ਪਤੀਬ੍ਰਤਿ ਧਰਮ ਨਿਭਾਉਣ ਹਿਤ ਸ੍ਰੀ ਗੁਰੂ ਹਰਿ ਗੋਬਿੰਦ ਜੀ ਨੇ ਆਪਣੀ ਸਪੁੱਤਰੀ ਬੀਬੀ ਵੀਰੋ, ਨੂੰ ਜੋ ਉਪਦੇਸ਼ ਦਿੱਤਾ ਸੀ ਉਹ ਵੀ ਇਸ ਪ੍ਰਕਰਣ ਵਿੱਚ ਵਰਣਨ ਯੋਗ ਹੈ-
ਸੁਨ ਬੀਬੀ ! ਮੈਂ ਤੁਝੇ ਸੁਨਾਊ । ਪਤਿ ਕੀ ਮਹਿਮਾ ਕਹਿ ਤਕ ਗਾਊ?
ਪਤਿ ਸੇਵਕ ਕੀ ਸੇਵਾ ਸਫਲੀ । ਪਤਿ ਬਿਨ ਔਰ ਕਰੇ ਸਭ ਨਿਫਲੀ ।
ਗੁਰੁ ਜਨ ਕੀ ਇਜਤ ਬਹੁ ਕਰਨੀ । ਸਾਸ ਸੇਵ ਰਿਦ ਮਾਹਿ ਸੁ ਧਰਨੀ ।
ਸੁਨ ਪੁਤਰੀ ! ਪ੍ਰਾਨਨ ਤੇ ਪਿਆਰੀ । ਜਿਸ ਤੇ ਬੇਸ ਬਿਤੇ ਸੁਖ ਕਾਰੀ ।
ਕੁਲ ਕੀ ਬਾਤ ਚਿਤ ਮੇ ਧਰਨੀ । ਖੋਟੀ ਸੰਗਤ ਨਹੀਂ ਸੁ ਕਰਨੀ ।
ਪ੍ਰਾਤ ਉਠ ਕਰ ਮਜਨ ਕਰੀਯੋ । ਗੁਰਬਾਨੀ ਕੋ ਮੁਖ ਤੇ ਰਰੀਯੋ ।
ਪੁਨਾ ਔਰ ਵਿਵਹਾਰ ਜੁ ਹੋਈ । ਭਲੇ ਸੰਭਾਲਹੁ ਨੀਕੇ ਸੋਈ ।
(ਗੁਰਬਿਲਾਸ ਪਾਤਸ਼ਾਹੀ ੬, ਅਧਿ: ੧੧)
ਹਰੇਕ ਪਤਨੀ ਦੀ ਤੀਬਰ ਇੱਛਾ ਹੁੰਦੀ ਹੈ ਕਿ ਪਤੀ ਉਸ ਦੇ ਅਨੁਕੂਲ ਚਲੇ, ਉਸਦੇ ਵੱਸ ਵਿਚ ਵਰਤੇ ਤੇ ਵਫਾਦਾਰ ਹੋਵੇ । ਇਸ ਮੰਤਵ ਦੀ ਪੂਰਤੀ ਲਈ ਉਹ ਕਈ ਤਰ੍ਹਾਂ ਦੇ ਮੰਤਰ ਰਟਦੀ, ਜੰਤਰ ਤੰਤਰ ਤੇ ਟੂਣੇ ਕਰਦੀ ਅਤੇ ਪਖੰਡੀਆਂ ਤੇ ਅਯਾਸ਼ ਲੋਕਾਂ ਦੇ ਢਹੇ ਚੜ੍ਹ ਕੇ ਆਪਣਾ ਝੁਗਾ ਲੁਟਾਂਦੀ ਹੈ । ਗੁਰਮਤਿ ਵਿੱਚ ਅਜਿਹਾ ਫੋਕਟ ਤੇ ਖੋਟਾ ਵਿਹਾਰ ਵਿਵਰਜਤ ਹੈ। ਕੰਤ ਨੂੰ ਸਹੀ ਅਰਥਾਂ ਵਿਚ ਵੱਸ ਕਰਨ ਲਈ ਗੁਰਬਾਣੀ ਤਾਂ ਇਨ੍ਹਾਂ ਗੁਣਾਂ ਦੇ ਧਾਰਨੀ ਹੋਣ ਦੀ ਤਾਕੀਦ ਕਰਦੀ ਹੈ-
ਨਿਵਣੁ ਸੁ ਅਖਰੁ, ਖਵਣੁ ਗੁਣੁ, ਜਿਹਬਾ ਮਣੀਆ ਮੰਤੁ ॥
ਏ ਤ੍ਰੈ ਭੈਣੇ ਵੇਸ ਕਰਿ, ਤਾਂ ਵਸਿ ਆਵੀ ਕੰਤੁ ॥ (੧੨੭) (ਪੰਨਾ ੧੩੮੪)
ਭਾਵ- ਹੇ ਭੈਣ ਪਤੀ ਨੂੰ ਵੱਸ ਕਰਨ ਲਈ ਤੂੰ ਨਿਮਰਤਾ, ਖਿਮਾ ਤੇ ਜੀਭਾ ਦੀ ਮਿਠਾਸ ਦੇ ਗੁਣਾਂ ਦਾ ਲਿਬਾਸ ਧਾਰਨ ਕਰ ।
ਇਸੇ ਤਰ੍ਹਾਂ ਗੁਰਦੇਵ ਜਦ ਕੰਤ ਦਾ ਧਰਮ ਦੱਸਦੇ ਹਨ ਤਾਂ ਸਭ ਤੋਂ ਵੱਧ ਜ਼ੋਰ ਏਸ ਗੱਲ ਉੱਤੇ ਦਿੰਦੇ ਹਨ ਕਿ ਸੰਸਾਰ ਦੀ ਮਹਿਕਦੀ ਫੁਲਵਾੜੀ ਵਿਚੋਂ ਮਰਯਾਦਾ ਪੂਰਬਕ ਮਨੁੱਖ ਨੂੰ ਇਕ ਫੁੱਲ ਉੱਤੇ ਉਂਗਲ ਰੱਖਣ ਦੀ ਖੁਲ੍ਹ ਹੈ, ਪ੍ਰੰਤੂ ਨਾਲ ਹੀ, ਦੁਨੀ-ਸਹਾਵੇ-ਬਾਗ ਦੇ ਪ੍ਰਭੂ-ਮਾਲੀ ਦੀ ਕਰੜੀ ਸ਼ਰਤ ਹੈ ਕਿ ਇਸ ਗੁਲਜ਼ਾਰ ਵਿਚੋਂ ਮਨ-ਪਸੰਦ ਦਾ ਫੁੱਲ ਅਪਣਾਅ ਕੇ, ਜੇ ਦੂਜੇ ਵੱਲ ਭਾਕੇਗਾ ਤਾਂ ਮਹਿਰਮ ਤੋਂ ਮੁਜਰਮ ਗਰਦਾਨਿਆ ਜਾਵੇਂਗਾ, ਅਤੇ ਕੰਤ ਦੀ ਆਦਰ-ਯੋਗ ਪਦਵੀ ਖੁਹਾ ਬੈਠੇਂਗਾ ।
ਪੰਜਵੇਂ ਸਤਿਗੁਰੂ ਦਾ ਫੁਰਮਾਨ ਹੈ-
ਕਿਆ ਗਾਲਾਇਓ ਭੂਛ ਪਰ ਵੇਲਿ ਨ ਜੋਹੇ, ਕੰਤ ਤੂ ।।
ਨਾਨਕ ਫੁਲਾ ਸੰਦੀ ਵਾੜਿ ਖਿੜਿਆ ਹਭੁ ਸੰਸਾਰੁ ਜਿਉ ।। ੩ ।।(੪)
(ਮ.੫, ਵਾਰ ਮਾਰੂ, ਪੰਨਾ ੧੦੯੫)