Back ArrowLogo
Info
Profile

ਕਿ ਕੀ ਚਾਹੁੰਦੀ ਹੈ ਸ਼੍ਰੀ ਅਨੂਪਾਂ ? ਕਿਸੇ ਨੂੰ ਨਹੀਂ ਸੀ ਪਤਾ । ਸੂਰਜ ਦੀ ਟਿੱਕੀ ਪੁੰਗਰਦਿਆਂ ਈ ਉਹ ਬਾਰਾਂਦਰੀ ਦੀ ਮਮਣੀ ਤੇ ਚੜ੍ਹ ਕੇ ਬੈਠ ਜਾਂਦੀ । ਮਾਰਚ ਕਰਦੀਆਂ ਸਿੱਖ ਫੌਜਾਂ ਨੂੰ ਵੇਖਦੀ ਤੇ ਕਦੀ ਨੀਲੇ ਘੋੜੇ ਦੇ ਸਵਾਰ ਵਲ ਵੇਖ ਕੇ ਬਲਿਹਾਰੇ ਬਲਿਹਾਰੇ ਜਾਂਦੀ । ਬਾਜਾਂ ਵਾਲੇ ਦੇ ਮੁਖੜੇ ਤੇ ਰਹਿਮਤਾਂ ਬਰਸਦੀਆਂ ਵੇਖ ਕੇ ਕਈ ਸ਼ੀਸ਼ ਮਹਿਲ ਬਣਾਉਂਦੀ ਤੇ ਕਈ ਬਾਰਾਂਦਰੀਆਂ ਉਹਦੀਆਂ ਅੱਖਾਂ ਸਾਹਮਣੇ ਬਣਦੀਆਂ ਤੋਂ ਵਿਗੜਦੀਆਂ ।

ਅਨੂਪ ਕੌਰ ਦਾ ਦਿਲ ਉਹਦੇ ਆਪਣੇ ਕਾਬੂ ਵਿਚੋਂ ਵੀ ਨਿਕਲ ਚੁਕਾ ਸੀ । ਉਹ ਹੁਣ ਖ਼ੁਆਬ ਵੇਖ ਰਹੀ ਸੀ ਮੋਤੀ ਮਹਿਲ ਤੇ ਸ਼ੀਸ਼ ਮਹਿਲਾਂ ਦੇ । ਉਹ ਆਪਣੀ ਪਾਲਕੀ ਨੂੰ ਹੀਰਿਆਂ ਤੇ ਮੋਰੀਆਂ ਨਾਲ ਜੜਿਆਂ ਵੇਖਣਾ ਚਾਹੁੰਦੀ ਸੀ । ਉਹਦੇ ਪੈਰਾਂ ਦੀ ਧੂੜ ਸਾਰੀ ਕੌਮ ਚੁਕ ਚੁਕ ਕੇ ਮੱਥੇ ਨਾਲ ਲਾਵੇ । ਰਾਤ ਦੀ ਨੀਂਦ ਉੱਡੀ ਤੇ ਦਿਨ ਦਾ ਆਰਾਮ ਗਿਆ।

ਹਵੇਲੀ ਦੀਆਂ ਕੰਧਾਂ ਹਿਲੀਆਂ ਹੀ ਜਵਾਨ ਵੇਖ ਕੇ, ਪਰ ਬੂਹੇ ਆਏ ਵੀਹ ਸਾਕ ਉਨ੍ਹਾਂ ਸਾਊ ਬੰਦਿਆਂ ਦੇ ਵੀ ਮੋੜ ਦਿਤੇ ਪਰ ਲਾਡਲੀ ਧੀ ਦਾ ਦਿਲ ਨਾ ਦੁਖਾਇਆ ਮਾਪਿਆਂ ਨੇ । ਧੀ ਵੀ ਪ੍ਰਾਹੁਣੀ ਸੀ। ਇਸ ਲਈ ਬੜੇ ਫ਼ਿਕਰ-ਮੰਦ ਸਨ । ਨੀਂਦ ਕਿਥੋਂ ਆਉਂਦੀ ਏ ਮਾਪਿਆਂ ਨੂੰ ਜਿਨ੍ਹਾਂ ਦੇ ਘਰ ਧੀਆਂ ਜਵਾਨ ਹੋਣ ।

ਇਸ਼ਕ ਤੇ ਮੁਸ਼ਕ ਛੁਪਾਇਆਂ ਨਹੀਂ ਛੁਪਦੇ । ਸਿਆਣਿਆਂ ਸੱਚ ਆਖਿਆ ਏ, "ਅੱਖਾਂ ਦੀ ਦੱਸ ਦੇਂਦੀਆਂ ਹਨ ਦਿਲ ਦੀ ਕਹਾਣੀ ।"

ਉਹਦੇ ਅੰਗ ਅੰਗ ਨੱਚਣ ਲੱਗ ਪਏ । ਅੱਖਾਂ ਬੋਲ ਪਈਆਂ ।ਬੁਲੀਆਂ ਤੇ ਬੱਲ ਆ ਆ. ਕੇ ਰੁਕੇ । ਚੁੰਨੀ ਸੀਨੇ ਤੇ ਆਣ ਕੇ ਰੁਕਣ ਲੱਗ ਪਈ, ਗੋਰੇ ਰੰਗ ਵਿਚ ਲਾਲੀਆਂ ਦੀਆਂ ਡਲ੍ਹਕਾਂ ਦੀ ਭਾਅ ਆਣ ਵੱਜੀ । ਘਰ ਵਾਲੇ ਦਲੀਲੀ ਆਣ ਜੁੜੇ ਪਰ ਚੁੱਪ ਸਨ । ਕੁੜੀ ਦੇ ਸੀਤੇ ਬੁਲ੍ਹਾਂ ਵਿਚੋਂ ਵੀ ਬੋਲ ਨਾ ਨਿਕਲੇ । ਮੋਹਰ ਲੱਗੀ ਹੋਈ ਸੀ ਸ਼ਰਮ, ਇੱਜ਼ਤ ਤੇ ਹੱਯਾ ਦੀ ।

ਤਾਏ-ਚਾਚੇ ਹੱਥਾਂ ਤੇ ਹੱਥ ਧਰ ਕੇ ਬਹਿ ਗਏ। ਪਿਓ ਦੀ ਪੱਗ ਦੇ ਵੱਟ ਢਿਲੇ ਜਿਹੇ ਹੋਣ ਲਗ ਪਏ । ਉਦਾਸੀਆਂ ਨੇ ਬੂਹੇ ਆਣ ਮੱਲੇ । ਰਾਹ ਲੱਭੋ ਨਾ ਖੈਹੜਾ, ਜਾਣ ਕਿਹੜੇ ਪਾਸੇ ? ਜਾਨ ਕੰਦਲ ਆ ਗਈ । ਭੁੱਖ ਮੁੱਕ ਗਈ । ਕੰਮ-ਕਾਜ ਤੋਂ ਮਨ ਉਕਤਾਇਆ, ਉਦਾਸੀਆਂ ਆਈਆਂ ਤੇ ਹੱਥ ਪੈਰ ਫੁੱਲੇ । ਬਗੈਰ ਕਿਸੇ ਮਰਚ ਤੋਂ ਈ ਬੀਮਾਰ ਹੋ ਗਏ । ਮੱਠਾ ਮੱਠਾ ਤਾਪ ਵੀ ਚੜ੍ਹ ਗਿਆ । ਚਿਹਰਾ ਉਡਿਆ । ਉਦਾਸੀਆਂ ਨੇ ਰਾਹ ਨਾ ਦੱਸਿਆ । ਭੰਬਲ ਭੂਸੇ ਵਿਚ ਪਾ ਦਿੱਤਾ । ਵਿਚਾਰਾਂ ਵਿਚ ਰਾਤ ਲੰਘ ਗਈ ਤੇ ਦਲੀਲਾਂ ਵਿਚ ਦਿਨ । ਧੀ ਦੀ ਗੱਲ ਨੂੰ ਕੁੰਜੇ ਨਹੀਂ ਸਨ ਪੈਣ ਦੇਣਾ ਚਾਹੁੰਦੇ ਹਵੇਲੀ ਵਾਲੇ ਪਰ ਬੋਲੇ ਤਾਂ ਸਹੀ ਉਹ ਜ਼ਰਾ। ਉਹਦੇ ਇਸ਼ਾਰੇ ਦਾ ਮਾੜਾ ਜਿਹਾ ਝਲਕਾਰਾ ਵੇਖਣਾ ਚਾਹੁੰਦੇ ਸਨ । ਉਹ ਸਭ ਕੁਝ ਵਾਰ ਦੇਂਦੇ ਮਾੜੀ ਜਿਹੀ ਗੱਲ ਤੋਂ ।

ਜਦ ਸਾਰੀਆਂ ਤਦਬੀਰਾਂ ਫੇਲ ਹੋ ਗਈਆਂ ਤਦ-  

ਇਕ ਦਿਨ ਮਾਂ ਤੇ ਧੀ ਸਲਾਹੀ ਪੈ ਗਈਆਂ। ਮਾਵਾਂ ਤੇ ਧੀਆਂ ਇਕ ਪੀੜ੍ਹੀ ਬੈਠਦੀਆਂ ਨੇਂ । ਸਾਂਝਾ ਢਿਡ-ਪੇਟ, ਗਲ-ਕੱਥ ਇਕੋ ਸੋਚ ਇਕੋ, ਨਿਸ਼ਾਨਾ ਇਕ, ਦਿਲ ਦੀ ਪੀੜ ਇਕੋ ਦਰਦ ਇਕ, ਇਕੋ ਮੰਜ਼ਲ ਤੇ ਦਿਕੋ ਰਾਹ !

ਧੀ ਆਖਣ ਲੱਗੀ, "ਮਾਂ ਮੈਂ ਆਪਣਾ ਵਰ ਚੁਣ ਲਿਆ ਏ ।"

53 / 121
Previous
Next