

੬
ਤਿੱਕੜੀ
ਗੱਲ ਵਿਚੋਂ ਗੱਡ ਨਿਕਲੀ ਤੇ ਗੱਲ ਦਾ ਗਲਿਆਣ ਬਣ ਗਿਆ । ਆਖਣ ਨੂੰ ਤੇ ਖੰਡ ਸੀ ਪਰ ਖੰਭਾਂ ਦੀਆਂ ਡਾਰਾਂ ਤੁਰ ਪਈਆਂ । ਗਲੀ ਮਹੱਲਿਆਂ ਵਿਚ ਤਖਤ ਪੋਸ਼ ਤੇ ਜੁੜੀਆਂ ਮਜਲਸਾਂ ਵਿਚ, ਦਾਇਰਿਆਂ ਦੇ ਧੂੰਏ ਦੁਆਲੇ ਸ਼ਾਮੀਂ ਜੁੜੇ ਲੋਕਾਂ ਦੇ ਪਿੜ ਵਿਚ । ਗਲੀ ਗਲੀ ਗੱਲ ਤੁਰੀ ਤੇ ਉਹ ਹਵੇਲੀਆਂ ਦੀ ਰਕਾਨਣਾਂ ਦੇ ਕੰਨੀਂ ਚੜ੍ਹ ਗਈ। ਚਰਖੇ ਦੇ ਤ੍ਰਿੰਵਣ ਵਿਚ ਤੇ ਕਚੀਆਂ ਦੰਦੀਆਂ ਵਾਲੇ ਮੁੰਡਿਆਂ ਨੇ ਕੰਨ ਡਾਹ ਕੇ ਕੰਨ-ਰਸ ਲਿਆ। ਗੱਲ ਪਹਿਲਾਂ ਹਰਮ ਵਿਚੋਂ ਨਿਕਲੀ ਤੇ ਫੇਰ ਮੂੰਹ ਜੋੜ ਜੋੜ ਜ਼ਨਾਨੀਆਂ ਗੱਲੀ ਜੁਟ ਗਈਆਂ। ਵਿਚੋਂ ਗੱਲ ਕੁਝ ਨਹੀਂ ਸੀ ਪਰ ਗੱਲਾਂ ਗੱਲਾਂ 'ਚੋਂ ਪਹਾੜ ਬਣ ਗਈ। ਅਨੂਪ ਕੌਰ ਨੂੰ ਸਿਆਲਾਂ ਦੀ ਨੱਢੀ ਜੱਟੀ ਹੀਰ ਤੇ ਕਿਸੇ ਸੋਹਣੀ ਤੇ ਕਿਸੇ ਨੇ ਸਾਹਿਬਾਂ ਆਖ ਕੇ ਮਨ ਪ੍ਰਚਾਵੇ ਦਾ ਸਾਧਨ ਬਣਾ ਲਿਆ। ਪੰਜ ਫੂਲਾਂ ਰਾਣੀ ਆਖ ਕੇ ਕਿਸੇ ਨੇ ਦਿਲ ਠੰਢਾ ਕੀਤਾ । ਆਪੇ ਈ ਕਹਾਣੀਆਂ ਜੋੜਨ ਲੱਗ ਪਏ ਪਿੰਡ ਦੇ ਸ਼ੌਕੀਨ ਮੁੰਡੇ । ਰਾਤ ਦੀ ਨੀਂਦ ਹਰਾਮ ਹੋਈ ਹਰਮਾਂ ਦੀ ਖੁਸ਼ਬੂ ਸੁੰਘਣ ਵਾਲਿਆਂ ਦੀ । ਦਿਨ ਦੇ ਚੇਨ ਨੂੰ ਅੱਗ ਲੱਗ ਗਈ ।
ਸੁਰਮੇ ਦੀਆਂ ਸਲਾਈਆਂ ਸਾਰਿਆਂ ਈ ਪਾਈਆਂ ਪਰ ਬਹਾਦਰ ਉਹਨੂੰ ਜਾਣੀਏ ਜਿਹੜਾ ਜੁਰਮਾ ਮਟਕਾ ਲਏ । ਤੇਲ ਲਾ ਲਾ ਕੇ ਸਾਰੇ ਗੱਭਰੂਆਂ ਨੇ ਪੱਟ ਲਿਸ਼ਕਾਏ। ਦੰਦ-ਕਥਾ ਬਣ ਗਈ ਅਨੂਪ ਕੌਰ ਦੀ ਜਵਾਨੀ । ਬਹਾਰਾਂ ਦੇ ਮਹਿਕਦੇ ਫੁੱਲਾਂ ਤੇ ਬੁਲਬਲਾਂ ਗੀਤ ਛੋਹੇ । ਮਨ- ਚਲਿਆਂ ਆਖਿਆ, ਬੁਲਬੁਲੇ-ਪੰਜਾਬ ਅਨੂਪ ਕੌਰ ਤਾਂ ਹੁਸਨ ਦੀ ਮਲਿਕਾ ਏ । ਲਾਚਿਆਂ, ਮਹਿੰਦੀ ਰੰਗੀ ਦਾੜ੍ਹੀ ਤੇ ਤਿਰਚਾਵਲੀਆਂ ਲਰ੍ਹਾਂ, ਸਾਰੇ ਈ ਪਰ ਲਾ ਕੇ ਉਡਣਾ ਚਾਹੁੰਦੇ ਸਨ ਅਨੰਦਪੁਰ ਨੂੰ 1
ਸ਼ੇਰ ਮੁਹੰਮਦ ਖ਼ਾਂ ਦਾ ਪੁਤ ਜਵਾਨ ਸੀ । ਏਸੇ ਈ ਮਲੋਰਕੋਟਲੇ ਦਾ ਨਵਾਬ ਬਣਨਾ ਸੀ । ਭਾਵੇਂ ਰਾਏ ਚਾਚੇ ਸਨ ਪਰ ਸ਼ੇਖ ਮੁਹੰਮਦ ਖ਼ਾਂ ਨੇ ਉਹਨੂੰ ਵਲੀਅਹਿਦ ਬਣਾ ਦਿੱਤਾ ਸੀ । ਏਸੇ ਲਈ ਹੀ ਇਹ ਮਨਜ਼ੂਰੇ-ਨਜ਼ਰ ਸੀ ਸਾਰੇ ਮਲੇਰਕੋਟਲੇ ਦਾ । ਅਨੂਪ ਕੌਰ ਦੀ ਉਡਦੀ ਉਡਦੀ ਸ਼ੁਹਰਤ ਉਸ ਵੀ ਸੁਣੀ ਸੀ । ਸੁਪਨਿਆਂ ਦੇ ਪੰਘੂੜਿਆਂ ਵਿਚ ਉਸ ਵੀ ਕਈ ਰਾਰਾਂ ਕੱਟੀਆਂ ਸਨ।