

ਦੋ ਪੈਰ ਘੱਟ ਤੁਰਨਾ,
ਪਰ ਤੁਰਨਾ ਮੜਕ ਦੇ ਨਾਲ।
ਕਈਆਂ ਦੀ ਤੋਰ ਬੜੀ ਬੇਢਬੀ ਹੁੰਦੀ ਸੀ। ਅਜਿਹੀ ਤੋਰ ਵਾਲੀ ਮੁਟਿਆਰ ਨੂੰ ਟਕੋਰ ਲਾਈ ਜਾਂਦੀ ਸੀ-
ਤੂੰ ਕੀ ਜਾਣੇ ਭੇਡੇ,
ਨੀ ਤੋਰ ਸ਼ਕੀਨਾਂ ਦੀ।
ਸ਼ੁਕੀਨੀ ਜਿਥੇ ਗਹਿਣੇ ਤੇ ਚੰਗੇ ਕਪੜੇ ਪਾ ਕੇ ਲਗਾਈ ਜਾਂਦੀ ਸੀ, ਉਥੇ ਚੰਗੀ ਤੋਰ ਵੀ ਸ਼ਕੀਨੀ ਵਿਚ ਵਾਧਾ ਕਰਦੀ ਸੀ। ਸੱਪ ਦੀ ਤਰ੍ਹਾਂ ਮੇਲਦੀ ਤੋਰ ਵਾਲੀ ਮੁਟਿਆਰ ਸਭ ਨੂੰ ਮੋਹ ਲੈਂਦੀ ਸੀ-
ਮੂਹਰੇ ਲੱਗ ਵੇ ਸੰਧੂਰੀ ਪੱਗ ਵਾਲਿਆ,
ਪਿਛੇ ਆਉਂ ਮੈਂ ਮੇਲ੍ਹਦੀ।
ਉਨ੍ਹਾਂ ਸਮਿਆਂ ਵਿਚ ਸੱਜ-ਵਿਆਹੀਆਂ ਨੂੰ ਵੀ ਪੈਦਲ ਤੁਰਨਾ ਪੈਂਦਾ ਸੀ। ਕਈ ਸਹੁਰੇ ਪਿੰਡ ਦੀਆਂ ਲੰਮੀਆਂ ਵਾਟਾਂ ਤੋਂ ਥੱਕ ਜਾਂਦੀਆਂ ਸਨ। ਉਹ ਫਿਰ ਕਈ ਵੇਰ ਆਪਣੇ ਪਤੀ ਨੂੰ ਗੋਦੀ ਚੁੱਕ ਲੈਣ ਲਈ ਵੀ ਕਹਿ ਦਿੰਦੀਆਂ ਸਨ-
ਗੋਦੀ ਚੁੱਕ ਲੈ ਨਣਦ ਦਿਆ ਵੀਰਾ,
ਤੁਰਦੀ ਦੇ ਪੱਟ ਫੁੱਲਗੇ।
ਕਹਿੰਦੇ ਹਨ, ਜਿਸ ਨੂੰ ਰੱਬ ਨੇ ਰੂਪ ਦਿੱਤਾ ਹੋਵੇ, ਉਸ ਵਿਚ ਨੱਖਰਾ ਵੀ ਆ ਜਾਂਦਾ ਹੈ। ਵੈਸੇ ਨਖਰੇ ਤੋਂ ਬਿਨਾਂ ਰੂਪ ਕਾਹਦਾ? ਏਸ ਲਈ ਉਸ ਸਮੇਂ ਕਈ ਰੂਪਵਤੀਆਂ ਜਨਾਨੀਆਂ ਆਪਣੀ ਤੋਰ ਦੇ ਪ੍ਰਦਰਸ਼ਨ ਲਈ ਕਈ ਸ਼ਰਤਾਂ ਵੀ ਰੱਖ ਦਿੰਦੀਆਂ ਸਨ-
ਜੁੱਤੀ ਲੈ ਦੇ ਸਤਾਰਿਆਂ ਵਾਲੀ,
ਜੇ ਤੂੰ ਮੇਰੀ ਤੋਰ ਵੇਖਣੀ।
X X X
ਤੇਰੇ ਮਗਰ ਛਣਕਦੀ ਆਵਾਂ,
ਜੁੱਤੀ ਨੂੰ ਲਵਾ ਦੇ ਘੁੰਗਰੂ।
ਸੋਹਣੀ ਚਾਲ ਵਾਲੀ ਤੇ ਸੋਹਣੇ ਰੰਗ ਰੂਪ ਵਾਲੀ ਤੇ ਹਰ ਇਕ ਦਾ ਮੋਹਤ ਹੋਣ ਨੂੰ ਜੀਅ ਕਰਦਾ ਹੁੰਦਾ ਸੀ-
ਕੁੜੀਏ ਨੀ! ਤੇਰੀ ਚਾਲ ਮਲੂਕ,
ਤੇਰੇ ਤੇ ਲੋਹੜੇ ਦਾ ਰੂਪ,
ਨੀ ਜੇ ਮੰਨੇ ਤਾਂ ਨੈਣਾਂ ਦੇ ਵਿਚ ਪਾ ਨੀ ਲਈਏ।