

ਕਰਨ ਲਈ ਲਗਾਮ ਪਾਈ ਹੁੰਦੀ ਸੀ, ਜਿਸ ਨੂੰ ਕੰਡਿਆਲਾ ਕਹਿੰਦੇ ਸਨ। ਕਾਠੀ ਨਾਲ ਰਕਾਬਾਂ ਲੱਗੀਆਂ ਹੁੰਦੀਆਂ ਸਨ। ਰਕਾਬ ਤੇ ਪੈਰ ਰੱਖ ਕੇ ਹੀ ਘੋੜੀ ਤੇ ਚੜ੍ਹਿਆ ਜਾਂਦਾ ਸੀ।
ਬੋਤਿਆਂ ਤੋਂ ਬਹੁ-ਮੰਤਵੀ ਕੰਮ ਲਿਆ ਜਾਂਦਾ ਸੀ। ਬੋਤੇ ਨਾਲ ਹਲ ਵਾਹਿਆ ਜਾਂਦਾ ਸੀ, ਹਲਟ ਚਲਾਇਆ ਜਾਂਦਾ ਸੀ, ਪੱਠਿਆਂ ਦੀ ਦੋ ਢੁਆਈ ਕੀਤੀ ਜਾਂਦੀ ਸੀ। ਉਨ੍ਹਾਂ ਸਮਿਆਂ ਵਿਚ ਵਪਾਰ ਦੀਆਂ ਵਸਤਾਂ ਦੀ ਢੋ ਢੁਆਈ ਵੀ ਬੋਤਿਆਂ ਰਾਹੀਂ ਕੀਤੀ ਜਾਂਦੀ ਸੀ। ਆਮ ਪਰਿਵਾਰ ਦੇ ਆਉਣ ਜਾਣ ਲਈ ਬੋਤੇ ਦੀ ਸਵਾਰੀ ਹੀ ਕੀਤੀ ਜਾਂਦੀ ਸੀ। ਉਸ ਸਮੇਂ ਦਾ ਟੱਪਾ ਹੈ –
ਆਉਣ ਜਾਣ ਨੂੰ ਬੋਤੀ ਲੈ ਲੈ,
ਦੁੱਧ ਪੀਣ ਨੂੰ ਬੂਰੀ।
ਉਨ੍ਹਾਂ ਸਮਿਆਂ ਵਿਚ ਸੱਜ-ਵਿਆਹੀਆਂ ਨੂੰ ਲਿਆਉਣ ਲਈ ਬੋਤੇ ਨੂੰ ਸ਼ਿੰਗਾਰ ਕੇ ਲਿਜਾਇਆ ਜਾਂਦਾ ਸੀ। ਪਿੰਡ ਵਿਚ ਜਦੋਂ ਸ਼ਿੰਗਾਰੇ ਬੋਤੇ ਵਾਲਾ ਪ੍ਰਾਹੁਣਾ ਪਹੁੰਚਦਾ ਹੁੰਦਾ ਸੀ ਤਾਂ ਆਨੀ ਬਹਾਨੀ ਪਿੰਡ ਦੀਆਂ ਕੁੜੀਆਂ ਉਸ ਬਾਰੇ ਕਨਸੋਆਂ ਲੈਂਦੀਆਂ ਹੁੰਦੀਆਂ ਸਨ-
ਬੋਤੇ ਵਾਲਾ ਨੀ ਪ੍ਰਾਹੁਣਾ ਕੀਹਦਾ?
ਪੁੱਛਦੀ ਕੁੜੀਆਂ ਤੋਂ।
ਉਨ੍ਹਾਂ ਸਮਿਆਂ ਵਿਚ ਜੰਮਦੀਆਂ ਕੁੜੀਆਂ ਨੂੰ ਮਾਰ ਦਿੱਤਾ ਜਾਂਦਾ ਸੀ। ਏਸ ਲਈ ਛੋਟੀ ਉਮਰ ਵਿਚ ਵਿਆਹ ਕਰਨ ਦਾ ਰਿਵਾਜ ਸੀ। ਜਦ ਮੁੰਡਾ ਕੁੜੀ ਜੁਆਨ ਹੋ ਜਾਂਦੇ ਸਨ, ਉਸ ਸਮੇਂ ਦਾ ਮੁਕਲਾਵਾ ਦਿੱਤਾ ਜਾਂਦਾ ਸੀ । ਮੁਕਲਾਵਾ ਦੇਣ ਸਮੇਂ ਹੀ ਕੁੜੀਆਂ ਨੂੰ ਟੂਮ ਛੱਲਾ ਪਾਇਆ ਜਾਂਦਾ ਸੀ। ਏਸ ਲਈ ਕੁੜੀਆਂ ਦੇ ਕੰਨ ਵੀ ਮੁਕਲਾਵੇ ਦੇਣ ਸਮੇਂ ਦੇ ਨੇੜੇ ਹੀ ਵਿਨ੍ਹਾਏ ਜਾਂਦੇ ਸਨ, ਜਿਹੜੇ ਕਈ ਵੇਰ ਬੋਤੇ ਦੀ ਸਵਾਰੀ ਕਰਦੇ ਸਮੇਂ ਦੁਖਣ ਵੀ ਲੱਗ ਜਾਂਦੇ ਸਨ-
ਮੇਰੇ ਸੱਜਰੇ ਵਿਨ੍ਹਾਏ ਕੰਨ ਦੁਖਦੇ,
ਹੌਲੀ ਬੋਤਾ ਤੋਰ ਮਿੱਤਰਾ!
ਜਿਹੜੇ ਪਰਿਵਾਰ ਊਠਾਂ ਨਾਲ ਵਪਾਰ ਕਰਦੇ ਸਨ, ਉਨ੍ਹਾਂ ਨੂੰ ਮਹੀਨਿਆਂ ਬੱਧੀ ਵਪਾਰ ਸਬੰਧੀ ਬਾਹਰ ਰਹਿਣਾ ਪੈਂਦਾ ਸੀ। ਏਸੇ ਕਰਕੇ ਕਈ ਕੁੜੀਆਂ ਆਪ ਦੇ ਮਾਪਿਆਂ ਨੂੰ ਅਜੇਹੇ ਵਪਾਰੀ ਊਠਾਂ ਵਾਲਿਆਂ ਨਾਲ ਰਿਸ਼ਤਾ ਕਰਨ ਤੋਂ ਵਰਜਦੀਆਂ ਹੁੰਦੀਆਂ ਸਨ-
ਊਠਾਂ ਵਾਲਿਆਂ ਨੂੰ ਨਾ ਦੇਈਂ ਮੇਰੀ ਮਾਏ,
ਤੜਕੇ ਉੱਠ ਕੇ ਲੱਦ ਜਾਣਗੇ।