ਸਚਾਈ ਤਾਂ ਇਹ ਹੈ ਇਹਨਾਂ ਸਗਨਾਂ ਆਦਿ ਨੂੰ ਕਰਨ ਪਿੱਛੇ ਭਾਵਨਾ ਹੀ ਇਹੀ ਹੁੰਦੀ ਹੈ ਕਿ ਉਹਨਾਂ ਦੇ ਸਗਨਾਂ ਦੇ ਵਿੱਚ ਹੀ ਉਹਨਾਂ ਦੇ ਕਾਰਜ ਦੀ ਸਫਲਤਾ ਅਤੇ ਖੁਸ਼ੀ ਛਿਪੀ ਪਈ ਹੈ ਅਤੇ ਜੇ ਫਲਾਣਾ ਸਗਨ ਜਾਂ ਫਲਾਣੀ ਰੀਤਿ ਛੁੱਟ ਗਈ ਤਾਂ ਪਤਾ ਨਹੀਂ ਕੀ ਮੁਸੀਬਤ ਆ ਜਾਵੇਗੀ । ਫਿਰ ਜੇ ਅਜਿਹੇ ਮੌਕੇ ਤੇ ਉਹਨਾਂ ਦੇ ਹਿਸਾਬ ਨਾਲ ਕੋਈ ਬਦਸਗਨੀ ਹੋ ਗਈ ਤਾਂ ਪਤਾ ਨਹੀਂ ਅੱਗੋਂ ਕੀ ਬਣੇਗਾ। ਅਸਲ ਵਿੱਚ ਜਿਹੜੇ ਲੋਕ ਅਰਦਾਸਾ ਸੋਧਣ ਤੋਂ ਬਾਅਦ ਵੀ ਸਗਨ-ਅਪਸਗਨ ਆਦਿ ਦੇ ਚਿੱਕੜ ਵਿੱਚ ਫਸੇ ਹੁੰਦੇ ਹਨ, ਉਹਨਾਂ ਰਾਹੀਂ ਅਰਦਾਸ ਵੀ ਮੂਲ ਰੂਪ ਵਿੱਚ ਕੇਵਲ ਖਾਨਾ-ਪੂਰੀ ਹੀ ਹੁੰਦੀ ਹੈ । ਵਿਸ਼ਵਾਸ਼ ਅਕਾਲ ਪੁਰਖ ਦੀ ਕਰਨੀ ਤੇ ਨਹੀਂ ਬਲਕਿ ਆਪਣੇ ਯਤਨਾਂ ਤੇ ਹੁੰਦਾ ਹੈ ਅਤੇ ਪ੍ਰਭੂ ਨੂੰ ਭੁੱਲੇ ਹੁੰਦੇ ਹਨ ।
ਪਿਤਰ ਪੂਜਣੇ, ਕੱਚੀ ਲੱਸੀ ਵਿੱਚ ਪੈਰ ਪਾਉਣਾ, ਖਾਰੇ ਬੈਠਣਾ, ਜੰਡੀ ਵੱਡਣੀ, ਮਹਿੰਦੀ ਦੀ ਰਾਤ, ਘੜੋਲੀ ਭਰਨੀ, ਘੋੜੀ ਚੜ੍ਹਨਾ, ਸੇਹਰੇ ਬੰਨ੍ਹਣੇ, ਮਾਈਏਂ ਪੈਣਾ, ਰੁਸਨਾ ਆਦਿ ਸ਼ਗਨਾਂ ਵਹਿਮਾਂ ਦੇ ਹੀ ਰੂਪ ਹਨ ਅਤੇ ਵਹਿਮੀ ਲੋਕਾਂ ਵਿੱਚ ਜਾਂ ਬ੍ਰਾਹਮਣੀ ਪ੍ਰਭਾਵ ਵਿੱਚ ਫਸੇ ਲੋਕਾਂ ਵਿੱਚ ਅਜਿਹੇ ਹੋਰ ਅਨੇਕਾਂ ਸ਼ਗਨ ਵਹਿਮ ਦੇਖੇ ਜਾ ਸਕਦੇ ਹਨ । ਸੇਹਰਾ ਮੁਕਟ ਅਤੇ ਘੋੜੀ ਤੋਂ ਉਤਰਨ ਚੜ੍ਹਨ ਸਬੰਧੀ ਤਾਂ ਅਨੇਕਾਂ ਵਹਿਮ ਭਰਮ ਬੜੇ ਸਪਸ਼ਟ ਰੂਪ ਵਿੱਚ ਦੇਖੇ ਜਾ ਸਕਦੇ ਹਨ ।
ਅਰਦਾਸ ਦੇ ਓਟ-ਆਸਰੇ ਅਰੰਭ ਕੀਤੇ ਕਿਸੇ ਵੀ ਕਾਰਜ ਦੇ ਦੌਰਾਨ ਇਹਨਾਂ ਵਹਿਮਾਂ-ਭਰਮਾਂ, ਸ਼ਗਨਾਂ ਅਪਸ਼ਗਨਾਂ ਅਤੇ ਰੀਤਾਂ ਆਦਿ ਨੂੰ ਕੋਈ ਥਾਂ ਨਹੀਂ ਅਤੇ ਇਹਨਾਂ ਚੱਕਰਾਂ ਤੋਂ ਪੂਰੀ ਤਰ੍ਹਾਂ ਸੁਚੇਤ ਰਹਿਣਾ ਹੈ । ਬਹੁਤੇ ਝਗੜੇ-ਝੇੜੇ ਵਿਆਹ ਦੀਆਂ ਅਸਫਲਤਾਵਾਂ ਅਤੇ ਤਲਾਕ ਦੇ ਰੱਟੇ ਇਹਨਾਂ ਜਨਮ-ਪੱਤਰੀਆਂ, ਟੇਵਿਆਂ, ਮਹੂਰਤਾਂ, ਸ਼ਗਨਾਂ ਅਤੇ ਰੀਤਾਂ ਦੇ ਆਸਰੇ ਚੱਲਣ ਵਾਲਿਆਂ ਦੇ ਪਰਿਵਾਰਾਂ ਦੇ ਘਰਾਂ ਵਿੱਚ ਹੀ ਮਿਲਦੇ ਹਨ। ਦੂਜੇ ਪਾਸੇ ਭਾਣੇ ਵਿੱਚ ਚੱਲਣ ਵਾਲੇ ਗੁਰਸਿੱਖਾਂ ਦੇ ਪਰਵਾਰਕ ਜੀਵਨ ਵਧੇਰੇ ਪ੍ਰਫੁੱਲਤ ਅਤੇ ਸੁਲਝੇ ਹੋਏ ਹੁੰਦੇ ਹਨ ।
(੯) ਦਾਜ-ਵਰੀ ਦਾ ਵਿਖਾਲਾ :- ਵਿਆਹ ਸ਼ਾਦੀਆਂ ਦੇ ਸਮੇਂ ਲੋਕੀ ਕਈ ਤਰ੍ਹਾਂ ਦੇ ਵਿਖਾਵੇ ਤੇ ਅਡੰਬਰ ਕਰਦੇ ਹਨ। ਗੁਰੂ ਸਾਹਿਬ ਨੇ ਇਨ੍ਹਾਂ ਦਾ ਖੰਡਨ ਕੀਤਾ ਹੈ । ਬਾਣੀ ਵਿੱਚ ਲਿਖਿਆ ਹੈ-
ਹੋਰਿ ਮਨਮੁਖ ਦਾਜੁ ਜਿ ਰਖਿ ਦਿਖਾਲਹਿ
ਸੁ ਕੂੜੁ ਅਹੰਕਾਰੁ ਕਚੁ ਪਾਜੋ ।। (ਸ੍ਰੀ ਰਾਗ,ਮ: ੪, ਪੰਨਾ ੭੯)
‘ਪਰੇਮ ਸੁਮਾਰਗ ' ਵਿਚ ਬਚਨ ਹੈ- ਜੋ ਕੁਛ ਸਰੰਜਾਮ ਸੰਯੋਗ ਕਾ ਕਰੇ, ਸੋ ਯਥਾ ਸ਼ਕਤਿ ਕਰੋ । ਸੰਸਾਰੀ ਅਹੰਕਾਰੀ ਦੀ ਰੀਸ ਨਾ ਕਰੇ । ਇਹੀ ਜੁਗਤਿ ਬੇਟੇ ਵਾਲਾ ਕਰੇ ।