

ਛੜਿਆਂ ਦਾ ਮੁੰਜ ਦਾ ਮੰਜਾ,
ਸਾਰੀ ਰਾਤ ਕੀਰਨੇ ਪਾਵੇ।
ਹੁਣ ਗੱਡੇ ਵੱਲ ਆਉਂਦੇ ਹਾਂ। ਉਸ ਸਮੇਂ ਖੇਤੀ ਦੇ ਸੰਦਾਂ ਵਿਚੋਂ ਸਭ ਤੋਂ ਮਹਿੰਗਾ ਗੱਡਾ ਹੁੰਦਾ ਸੀ। ਗੱਡੇ ਦੀ ਵਰਤੋਂ ਵੀ ਆਮ ਹੁੰਦੀ ਸੀ। ਉਨ੍ਹਾਂ ਸਮਿਆਂ ਵਿਚ ਜ਼ਿਮੀਂਦਾਰਾਂ ਦੀ ਆਰਥਿਕ ਹਾਲਤ ਮਾੜੀ ਹੁੰਦੀ ਸੀ। ਹਰ ਜ਼ਿਮੀਂਦਾਰ ਕੋਲ ਗੱਡਾ ਨਹੀਂ ਹੁੰਦਾ ਸੀ। ਕਈ ਕਈ ਸਕੇ ਘਰ ਰਲ ਕੇ ਗੱਡਾ ਖਰੀਦਦੇ ਸਨ। ਇਕੋ ਖ਼ਾਨਦਾਨ ਵਿਚੋਂ ਵਧੇ ਪਰਿਵਾਰ ਨੂੰ ਸਕੇ ਪਰਿਵਾਰ ਕਿਹਾ ਜਾਂਦਾ ਸੀ। ਸਕੇ ਪਰਿਵਾਰਾਂ ਦਾ ਵਿਸ਼ੇਸ਼ ਤੌਰ ਤੇ ਆਪਸ ਵਿਚ ਬਹੁਤ ਪਿਆਰ ਹੁੰਦਾ ਸੀ। ਖੇਤੀ ਦੇ ਕੰਮਾਂ ਵਿਚ ਇਕ ਦੂਜੇ ਦੀ ਮੱਦਦ ਕਰਦੇ ਸਨ। ਉਨ੍ਹਾਂ ਸਮਿਆਂ ਵਿਚ ਮੱਕੀ, ਜੁਆਰ, ਬਾਜਰਾ, ਜੌਂ, ਛੋਲੇ, ਕਣਕ, ਗੰਨਾ, ਮੋਠ, ਮੂੰਗੀ ਦੀਆਂ ਫ਼ਸਲਾਂ ਹੁੰਦੀਆਂ ਸਨ। ਮੱਕੀ ਵੱਢ ਕੇ ਮੁਹਾਰੇ ਤਾਂ ਸਾਰੇ ਜ਼ਿਮੀਂਦਾਰ ਆਪਣੇ ਖੇਤਾਂ ਵਿਚ ਹੀ ਲਾ ਲੈਂਦੇ ਸਨ। ਹਾੜੀ ਦੀ ਫ਼ਸਲ ਵੱਢ ਕੇ ਪਹਿਲਾਂ ਖੇਤਾਂ ਵਿਚ ਖਲ੍ਹੀਆਂ ਲਾਈਆਂ ਜਾਂਦੀਆਂ ਸਨ। ਖੇਤ ਦੀ ਫ਼ਸਲ ਨੂੰ ਕਈ ਥਾਵਾਂ 'ਤੇ 'ਕੱਠੀ ਕਰ ਕੇ ਰੱਖਣ ਨੂੰ ਖਲ੍ਹੀ ਲਾਉਣਾ ਕਿਹਾ ਜਾਂਦਾ ਸੀ।
ਜਦ ਖਲ੍ਹੀਆਂ ਵਿਚ ਲੱਗੀ ਫ਼ਸਲ ਸੁੱਕ ਜਾਂਦੀ ਸੀ ਤਾਂ ਸਾਰੀ ਫ਼ਸਲ ਨੂੰ ਪਿੰਡਾਂ ਦੇ ਨਜ਼ਦੀਕ ਛੱਡੀ ਸ਼ਾਮਲਾਟ ਜ਼ਮੀਨ (ਸਾਂਝੀ ਜ਼ਮੀਨ) ਵਿਚ ਗੱਡਿਆਂ ਰਾਹੀਂ ਢੋ ਕੇ 'ਕੱਠੀ ਕੀਤੀ ਜਾਂਦੀ ਸੀ। ਇਸ ਨੂੰ ਪਿੜ ਪਾਉਣਾ ਕਹਿੰਦੇ ਸਨ। ਪਿੜ੍ਹਾ ਵਿਚੋਂ ਤੂੜੀ, ਦਾਣੇ ਗੱਡਿਆਂ ਰਾਹੀਂ ਢੋ ਕੇ ਘਰ ਲਿਜਾਏ ਜਾਂਦੇ ਸਨ। ਤੁੜੀ ਤੇ ਫ਼ਸਲ ਦਾ ਲਾਂਗਾ ਢੋਣ ਲਈ ਗੱਡੇ ਤੇ ਲੱਗੇ ਛੋਟੇ ਵਿੱਢ ਨਾਲ ਇਕ ਹੋਰ ਬੜਾ ਵਿੱਢ ਜੋੜਿਆ ਜਾਂਦਾ ਸੀ। ਬੜੇ ਵਿੱਢ ਨਾਲ ਤੂੜੀ ਦੀਆਂ ਪੰਡਾਂ ਤੇ ਲਾਂਗਾ ਬਹੁਤ ਉੱਪਰ ਤੱਕ ਲੱਦਿਆ ਜਾ ਸਕਦਾ ਸੀ।
ਫ਼ਸਲ ਨੂੰ ਮੰਡੀ ਵੇਚਣ ਲੈ ਕੇ ਜਾਣ ਲਈ ਗੱਡੇ ਦੀ ਵਰਤੋਂ ਕੀਤੀ ਜਾਂਦੀ ਸੀ। ਖੇਤੋਂ ਹਰੇ ਪੱਠੇ ਵੱਢ ਕੇ ਵੀ ਗੱਡੇ ਤੇ ਲੈ ਕੇ ਆਉਂਦੇ ਸਨ। ਵਿਆਹਾਂ, ਮਰਨੇ ਤੇ ਹੋਰ ਦਿਨ ਸੁਧ ਤੇ ਜਾਣ ਲਈ ਵੀ ਗੱਡਿਆਂ ਦੀ ਵਰਤੋਂ ਹੁੰਦੀ ਸੀ। ਬਰਾਤਾਂ ਵੀ ਗੱਡਿਆਂ ਤੇ ਆਉਂਦੀਆਂ ਸਨ। ਉਨ੍ਹਾਂ ਸਮਿਆਂ ਵਿਚ ਵਿਆਹਾਂ ਵਿਚ ਸੰਦੂਖ ਦੇਣ ਦਾ ਰਿਵਾਜ ਸੀ। ਸੰਦੂਖ ਵੀ ਗੱਡੇ ਤੇ ਲੱਦ ਕੇ ਭੇਜਿਆ ਜਾਂਦਾ ਸੀ।
ਗੱਡੇ ਉਤੇ ਆ ਗਿਆ ਸੰਦੂਖ ਮੁਟਿਆਰ ਦਾ।
ਸ਼ੀਸ਼ਿਆਂ 'ਚੋਂ ਕਹਿੰਦੇ ਉਹਦਾ ਵੀਰ ਬੱਗ ਚਾਰਦਾ।
ਫੇਰ ਮੰਦਵਾੜੇ ਦਾ ਸਮਾਂ ਆਇਆ। ਜ਼ਿਮੀਂਦਾਰਾਂ ਨੂੰ ਫ਼ਸਲ ਦਾ ਭਾਅ ਨਾਮਾਤਰ ਮਿਲਦਾ ਸੀ। ਉਸ ਸਮੇਂ ਦੀ ਬੋਲੀ ਹੈ-