

ਨਾਲ ਪੱਥਣ ਕਰ ਕੇ ਉਸ ਉਪਰ ਹੱਥਾਂ ਦੀਆਂ ਉਂਗਲੀਆਂ ਦੇ ਨਿਸ਼ਾਨ ਬਣ ਜਾਂਦੇ ਸਨ। ਇਸ ਤਰ੍ਹਾਂ ਪਾਥੀ ਹੋਂਦ ਵਿਚ ਆਉਂਦੀ ਸੀ/ਹੈ। ਪਾਥੀਆਂ ਪੱਥ ਪੱਥ ਕੇ ਇਕ ਸਾਈਡ ਤੇ ਰੱਖੀ ਜਾਂਦੀਆਂ ਸਨ। ਏਸ ਤਰ੍ਹਾਂ ਸਾਰੇ ਢੇਰ ਦੀਆਂ ਪਾਥੀਆਂ ਪੱਥ ਲਈਆਂ ਜਾਂਦੀਆਂ ਸਨ। ਜਦ ਇਹ ਪਾਥੀਆਂ ਧੁੱਪ ਨਾਲ ਕਾਫੀ ਸੁੱਕ ਜਾਂਦੀਆਂ ਸਨ ਤਾਂ ਇਨ੍ਹਾਂ ਨੂੰ ਧਰਤੀ ਤੋਂ ਚੁੱਕ ਕੇ ਇਕ ਪਾਥੀ ਦੀ ਦੂਜੀ ਪਾਥੀ ਨਾਲ ਪਿੱਠ ਜੋੜ ਕੇ ਖੜ੍ਹਾ ਕਰ ਦਿੱਤਾ ਜਾਂਦਾ ਸੀ। ਏਸ ਤਰ੍ਹਾਂ ਕਰ ਕੇ ਫੇਰ ਪਾਥੀਆਂ ਦਾ ਹੇਠਲਾ ਹਿੱਸਾ ਵੀ ਸੁੱਕ ਜਾਂਦਾ ਸੀ। ਜਦ ਪਾਥੀਆਂ ਚੰਗੀ ਤਰ੍ਹਾਂ ਸੁੱਕ ਜਾਂਦੀਆਂ ਸਨ ਤਾਂ ਉਸੇ ਥਾਂ ਗੁਹਾਰਾ ਚਿਣ ਲੈਂਦੀਆਂ ਸਨ । ਗੁਹਾਰੇ ਨੂੰ ਗੋਹੇ ਨਾਲ ਲਿੱਪ ਦਿੰਦੀਆਂ ਸਨ। ਫੇਰ ਲੋੜ ਅਨੁਸਾਰ ਗੁਹਾਰੇ ਵਿਚੋਂ ਪਾਥੀਆਂ ਕੱਢ ਕੱਢ ਕੇ ਵਰਤਦੀਆਂ ਰਹਿੰਦੀਆਂ ਸਨ।
ਇਨ੍ਹਾਂ ਪਾਥੀਆਂ ਨੂੰ ਹਾਰਿਆਂ ਵਿਚ ਦੁੱਧ ਕੜ੍ਹਣ ਲਈ ਰਖਿਆ ਜਾਂਦਾ ਸੀ। ਇਨ੍ਹਾਂ ਪਾਥੀਆਂ ਨਾਲ ਹਾਰੀਆਂ ਵਿਚ ਦਾਲਾਂ ਧਰੀਆਂ ਜਾਂਦੀਆਂ ਸਨ। ਇਨ੍ਹਾਂ ਪਾਥੀਆਂ ਨਾਲ ਹੀ ਉਨ੍ਹਾਂ ਸਮਿਆਂ ਵਿਚ ਚੁੱਲ੍ਹੇ ਬਾਲੇ ਜਾਂਦੇ ਸਨ। ਸਰ੍ਹੋਂ ਦਾ ਸਾਗ ਵਿਸ਼ੇਸ਼ ਤੌਰ 'ਤੇ ਪਾਥੀਆਂ, ਲੱਕੜਾਂ ਤੇ ਗੁੱਲਾਂ ਦੀ ਅੱਗ ਤੇ ਬਣਾਇਆ ਜਾਂਦਾ ਸੀ। ਕਈ ਵੇਰ ਪਾਥੀਆਂ ਗਿੱਲੀਆਂ ਹੋਣ ਕਰ ਕੇ ਧੂੰਆਂ ਵੀ ਹੁੰਦਾ ਰਹਿੰਦਾ ਸੀ, ਜਿਸ ਕਰ ਕੇ ਜਨਾਨੀਆਂ ਦੀਆਂ ਅੱਖਾਂ ਵਿਚ ਪਾਣੀ ਬਹੁਤ ਵਗਦਾ ਰਹਿੰਦਾ ਸੀ। ਇਹ ਧੂੰਆਂ ਕਈ ਵੇਰ ਦੂਰ ਗਏ ਸਿਪਾਹੀ ਦੀ ਵਹੁਟੀ ਦੇ ਦੁੱਖ ਨੂੰ ਹੰਝੂਆਂ ਰਾਹੀਂ ਕੱਢਣ ਵਿਚ ਵੀ ਸਹਾਈ ਹੁੰਦਾ ਸੀ-
ਚੁੱਲ੍ਹੇ ਪਿਛੇ ਧੂੰਏਂ ਦੇ ਪੱਜ ਰੋਵੇ,
ਵਹੁਟੀ ਸਿਪਾਹੀ ਦੀ।
ਕਿਉਂਕਿ ਸ਼ਹਿਰਾਂ ਵਿਚ ਥਾਂ ਘੱਟ ਹੁੰਦੀ ਸੀ, ਏਸ ਲਈ ਕੰਧਾਂ ਉਪਰ ਪਾਥੀਆਂ ਪੱਥੀਆਂ ਜਾਂਦੀਆਂ ਸਨ/ਹਨ। ਇਹ ਪਾਥੀਆਂ ਦਾ ਸਾਈਜ਼ ਧਰਤੀ ਤੇ ਪੱਥੀਆਂ ਪਾਥੀਆਂ ਨਾਲੋਂ ਛੋਟਾ ਹੁੰਦਾ ਸੀ/ਹੈ।
ਪਹਿਲਾਂ ਗੋਹੇ ਦੀ ਜ਼ਿਆਦਾ ਵਰਤੋਂ ਪਾਥੀਆਂ ਪੱਥਣ ਲਈ ਕੀਤੀ ਜਾਂਦੀ ਸੀ। ਜਿਉਂ ਜਿਉਂ ਜ਼ਿਮੀਂਦਾਰਾਂ ਨੂੰ ਗੋਹੇ ਦੀ ਖਾਦ ਦੀ ਮਹੱਤਤਾ ਦਾ ਪਤਾ ਲੱਗਦਾ ਗਿਆ, ਤਿਉਂ ਤਿਉਂ ਗੋਹੇ ਦੀ ਖਾਦ ਲਈ ਵੱਧ ਵਰਤੋਂ ਕੀਤੀ ਜਾਣ ਲੱਗੀ ਹੈ। ਹੁਣ ਪਾਥੀਆਂ ਘੱਟ ਬਣਾਈਆਂ ਜਾਂਦੀਆਂ ਹਨ। ਕੁਝ ਪਰਿਵਾਰਾਂ ਕੋਲ ਕੁਕਿੰਗ ਗੈਸ ਹੈ, ਗੋਬਰ ਗੈਸ ਹੈ। ਮਿੱਟੀ ਦੇ ਤੇਲ ਦੀ ਤੇ ਲੱਕੜਾਂ ਦੀ ਵਰਤੋਂ ਕੀਤੀ ਜਾਂਦੀ ਹੈ। ਹੁਣ ਜਿਹੜੇ ਪਰਿਵਾਰ ਥੋੜ੍ਹੀਆਂ ਬਹੁਤੀਆਂ ਪਾਥੀਆਂ ਬਣਾਉਂਦੇ ਹਨ, ਉਹ ਪਾਥੀਆਂ ਨੂੰ ਸੁੱਕਣ ਤੇ ਗੁਹਾਰਿਆਂ ਵਿਚ ਨਹੀਂ ਰੱਖਦੇ, ਸਗੋਂ ਸੁੱਕਣ ਤੇ ਘਰੀਂ ਲੈ ਆਉਂਦੇ ਹਨ। ਹੁਣ ਕਿਸੇ ਕਿਸੇ ਪਿੰਡ ਦੇ ਦੁਆਲੇ ਹੀ ਗੁਹਾਰੇ ਲੱਗੇ ਨਜ਼ਰ ਆਉਂਦੇ ਹਨ।
0