

ਲਈ ਜੀਪਾਂ, ਕਾਰਾਂ, ਟੈਕਸੀਆਂ ਦੇ ਰੂਪ ਵਿਚ ਚਲਾਉਣ ਲਈ ਰੱਖੀਆਂ ਹੋਈਆਂ ਹਨ, ਏਸੇ ਤਰ੍ਹਾਂ ਪਹਿਲੇ ਸਮਿਆਂ ਵਿਚ ਪਿੰਡਾਂ ਵਿਚ ਵਿਆਹਾਂ ਲਈ ਰਥ ਬਣਾ ਕੇ ਰੱਖੇ ਹੁੰਦੇ ਸਨ। ਰਥ ਪਿੰਡਾਂ ਦੇ ਮਿਸਤਰੀ ਹੀ ਰੱਖਦੇ ਸਨ। ਮਿਸਤਰੀ ਹੀ ਇਨ੍ਹਾਂ ਰਥਾਂ ਨੂੰ ਚਲਾਉਂਦੇ ਸਨ। ਅੱਜ ਦੀਆਂ ਟੈਕਸੀਆਂ ਦੀ ਤਰ੍ਹਾਂ ਰਥਾਂ ਦਾ ਕਿਰਾਇਆ ਵੀ ਲਿਆ ਜਾਂਦਾ ਸੀ। ਰਥ ਚਲਾਉਣ ਵਾਲੇ ਨੂੰ ਪਾਟੀ ਕਿਹਾ ਜਾਂਦਾ ਸੀ। ਬਲਦਾਂ ਤੇ ਰੰਗਦਾਰ ਭੁੱਲ ਪਾਏ ਹੁੰਦੇ ਸਨ। ਘੁੰਗਰਾਲਾਂ ਪਾਈਆਂ ਹੁੰਦੀਆਂ ਸਨ। ਸਿੰਗਾਂ ਤੇ ਮੱਥੇ ਨੂੰ ਸ਼ਿੰਗਾਰਿਆ ਹੁੰਦਾ ਸੀ। ਬਲਦਾਂ ਨੂੰ ਹੱਕਣ ਲਈ ਪਰਾਣੀ ਵਿਚ ਚਮੜੇ ਦੀਆਂ ਛਾਂਟਾਂ ਪਾਈਆਂ ਹੁੰਦੀਆਂ ਸਨ। ਪਰਾਣੀ ਦੇ ਦੂਸਰੇ ਸਿਰੇ ਵਿਚ ਲੋਗੜੀ ਦੇ ਫੁੱਲ ਬੰਨ੍ਹੇ ਹੁੰਦੇ ਸਨ।
ਉਨ੍ਹਾਂ ਸਮਿਆਂ ਵਿਚ ਵਿਆਹ ਵਿਚ ਆਮ ਤੌਰ 'ਤੇ ਇਕ ਰਥ ਤਾਂ ਜ਼ਰੂਰ ਜਾਂਦਾ ਸੀ। ਸਰਦੇ ਪੁੱਜਦੇ ਪਰਿਵਾਰਾਂ ਦੇ ਵਿਆਹਾਂ ਵਿਚ ਇਕ ਤੋਂ ਜ਼ਿਆਦਾ ਵੀ ਰਥ ਜਾਂਦੇ ਸਨ। ਰਥ ਵਿਚ ਬਰਾਤ ਜਾਣ ਸਮੇਂ ਲਾੜਾ, ਉਸ ਦਾ ਸਰਬਾਲਾ, ਉਸ ਪਰਿਵਾਰ ਦੇ ਜੁਆਈ ਬੈਠਦੇ ਹੁੰਦੇ ਸਨ । ਜੇਕਰ ਰਿਸ਼ਤਾ ਵਿਚੋਲੇ ਰਾਹੀਂ ਹੋਇਆ ਹੋਵੇ ਤਾਂ ਵਿਚੋਲਾ ਵਿਚੋਲਣ ਵੀ ਰਥ ਵਿਚ ਬੈਠਦੇ ਸਨ। ਰਥ ਵਿਚ ਆਸਾਨੀ ਨਾਲ ਤਾਂ ਚਾਰ ਸਵਾਰੀਆਂ ਹੀ ਬੈਠ ਸਕਦੀਆਂ ਸਨ, ਪਰ ਬੈਠ ਕਈ ਵੇਰ ਵੱਧ ਵੀ ਜਾਂਦੇ ਸਨ। ਉਸ ਸਮੇਂ ਦੀ ਰਥਾਂ, ਘੋੜੀਆਂ ਤੇ ਊਠਾਂ 'ਤੇ ਜਾਂਦੀ ਬਰਾਤ ਦਾ ਕਿੰਨਾ ਸੋਹਣਾ ਵਰਣਨ ਇਸ ਲੋਕ ਗੀਤ ਵਿਚ ਕੀਤਾ ਗਿਆ ਹੈ –
ਸੋਹਣਾ ਵਿਆਂਹਦੜ ਰਥ ਵਿਚ ਬਹਿ ਗਿਆ,
ਹੇਠ ਚਤਹੀ ਵਿਛਾ ਕੇ।
ਵੀਰ ਉਹਦੇ ਸਭ ਚੜ੍ਹ ਗਏ ਊਠਾਂ ਤੇ,
ਝਾਂਜਰਾਂ ਛੋਟੀਆਂ ਪਾ ਕੇ।
ਰਥ ਗੱਡੀਆਂ ਦਾ ਅੰਤ ਨਾ ਕਾਈ,
ਜਾਨੀ ਚੜ੍ਹ ਗਏ ਸਜ ਸਜਾ ਕੇ।
ਜੰਨ ਆਈ ਜਦ ਕੁੜੀਆਂ ਨੇ ਵੇਖੀ,
ਆਈਆਂ ਹੁੰਮ ਹੁਮਾ ਕੇ।
ਵਿਆਂਹਦੜ ਫੁੱਲ ਵਰਗਾ,
ਵੇਖ ਲੈ ਵਿਆਹੁਲੀਏ ਆ ਕੇ।
ਉਨ੍ਹਾਂ ਸਮਿਆਂ ਵਿਚ ਜੰਮਦੀਆਂ ਕੁੜੀਆਂ ਨੂੰ ਮਾਰਨ ਦੀ ਪ੍ਰਥਾ ਕਰ ਕੇ ਰਿਸ਼ਤੇ ਛੋਟੀ ਉਮਰ ਵਿਚ ਹੀ ਕਰ ਦਿੱਤੇ ਜਾਂਦੇ ਸਨ। ਵਿਆਹ ਵੀ ਛੋਟੀ ਉਮਰ ਵਿਚ ਕੀਤੇ ਜਾਂਦੇ ਸਨ। ਜਦ ਮੁੰਡਾ ਕੁੜੀ ਜੁਆਨ ਹੁੰਦੇ ਸਨ, ਉਸ ਸਮੇਂ ਹੀ ਮੁਕਲਾਵਾ ਦਿੱਤਾ