਂ ਚਿਉਕਣੀ, ਪਾਂਡੂ, ਕਾਲੀ ਮਿੱਟੀ ਨਿਕਲ ਆਉਂਦੀ ਸੀ, ਜਿਥੋਂ ਸਾਰਾ ਪਿੰਡ ਇਹ ਮਿੱਟੀ ਚੱਕਦਾ ਰਹਿੰਦਾ ਸੀ। ਆਮ ਤੌਰ ਤੇ ਘਰਾਂ ਦੀਆਂ ਜਨਾਨੀਆਂ, ਕੁੜੀਆਂ ਹੀ ਉਨ੍ਹਾਂ ਟੋਇਆਂ ਵਿਚੋਂ ਕਹੀ ਜਾਂ ਖੁਰਪੇ ਨਾਲ ਮਿੱਟੀ ਪੱਟ ਲਿਆਉਂਦੀਆਂ ਸਨ। ਇਕ ਪਰੀ ਰੂਪ ਵਰਗੀ, ਜੋ ਕਾਲੇ ਮਧਰੇ ਤੇ ਬੁੱਢੇ ਕੰਤ ਨਾਲ ਵਿਆਹੀ ਹੁੰਦੀ ਸੀ, ਹਾਰਿਆਂ ਦੀ ਮਿੱਟੀ ਢੋਂਦੀ ਦੇ ਜਜ਼ਬਾਤ ਸੁਣੋ –
ਢੋਵਾਂ ਹਾਰੇ ਦੀ ਮਿੱਟੀ, ਢੋਵਾਂ ਚੁੱਲ੍ਹੇ ਦੀ ਮਿੱਟੀ।
ਕਾਲੇ ਰੀਠੜੇ ਨੂੰ ਵਿਆਹੀ, ਵੇ ਮੈਂ ਸਾਬਣ ਦੀ ਟਿੱਕੀ।
X X X X X