

ਜਿਸ ਤਰ੍ਹਾਂ ਗੱਡੇ ਦੇ ਪਹੀਏ ਬਣਦੇ ਸਨ। ਫ਼ਰਕ ਸਿਰਫ਼ ਇਹ ਹੁੰਦਾ ਸੀ, ਜਿਥੇ ਗੱਡੇ ਦੇ ਪਹੀਏ ਮੋਟੇ ਆਕਾਰ ਦੇ ਹੁੰਦੇ ਸਨ, ਉਥੇ ਤਾਂਗੇ ਦੇ ਪਹੀਏ ਪਤਲੇ ਆਕਾਰ ਦੇ ਹੁੰਦੇ ਸਨ। ਪਹੀਆਂ ਦੇ ਵਿਚਾਲੇ ਮੋਟੀ ਲੱਕੜ ਲੱਗੀ ਹੁੰਦੀ ਸੀ, ਜਿਸ ਨੂੰ ਨਾਭ ਕਹਿੰਦੇ ਸਨ। ਏਸ ਨਾਭ ਵਿਚ ਹੀ ਤਾਂਗ ਦਾ ਧੁਰਾ ਫਿੱਟ ਕੀਤਾ ਜਾਂਦਾ ਸੀ। ਨਾਭ ਵਿਚ ਲੱਕੜ ਦੇ ਪਤਲੇ ਪਤਲੇ ਗਜ਼ ਪਾਏ ਜਾਂਦੇ ਸਨ। ਇਨ੍ਹਾਂ ਗਜ਼ਾਂ ਉਪਰ ਗੋਲ ਕਰਕੇ ਲੱਕੜ ਲਾਈ ਹੁੰਦੀ ਸੀ, ਜਿਸ ਨੂੰ ਪੁੱਠੀਆਂ ਕਹਿੰਦੇ ਸਨ। ਇਹ ਪੁੱਠੀਆਂ ਲੱਗ ਕੇ ਹੀ ਪਹੀਆ ਬਣਦਾ ਸੀ। ਪਹੀਏ ਨੂੰ ਮਜ਼ਬੂਤੀ ਦੇਣ ਲਈ ਤੇ ਘਸਾਈ ਤੋਂ ਬਚਾਉਣ ਲਈ ਪਹੀਆਂ ਉਪਰ ਲੋਹੇ ਦੀ ਪੱਤਰੀ ਗਰਮ ਕਰਕੇ ਚੜਾਈ ਜਾਂਦੀ ਸੀ, ਜਿਸ ਨੂੰ ਹਾਲ ਕਹਿੰਦੇ ਸਨ। ਕਈ ਇਲਾਕਿਆਂ ਵਿਚ ਇਸ ਨੂੰ ਚੈਨ ਵੀ ਕਹਿੰਦੇ ਸਨ। ਇਸ ਤਰ੍ਹਾਂ ਤਾਂਗਾ ਬਣਦਾ ਸੀ।
ਘੋੜੇ ਦੀ ਪਿੱਠ ਉਪਰ ਚਾਲ ਪਾਈ ਹੁੰਦੀ ਸੀ। ਚਾਲ ਚਮੜੇ ਦੀ ਬਣੀ ਹੁੰਦੀ ਸੀ। ਏਸ ਚਾਲ ਨੂੰ ਤਾਂਗੇ ਵਿਚ ਲੱਗੀ ਜੋਤਰ ਵਿਚ ਪਾ ਕੇ ਘੋੜਾ ਤਾਂਗੇ ਨੂੰ ਖਿੱਚਦਾ ਸੀ। ਚਾਲ ਨੂੰ ਬਣਾਉਣ ਲਈ ਲੋਹੇ ਦਾ ਇਕ ਹੰਨਾ ਲਿਆ ਜਾਂਦਾ ਸੀ। ਹੰਨਾ ਇਕ ਫੁੱਟ ਕੁ ਦਾ ਸੈਮੀ ਸਰਕਲ ਹੁੰਦਾ ਸੀ। ਇਸ ਹਨੇ ਦੇ ਦੋਵੇਂ ਕਿਨਾਰਿਆਂ ਤੇ ਚਮੜੇ ਦੇ ਦੋ ਪੈਡ ਜਿਹੇ ਲੱਗੇ ਹੁੰਦੇ ਸਨ। ਏਹ ਪੈਡ ਘੋੜੇ ਦੀ ਗਰਦਨ ਦੇ ਦੋਵੇਂ ਪਾਸੇ ਆ ਜਾਂਦੇ ਸਨ। ਘੋੜੇ ਦੇ ਪੇਟ ਹੇਠ ਚਾਲ ਦੇ ਦੋ ਭਾਰਕਸ, ਇਕ ਵੱਡਾ, ਇਕ ਛੋਟਾ ਲੱਗਿਆ ਹੁੰਦਾ ਸੀ। ਚਾਲ ਵਿਚ ਇਕ ਛੀਨਾਬੰਦ ਲੱਗਿਆ ਹੁੰਦਾ ਸੀ। ਘੋੜੇ ਦੀ ਪੁੱਛ ਹੇਠ ਚਾਲ ਦੀ ਦੁੱਮਚੀ ਪਾਈ ਹੁੰਦੀ ਸੀ। ਚਾਲ ਨੂੰ ਬਾਂਸਾਂ ਦੇ ਸਿਰੇ ਨਾਲ ਜੋੜਨ ਲਈ ਢੰਗੀ ਲੱਗੀ ਹੁੰਦੀ ਸੀ।
ਘੋੜੇ ਨੂੰ ਚਲਾਉਣ ਵਾਸਤੇ ਘੋੜੇ ਦੇ ਮੂੰਹ ਵਿਚ ਕੰਡਿਆਲਾ ਪਾਇਆ ਹੁੰਦਾ ਸੀ। ਕੰਡਿਆਲੇ ਦੇ ਦੇ ਬਾਗਾਂ ਲੱਗੀਆਂ ਹੁੰਦੀਆਂ ਸਨ। ਇਹ ਬਾਗਾਂ ਰਾਹੀਂ ਹੀ ਘੋੜੇ ਨੂੰ ਕੰਟਰੋਲ ਕੀਤਾ ਜਾਂਦਾ ਸੀ। ਇਨ੍ਹਾਂ ਬਾਗਾਂ ਨੂੰ ਲਗਾਮ ਕਹਿੰਦੇ ਸਨ। ਕੰਡਿਆਲੇ ਦਾ ਜਿਹੜਾ ਹਿੱਸਾ ਘੜੇ ਦੇ ਸਿਰ ਉਪਰ ਆਉਂਦਾ ਸੀ, ਉਸ ਵਿਚ ਕਲਗੀ ਲੱਗੀ ਹੁੰਦੀ ਸੀ। ਘੋੜੇ ਨੂੰ ਚਲਾਉਣ ਲਈ ਤਾਂਗੇ ਵਾਲੇ ਦੇ ਹੱਥ ਵਿਚ ਛਾਂਟਾ ਫੜਿਆ ਹੁੰਦਾ ਸੀ, ਜਿਸ ਨੂੰ ਮੋਹਰ ਛੜੀ ਕਹਿੰਦੇ ਸਨ।
ਪਹਿਲਾਂ ਤਾਂਗੇ/ਯੱਕੇ ਹਰ ਬੜੇ ਪਿੰਡ, ਕਸਬੇ ਤੇ ਸ਼ਹਿਰਾਂ ਵਿਚ ਚਲਦੇ ਸਨ। ਹੁਣ ਤੁਹਾਨੂੰ ਪੰਜਾਬ ਦੀ ਕਿਸੇ ਵੀ ਸੜਕ 'ਤੇ ਤਾਂਗਾ ਚਲਦਾ ਨਹੀਂ ਮਿਲੇਗਾ। ਹਾਂ, ਸ਼ਹਿਰਾਂ ਵਿਚ ਬਰਾਤਾਂ ਸਮੇਂ ਲਾੜੇ ਨੂੰ ਘੋੜੀ ਤੇ ਬਿਠਾਉਣ ਦਾ ਰਿਵਾਜ ਅਜੇ ਵੀ ਇੱਕਾ ਦੁੱਕਾ ਚਲ ਰਿਹਾ ਹੈ। ਏਸ ਲਈ ਜਿਨ੍ਹਾਂ ਪਰਿਵਾਰਾਂ ਨੇ ਇਹ ਘੋੜੇ ਰੱਖੇ ਹੋਏ ਸਨ, ਉਨ੍ਹਾਂ ਪਰਿਵਾਰਾਂ ਨੇ ਜ਼ਰੂਰ ਤਾਂਗੇ ਰੱਖੇ ਹੋਏ ਹਨ। ਪਰ ਉਹ ਇਨ੍ਹਾਂ ਤਾਂਗਿਆ