ਧਨੁ ਜੋਬਨੁ ਅਰੁ ਫੁਲੜਾ ਨਾਠੀਅੜੇ ਦਿਨ ਚਾਰਿ ॥
(ਸਿਰੀ ਰਾਗੁ,ਮ.੧ ਘਰੁਕ ਪੰਨਾ ੨੩)
(ਭਾਵ- ਧਨੁ, ਜੋਬਨ (ਰੂਪ) ਮਾਨੋ, ਫੁੱਲਾਂ ਸਮਾਨ ਹਨ, ਜੋ ਚਾਰ ਦਿਨ ਖਿੜ ਕੇ ਮੁਰਝਾ ਜਾਂਦੇ ਹਨ ।)
ਅਜਿਹੀ ਛਿਨ-ਭੰਗਰ ਵਸਤੂ ਰੂਪ ਨੂੰ ਦੁਰਲਭ ਦੇਹ ਅਥਵਾ ਜਿੰਦਗੀ ਦੇ ਸੌਦਿਆਂ ਦਾ ਆਧਾਰ ਬਣਾਉਣਾ, ਸਿਆਣਪ ਨਹੀਂ।
ਇਸੇ ਲਈ ਸਤਿਗੁਰਾਂ ਨੇ ਪਿਆਰ ਦੀ ਗੰਢ ਮਨਾਂ ਤੋਂ ਵੀ ਅੱਗੇ ਜੋਤਾਂ ਵਿੱਚ ਪਾਉਣ ਦੀ ਤਾਕੀਦ ਕੀਤੀ ਤੇ ਜੁਗਤੀ ਦ੍ਰਿੜਾਈ ਹੈ । ਅਨੰਦ-ਵਿਵਾਹ, ਦੋ ਵਿਅਕਤੀਆਂ ਅਥਵਾ ਦੋ ਜੋਤਾਂ ਦਾ ਇੱਕ ਜੋਤ ਹੋਣਾ ਹੈ । ਪਰ ਰੂਹਾਂ ਵਿੱਚ ਫਸੀ ਪ੍ਰੀਤ, ਨ ਰੂਪ ਗਿਆਂ ਟੁੱਟਦੀ ਹੈ, ਨ ਮਨਾਂ ਦੇ ਚੜ੍ਹ ਜਾਣ ਨਾਲ । ਇਸ ਆਦਰਸ਼ ਨੂੰ ਸਤਿਗੁਰਾਂ ਨੇ ਇਵੇਂ ਉਲੀਕਿਆ ਹੈ –
ਧਨ ਪਿਰੁ ਏਹਿ ਨ ਆਖੀਅਨਿ, ਬਹਨਿ ਇਕਠੇ ਹੋਇ ।।
ਏਕ ਜੋਤਿ ਦੁਇ ਮੂਰਤੀ, ਧਨ ਪਿਰੁ ਕਹੀਐ ਸੋਇ ॥੩॥
(ਮ.੩, ਵਾਰ ਸੂਹੀ, ਪੰਨਾ ੭੮੮)
ਵਾਸਤਵ ਵਿੱਚ ਸਿੱਖੀ ਦੇ ਦ੍ਰਿਸ਼ਟੀਕੋਣ ਤੋਂ ਪੁਰਸ਼ ਅਤੇ ਇਸਤ੍ਰੀ ਦਾ ਵਿਆਹ ਦੇ ਰੂਪ ਵਿੱਚ ਇਹ ਮੇਲ ਗ੍ਰਿਹਸਥੀ ਜੀਵਨ ਦੀ ਪ੍ਰਯੋਗਸ਼ਾਲਾ ਵਿੱਚ ਇੱਕ ਨਿੱਕਾ ਜਿਹਾ ਤਜਰਬਾ ਹੈ : ਦੋ ਜੋਤਾਂ ਤੋਂ ਇੱਕ ਜੋਤਿ ਹੋਣ ਦਾ । ਦੰਪਤੀ ਦਾ ਅਸਲ ਪ੍ਰਯੋਜਨ ਤੇ ਟੀਚਾ ਤਾਂ ਇਸ ਤਜਰਬੇ ਤੋਂ ਬਲ ਲੈ ਕੇ ਵਾਹਿਗੁਰੂ ਅਕਾਲ ਪੁਰਖ ਨਾਲ ਇਕ ਜੋਤ ਜਾਂ ਇਕਸੁਰ ਹੋਣਾ ਹੈ ਪਰਮ ਜੋਤਿ ਵਿੱਚ ਆਪਣੀ ਜੋਤਿ, ਜਾਂ ਇਉਂ ਆਖੇ, ਪਰਮ ਆਤਮਾਂ ਵਿੱਚ ਆਪਣੀ ਆਤਮਾਂ ਰਲਾ ਕੇ ਸੰਪੂਰਨ ਥੀਵਣਾ ਹੈ ।
ਗੁਰਮਤਿ ਵਿੱਚ ਇਸਤ੍ਰੀ ਜਾਤੀ ਨੂੰ ਨਾ ਕੇਵਲ ਮਹਾਨ, ਸਮਾਨ ਤੇ ਆਦਰ-ਯੋਗ ਹੀ ਮੰਨਿਆ ਗਿਆ ਹੈ, ਸਗੋਂ ਦੰਪਤੀ ਨੂੰ ਪ੍ਰਵਿਰਤੀ ਮਾਰਗ ਦੇ ਧਾਰਨੀ ਹੋ ਕੇ, ਸੱਚੇ ਸੁੱਚੇ ਗ੍ਰਿਹੀ (ਗ੍ਰਿਹਸਥੀ) ਹੋਣ ਦੀ ਸਖਤ ਤਾਕੀਦ ਵੀ ਕੀਤੀ ਗਈ ਹੈ । ਸੰਸਾਰ ਤੇ ਪਰਵਾਰ ਨੂੰ ਤਿਆਗਣ ਦੇ ਮਾਰਗ (ਨਿਵਿਰਤੀ ਮਾਰਗ) ਜੀਵਨ ਦੇ ਸੰਘਰਸ਼ ਤੋਂ ਭਗੌੜੇ ਹੋਣ ਤੁਲ ਹੈ। ਵਿਹਲੜਾਂ ਦਾ, ਕਿਰਤੀਆਂ ਤੇ ਕਾਮਿਆਂ ਉੱਤੇ ਵਾਧੂ ਬੋਝ ਪਾਉਣਾ ਕਿਥੋਂ ਦੀ ਭਗਤੀ, ਪਾਰਸਾਈ ਜਾਂ ਸੰਤਤਾਈ ਹੈ ।
ਹਾਂ, ਸਤਿਗੁਰਾਂ ਵੱਲੋਂ ਦਰਸਾਇਆ ਤੇ ਉਪਮਾਇਆ ਪਰਵਿਰਤੀ ਮਾਰਗ ਇਹ ਆਗਿਆ ਨਹੀਂ ਦਿੰਦਾ ਕਿ ਮਨੁੱਖ-ਜੀਵਨ ਨਿਰਬਾਹ ਲਈ ਹਰ ਤਰ੍ਹਾਂ ਦੇ ਪਰਪੰਚ ਕਰ ਕੇ ਪਰਾਇਆ ਧਨ ਘਰ ਲਿਆਵੇ, ਵਧੀ ਹਵਸ਼ ਤੇ ਹਉਮੈ-ਵੱਸ ਹੋਇਆ ਹਰ ਨੀਵਾਂ ਤੇ ਅਨੁਚਿਤ ਕੰਮ ਕਰੇ, ਰੋਟੀ ਦੇ ਟੁਕੜੇ ਲਈ ਹਰ ਕਮੀਨੇ ਦੁਆਲੇ ਘੁੰਮੇ ਅਤੇ ਮੱਖੀ ਵਾਂਗ ਵਿਕਾਰਾਂ ਵਿੱਚ