(ਕ) ਭੰਗੜਾ ਨਾਚ :- ਬਰਾਤਾਂ ਸਮੇਂ ਭੰਗੜਾ, ਵੇਸਵਾ ਨਾਚ ਆਦਿ ਦਾ ਵਿਖਾਵਾ ਕਰਨਾ ਅਸੱਭਯ ਕਰਮ ਹੈ ਜੋ ਘੱਟੋ ਘੱਟ ਸਿੱਖਾਂ ਨੂੰ ਤਾਂ ਬਿਲਕੁਲ ਸ਼ੋਭਾ ਨਹੀਂ ਦੇਂਦਾ । ਅੱਜ ਕਲ੍ਹ ਮਰਦਾਂ ਦੀਆਂ ਬਾਹਵਾਂ ਵਿਚ ਬਾਹਵਾਂ ਪਾ ਕੇ ਇਸਤ੍ਰੀਆਂ ਨੂੰ ਵੀ ਸੜਕਾਂ ਤੇ ਨੱਚਦੇ ਟੱਪਦੇ ਵੇਖਿਆ ਜਾਂਦਾ ਹੈ ਜੋ ਸਾਡੇ ਕਹੇ ਜਾਂਦੇ ਸੱਭਯ ਸਮਾਜ ਦੇ ਮੂੰਹ ਤੇ ਭਰਵੀਂ ਚਪੇੜ ਹੈ ।
(੬) ਵਾਧੂ ਰਸਮਾਂ :- ਅਸੀਂ ਸਾਰੇ ਇੱਕ ਪਿਤਾ ਇੱਕ ਮਾਤਾ ਅਤੇ ਇੱਕ ਥਾਂ ਦੇ ਵਾਸੀ ਹਾਂ । ਸਾਡਾ ਸਾਰਿਆਂ ਦਾ ਸਾਂਝਾ ਪਰਵਾਰ ਹੈ । ਅੱਜ ਕਲ ਪਤਾ ਨਹੀਂ ਕਿਉਂ ਲੜਕੇ ੨੫-੫੦ ਲੜਕੀਆਂ ਵੇਖਣ ਉਪਰੰਤ 'ਸਵੰਬਰ' ਜਿਹਾ ਰਚਾ ਕੇ ਰਜ਼ਾਮੰਦੀ ਦਿੰਦੇ ਹਨ: ਜਰਾ ਸੋਚੋ ਜਿਨ੍ਹਾਂ ਨੂੰ ਮਿਲ ਕੇ, ਵੇਖ ਕੇ, ਖਾਤਰਾਂ ਕਰਵਾ ਕੇ ਨਾ-ਪਸੰਦ ਕਰਦੇ ਹੋ, ਉਹ ਸਾਡੀਆਂ ਧੀਆਂ ਭੈਣਾਂ ਵਿਚੋਂ ਹੀ ਹਨ । ਉਸਦੇ ਹਿਰਦੇ ਕੀ ਬੀਤਦੀ ਹੋਵੇਗੀ, ਅਜਿਹਾ ਕਰਨਾ ਆਪਣੀ ਨਿੱਖਿਧ ਸੋਚਣੀ ਨੂੰ ਪ੍ਰਗਟ ਕਰਨਾ ਹੈ । ਮਾਪੇ ਗੁਣ, ਸੁਭਾ ਆਦਿ ਵੇਖ ਕੇ ਗੱਲਬਾਤ ਕਰਨ । ਚੰਗਾ ਲੱਗੇ ਤਾਂ ਬੱਚਿਆਂ ਨੂੰ ਪੁੱਛ ਕੇ ਵਿਆਹ ਲਈ ਰਜ਼ਾਮੰਦੀ ਲੈ ਲਈ ਜਾਵੇ ਇਹ 'ਸੁਵੰਬਰ' ਜਿਹਾ ਰਚਾ ਲੈਣਾ ਨਿਵੇਕਲੇ ਸਿੱਖ ਸਭਿਆਚਾਰ ਤੇ ਕਲੰਕ ਮਾਤਰ ਹੈ। ਅਨੰਦ ਕਾਰਜ ਤੋਂ ਪਹਿਲਾਂ ਰੋਕਾ, ਠਾਕਾ ਕੁੜਮਾਈ ਆਦਿ ਰਸਮਾਂ ਬੇਲੋੜੀਆਂ ਤੇ ਗੁਰਮਤਿ ਵਿਰੁੱਧ ਹਨ। ਜੇ ਕੇਵਲ ਕੁੜਮਾਈ ਦੀ ਰਸਮ ਕਰਨੀ ਹੀ ਹੋਵੇ ਤਾਂ ਬੜੇ ਸਾਦੇ ਢੰਗ ਨਾਲ ਕਰਨੀ ਚਾਹੀਦੀ ਹੈ, ਜਿਸ ਵਿੱਚ ਕੁਝ ਲੈਣ ਦੇਣ ਦਾ ਬਹੁਤ ਵਿਖਾਲਾ ਨਾ ਹੋਵੇ। ਰਿਸ਼ਤਾ ਨਾਤਾ ਪੱਕਾ ਕਰਨ ਲਈ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਦੋਹਾਂ ਪਰਿਵਾਰਾਂ ਵੱਲੋਂ ਜੁੜ ਕੇ ਕੀਤੀ ਗਈ ਅਰਦਾਸ ਹੀ ਕਾਫੀ ਹੈ।
(੭) ਜੈ ਮਾਲਾ :- ‘ਜੈ ਮਾਲਾ' ਇਕ ਹੋਰ ਐਸੀ ਬੁਰਾਈ ਹੈ ਜੇ ਸਿੱਖ ਅਨੰਦ ਕਾਰਜਾਂ ਵਿਚ ਫੈਸ਼ਨ ਦੇ ਰੂਪ ਵਿਚ ਪ੍ਰਵੇਸ਼ ਕਰਦੀ ਜਾ ਰਹੀ ਹੈ । ਅਸਲ ਵਿੱਚ ਜੈ ਮਾਲਾ ਪੁਰਾਣੇ ਕਹੇ ਜਾਂਦੇ ਸੁਅੰਬਰ ਦੀ ਨਕਲ ਹੈ ਜੋ ਆਪਣੇ ਆਪ ਵਿੱਚ ਇੱਕ ਪੂਰਨ ਵਿਆਹ ਹੈ। ਜੈ ਮਾਲਾ ਦੀ ਰਸਮ ਕਰ ਲੈਣ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿਚ ਅਨੰਦ ਕਾਰਜ ਕੇਵਲ ਲੋਕ ਦਿਖਾਵਾ ਬਣ ਕੇ ਰਹਿ ਜਾਂਦਾ ਹੈ । ਗੁਰਸਿੱਖਾਂ ਨੂੰ ਜੈ ਮਾਲਾ ਦੀ ਬੁਰਾਈ ਤੋਂ ਬਚਾਉਣ ਲਈ ਜੱਥੇਬੰਦਕ ਤੌਰ ਤੇ ਉੱਦਮ ਕਰਕੇ ਰੋਕ ਲਾਉਣੀ ਚਾਹੀਦੀ ਹੈ ।
(੮) ਸਗਨ-ਅਪਸਗਨ ਰੀਤਾਂ-ਉਪਰੀਤਾਂ :- ਅਨੰਦ ਕਾਰਜ ਹੋਵੇ ਜਾਂ ਕੋਈ ਹੋਰ ਕਾਰਜ, ਗੁਰਸਿੱਖ ਨੇ ਅਰੰਭ ਅਰਦਾਸ ਦੇ ਆਸਰੇ ਹੀ ਕਰਨਾ ਹੈ ਅਤੇ ਅਕਾਲ ਪੁਰਖ ਦੀ ਰਜ਼ਾ ਵਿੱਚ ਹੀ ਉਸ ਰਸਤੇ ਵਿਚ ਆਉਣ ਵਾਲੇ ਵਾਧੇ ਘਾਟੇ ਨੂੰ ਸਵੀਕਾਰਨਾ ਹੈ । ਫੁਰਮਾਨ ਹੈ:-
ਜਾਲਉ ਐਸੀ ਰੀਤਿ, ਜਿਤੁ ਮੈ ਪਿਆਰਾ ਵੀਸਰੈ ॥
ਨਾਨਕ, ਸਾਈ ਭਲੀ ਪਰੀਤਿ, ਜਿਤੁ ਸਾਹਿਬ ਸੇਤੀ ਪਤਿ ਰਹੈ ॥੨॥ (ਵਡਹੰਸ ਕੀ ਵਾਰ, ਮ.੧, ਪੰਨਾ ੫੯੦)
ਸਗੁਨ ਅਪਸਗੁਨ ਤਿਸ ਕਉ ਲਗਹਿ ਜਿਸੁ ਚੀਤਿ ਨ ਆਵੈ ॥ (ਆਸਾ ਮ. ੫, ਪੰਨਾ ੪੦੧)