ਹਾਂ । ਤੁਸੀਂ ਮੇਰੀ ਮਜਬੂਰੀ ਸਮਝਦੇ ਈ ਹੋਵੇਗੋ । ਅਸੀਂ ਕੋਸ਼ਿਸ਼ ਕਰਾਂਗੇ ਕਿ ਵਿਆਰ ਵਿਚ ਜ਼ਰੂਰ ਸ਼ਾਮਲ ਹੋਇਆ ਜਾਵੇ । ਸਾਡੇ ਆਪਣੇ ਪੁੱਤ ਦਾ ਵਿਆਹ ਏ । ਅਸੀਂ ਵਧ ਚੜ੍ਹ ਕੇ ਹਿੱਸਾ ਲਵਾਂਗੇ ।" ਇਹ ਰੁੱਕਾ ਵੀ ਕਪੜਿਆਂ ਵਿਚ ਲਪੇਟਿਆ ਸਿੰਘਾਂ ਜਾ ਪੇਸ਼ ਕੀਤਾ ਪਰਮਾ ਨੰਦ ਨੂੰ ।
ਪਾਲਕੀ ਕੁਹਾਰਾਂ ਨੇ ਚੁਕ ਲਈ। ਛਣ ਛਣ ਕਰ ਰਹੀ ਸੀ ਪਾਲਕੀ । ਤੇਲ ਚੋਇਆ ਸਰਦਾਰਨੀ ਨੇ ਸ਼ਗਨ ਦਿਤੇ ਗੁਆਂਢੀਆ ਨੇ । ਸਹੇਲੀਆਂ ਤੇ ਭਾਬੀਆਂ ਨੇ ਡੋਲੀ ਤੋਰ ਕੇ ਕੱਚੇ ਦੁੱਧ ਦੇ ਕਟੋਰੇ ਪੀਤੇ । ਪਾਲਕੀ ਆਦਰ, ਇੱਜ਼ਤ ਤੇ ਸਤਿਕਾਰ ਨਾਲ ਅਨੰਦਪੁਰ ਦੀ ਜੂਹ ਵਿਚੋਂ ਲੰਘੀ ।
ਕਹਿਲੂਰ ਵਿਚ ਜਸ਼ਨ ਮਨਾਇਆ ਜਾ ਰਿਹਾ ਸੀ । ਬਾਦੀ ਦੇ ਪ੍ਰਾਹੁਣੇ ਆਏ ਹੋਏ ਸਨ। ਗਹਿਮਾ ਗਹਿਮੀ ਸੀ । ਭੀਮ ਚੰਦ ਨੇ ਸ਼ਿੰਗਾਰੀ ਪਾਲਕੀ ਵੇਖ ਕੇ ਆਖਿਆ "ਆਖਰ ਅਨੂਪ ਕਰ ਆ ਈ ਗਈ ਨਾ । ਸਾਡੀ ਪਾਲਕੀ ਖਾਲੀ ਮੁੜ ਆਏ, ਇੱਟ ਨਾਲ ਇੱਟ ਨਾ ਵਜਾ ਦੋਵਾਂ ! ਸਾਡੇ ਰਹਿਮ ਕਰਮ ਤੇ ਹੀ ਵਸਦਾ ਏ ਗੁਰੂ ਸਿੰਘਾਂ ਦਾ । ਰਹਿਣਾ ਤਲਾ ਵਿਚ ਤੇ ਵੈਰ ਮਗਰ ਮੱਛ ਨਾਲ । ਕਦੀ ਨਹੀਂ ਹੋ ਸਕਦਾ ।"
ਪਾਲਕੀ ਨੂੰ ਰੋਕਿਆ ਗਿਆ। ਪੰਡਤਾਂ ਨੇ ਆਰਤੀ ਉਤਾਰੀ । ਸ਼ਗਨ ਮਨਾਇਆ ਗੋਲੀਆਂ ਨੇ । ਪਰ ਰਾਜਾ ਭੀਮ ਚੰਦ ਚਾਹੁੰਦਾ ਸੀ ਕਿ ਇਕ ਵਾਰ ਤਾਂ ਵੇਖ ਲਵਾਂ ਅਨੂਪ ਕੌਰ ਨੂੰ ਨੂੰਹ ਬਨਣ ਤੋਂ ਪਹਿਲਾਂ ।
ਪਰਦਾ ਚੁਕਿਆ ਇਕ ਜਵਾਨ ਨੇ । ਕਲੀਰੇ ਛਣਕੇ, ਫੁਲਕਾਰੀ ਇਕ ਪਾਸੇ ਹੋਈ ਤੇ ਇਕ ਨੌਜਵਾਨ ਸਿੰਘ ਕੁੱਦ ਕੇ ਬਾਹਰ ਆ ਗਿਆ।
ਜ਼ਰਾ ਕੁ ਜਵਾਨ ਪਿਛੋ ਹਟਿਆ । ਪਹਾੜੀਆ ਮੁੱਛਾਂ ਨੂੰ ਵੱਟ ਦੇ ਰਿਹਾ ਸੀ।
"ਠਹਿਰ ਜਾ ਦਿਉਰਾ ਮੂੰਹ ਵਿਖਾਈ ਤੇ ਲੈ ਜਾ ।" ਤਲਵਾਰ ਦਾ ਇਕ ਹੱਥ ਮਾਰਿਆ ਸਿੰਘ ਨੇ ਤੇ ਰੱਖ ਦਿੱਤੀ ਧੌਣ ਲਾਹ ਕੇ ਗੱਭਰੂ ਪਹਾੜੀਏ ਦੀ ।"
ਸਿੰਘ ਨੇ ਜੈਕਾਰਾ ਗਜਾਇਆ "ਬੋਲੇ ਸੋ ਨਿਹਾਲ ।" ਮੈਂ ਕੱਲਾ ਗੁਰੂ ਦਾ ਸਿੰਘ ਤੁਹਾਡੇ ਸਾਹਮਣੇ ਹਾਂ । ਆਓ ਜਿਹਨੇ ਆਪਣੀ ਮਾਂ ਦਾ ਦੁੱਧ ਪੀਤਾ ਹੋਵੇ ਤੇ ਜਿਨੂੰ ਮਾਣ ਹੋਵੇ ਆਪਣੇ ਡੋਲਿਆਂ ਤੇ, ਮੇਰਾ ਰਸਤਾ ਰੋਕੋ । ਸਾਰੇ ਪਿਛੇ ਨੱਸ ਗਏ। 'ਸਤਿ ਸ੍ਰੀ ਅਕਾਲ' ਆਖਦਾ ਸਿੰਘ ਵਾਪਸ ਚਾਲੇ ਪਾ ਗਿਆ ਅਨੰਦਪੁਰ ਨੂੰ ਖਾਲੀ ਪਾਲਕੀ ਤਾਂ ਛਾਂ ਕਰ ਰਹੀ ਸੀ ।