

ਜਾਂਦਾ ਸੀ। ਕਈ ਹਾਰੇ ਪਾਣੀ ਗਰਮ ਕਰਨ ਲਈ ਵੀ ਬਣਾਏ ਜਾਂਦੇ ਸਨ। ਏਸ ਤਰ੍ਹਾਂ ਹਾਰੀਆਂ ਚੱਕਮੀਆਂ ਵੀ ਬਣਾਈਆਂ ਜਾਂਦੀਆਂ ਸਨ। ਇਕ ਥਾਂ ਗੱਡ ਕੇ ਰੱਖਣ ਵਾਲੀਆਂ ਵੀ ਬਣਾਈਆਂ ਜਾਂਦੀਆਂ ਸਨ। ਇਹ ਹਾਰੀਆਂ ਉਨੇ ਆਕਾਰ ਦੀਆਂ ਹੀ ਹੁੰਦੀਆਂ ਸਨ, ਜਿੰਨੇ ਵਿਚ ਦਾਲ ਧਰਨ ਵਾਲਾ ਤਪਲਾ ਆਸਾਨੀ ਨਾਲ ਰੱਖਿਆ ਜਾ ਸਕੇ।
ਪਹਿਲੇ ਸਮਿਆਂ ਵਿਚ ਲੋਕ ਦੁੱਧ, ਦਹੀਂ, ਮੱਖਣ, ਘੀ ਆਮ ਖਾਂਦੇ ਸਨ। ਏਸ ਲਈ ਬੜੇ ਪਰਿਵਾਰਾਂ ਦੇ ਬਹੁਤੀਆਂ ਮੱਝਾਂ ਰੱਖੀਆਂ ਹੁੰਦੀਆਂ ਸਨ। ਉਹ ਦੋ-ਦੋ, ਤਿੰਨ-ਤਿੰਨ ਹਾਰਿਆਂ ਵਿਚ ਦੁੱਧ ਕਾੜ੍ਹਦੇ ਸਨ। ਹੁਣ ਪੰਜਾਬ ਵਾਸੀਆਂ ਦੇ ਬਹੁਤੇ ਘਰ ਪੱਕੇ ਹਨ। ਇਸ ਲਈ ਘਰਾਂ ਦੇ ਹਾਰੇ ਵੀ ਪੱਕੇ ਬਣੇ ਹੋਏ ਹਨ। ਹੁਣ ਲੋਕ ਮੱਖਣ, ਘੀ ਘੱਟ ਖਾਣ ਦੇ ਆਦੀ ਹਨ। ਏਸ ਲਈ ਬਹੁਤੇ ਪਰਿਵਾਰ ਇਕ ਬੜੇ ਪਤੀਲੇ ਵਿਚ ਹੀ ਗੈਸ ਜਾਂ ਚੁੱਲ੍ਹੇ ਉਪਰ ਹੀ ਦੁੱਧ ਕਾੜ੍ਹ ਲੈਂਦੇ ਹਨ। ਏਸ ਤਰ੍ਹਾਂ ਉਬਲੇ ਦੁੱਧ ਦਾ ਰੰਗ ਚਿੱਟਾ ਰਹਿੰਦਾ ਹੈ ਤੇ ਮਲਾਈ ਵੀ ਚਿੱਟੀ ਹੁੰਦੀ ਹੈ । ਹੁਣ ਥੋੜ੍ਹਾ ਜਿਹਾ ਦੁੱਧ ਰੱਖ ਕੇ ਬਾਕੀ ਸਾਰਾ ਦੁੱਧ ਡੇਅਰੀ ਵਾਲਿਆਂ ਨੂੰ ਵੇਚ ਦਿੰਦੇ ਹਨ। ਦਾਲਾਂ ਵੀ ਅੱਜ ਕੱਲ੍ਹ ਸਾਰੇ ਪਰਿਵਾਰ ਕੁੱਕਰਾਂ, ਪਤੀਲਿਆਂ ਵਿਚ ਗੈਸਾਂ, ਸਟੇਵਾਂ ਅਤੇ ਚੁੱਲ੍ਹਿਆਂ ਉਪਰ ਬਣਾਉਂਦੇ ਹਨ। ਏਸ ਲਈ ਦਾਲਾਂ ਬਣਾਉਣ ਲਈ ਹਾਰੀਆਂ ਬਣਾਉਣੀਆਂ ਤਾਂ ਤਕਰੀਬਨ ਬੰਦ ਹੋਣ ਦੇ ਬਰਾਬਰ ਹਨ।
ਹੁਣ ਦੁੱਧ ਕਾੜ੍ਹਣ ਲਈ ਕੱਚੇ ਹਾਰੇ ਤੇ ਦਾਲਾਂ ਬਣਾਉਣ ਲਈ ਕੱਚੀਆਂ ਹਾਰੀਆਂ ਬਣਾਉਣ ਦਾ ਯੁੱਗ ਖ਼ਤਮ ਹੋਣ ਤੇ ਹੈ।
0
ਪਾਥੀਆਂ ਦੇ ਗੁਹਾਰੇ
ਪਹਿਲੇ ਸਮਿਆਂ ਵਿਚ ਕਿਸੇ ਪਿੰਡ ਦੇ ਤੇ ਉਸ ਪਿੰਡ ਦੇ ਵਸਨੀਕਾਂ ਦੇ ਰੱਜੇ ਪੁੱਜੇ ਹੋਣ, ਚੰਗੇ ਪੈਸੇ ਵਾਲੇ ਹੋਣ, ਚੰਗੇ ਖਾਂਦੇ ਪੀਂਦੇ ਹੋਣ ਦਾ ਪਤਾ ਉਨ੍ਹਾਂ ਪਿੰਡਾਂ ਦੇ ਨੇੜੇ ਪਹੁੰਚ ਕੇ ਪਿੰਡ ਦੇ ਆਲੇ ਦੁਆਲੇ ਪਾਥੀਆਂ ਦੇ ਲੱਗਿਆ ਗੁਹਾਰਿਆਂ ਦੀ ਭਰਮਾਰ ਤੋਂ ਲੱਗ ਜਾਂਦਾ ਸੀ । ਗੁਹਾਰੇ ਤਾਂ ਹੀ ਲੱਗਦੇ ਸਨ, ਜੇਕਰ ਉਸ ਪਿੰਡ ਦੇ ਵਸਨੀਕ ਬਹੁਤੇ ਪਸ਼ੂ ਰੱਖਦੇ ਸਨ। ਬਹੁਤੇ ਪਸ਼ੂਆਂ ਵਿਚ ਉਨ੍ਹਾਂ ਸਮਿਆਂ ਵਿਚ ਬਹੁਤੀਆਂ ਮੱਝਾਂ, ਬਹੁਤੀਆਂ ਗਾਈਆਂ ਅਤੇ ਬਹੁਤੇ ਬਲਦ ਸ਼ਾਮਲ ਹੁੰਦੇ ਸਨ। ਪਿੰਡਾਂ ਵਿਚ ਬਹੁਤੀਆਂ ਮੱਝਾਂ, ਗਾਈਆਂ ਤੇ ਬਲਦ ਬਹੁਤੇ ਪੈਸੇ ਵਾਲੇ ਹੀ ਖਰੀਦ ਸਕਦੇ ਸਨ। ਏਸੇ ਕਰਕੇ ਉਨ੍ਹਾਂ ਸਮਿਆਂ ਵਿਚ ਇਹ ਮੁਹਾਵਰਾ ਪ੍ਰਚੱਲਤ ਸੀ 'ਪਿੰਡ ਦਾ ਪਤਾ, ਪਿੰਡ ਦੇ ਗੁਹਾਰਿਆਂ ਤੋਂ ਲੱਗ ਜਾਂਦਾ ਹੈ।